ਜਿਮਖਾਨਾ ''ਚ ਹੁਣ 2 ਕੈਟਰਰ ਕਰਨਗੇ ਕੰਮ

12/06/2019 12:10:43 PM

ਜਲੰਧਰ (ਖੁਰਾਣਾ): ਜਿਮਖਾਨਾ ਕਲੱਬ ਦੀ ਐਗਜ਼ੀਕਿਊਟਿਵ ਕਮੇਟੀ ਦੀ ਮੀਟਿੰਗ ਅੱਜ ਕਲੱਬ ਪ੍ਰਧਾਨ ਅਤੇ ਡਵੀਜ਼ਨਲ ਕਮਿਸ਼ਨਰ ਬੀ. ਪੁਰਸ਼ਾਰਥਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੈਕਟਰੀ ਤਰੁਣ ਸਿੱਕਾ, ਵਾਈਸ ਪ੍ਰੈਜ਼ੀਡੈਂਟ ਰਾਜੂ ਵਿਰਕ, ਜੁਆਇੰਟ ਸੈਕਟਰੀ ਸੌਰਵ ਖੁੱਲਰ ਅਤੇ ਕੈਸ਼ੀਅਰ ਅਮਿਤ ਕੁਕਰੇਜਾ ਤੋਂ ਇਲਾਵਾ ਐਗਜ਼ੀਕਿਊਟਿਵ ਟੀਮ ਦੇ ਮੈਂਬਰ ਸ਼ਾਲਿਨ ਜੋਸ਼ੀ, ਪ੍ਰੋ. ਝਾਂਜੀ, ਅਨੂ ਮਾਟਾ, ਜਗਜੀਤ ਸਿੰਘ ਕੰਬੋਜ, ਐਡਵੋਕੇਟ ਗੁਨਦੀਪ ਸਿੰਘ ਸੋਢੀ, ਐੱਮ. ਬੀ. ਬਾਲੀ, ਸੀ. ਏ. ਰਾਜੀਵ ਬਾਂਸਲ, ਹਰਪ੍ਰੀਤ ਸਿੰਘ ਗੋਲਡੀ, ਸੁਮਿਤ ਸ਼ਰਮਾ ਅਤੇ ਨਿਤਿਨ ਬਹਿਲ ਆਦਿ ਮੌਜੂਦ ਸਨ। ਮੀਟਿੰਗ ਦੌਰਾਨ ਜਿਥੇ ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਹੋਣ ਵਾਲੇ ਪ੍ਰੋਗਰਾਮ ਦੀ ਰੂਪ-ਰੇਖਾ 'ਤੇ ਚਰਚਾ ਕੀਤੀ ਗਈ, ਉਥੇ ਕਲੱਬ ਦੀ ਨਵੀਂ ਕੈਟਰਿੰਗ ਵਿਵਸਥਾ ਬਾਰੇ ਵੀ ਸਾਰਿਆਂ ਨੂੰ ਜਾਣਕਾਰੀ ਦਿੱਤੀ ਗਈ। ਫੈਸਲਾ ਲਿਆ ਗਿਆ ਕਿ ਹੁਣ ਕਲੱਬ ਦੀ ਕੈਟਰਿੰਗ 2 ਕੈਟਰਰਜ਼ ਦੇ ਹਵਾਲੇ ਹੋਵੇਗੀ ਅਤੇ ਦੋਵਾਂ ਨੂੰ ਵੰਡ ਕੇ ਕੰਮ ਅਲਾਟ ਕੀਤਾ ਜਾਵੇਗਾ। ਸਮਾਗਮਾਂ ਦੌਰਾਨ ਵੀ ਦੋਵੇਂ ਕੈਟਰਰ ਆਪੋ-ਆਪਣੀ ਵਾਰੀ ਦੇ ਹਿਸਾਬ ਨਾਲ ਕੈਟਰਿੰਗ ਕਰ ਸਕਣਗੇ।

ਜ਼ਿਕਰਯੋਗ ਹੈ ਕਿ ਕਲੱਬ ਵਿਚ ਪਹਿਲਾਂ ਤੋਂ ਰੂਫਟਾਪ ਰੈਸਟੋਰੈਂਟ ਅਤੇ ਫਾਈਨ ਡਾਈਨ ਰੈਸਟੋਰੈਂਟ ਡੇਨੇਵੋ ਕਲੱਬ ਦੇ ਹਵਾਲੇ ਹੈ ਪਰ ਪਿਛਲੇ ਦਿਨੀਂ ਕਲੱਬ ਦੇ ਮੇਨ ਰੈਸਟੋਰੈਂਟ ਲਈ ਪੈਟਲਸ ਨੂੰ ਕਾਂਟਰੈਕਟ ਅਲਾਟ ਕੀਤਾ ਗਿਆ ਸੀ। ਭਾਵੇਂ ਕੈਟਰਰ ਦੀ ਚੋਣ ਲਈ ਸਹੀ ਚੋਣ ਪ੍ਰਕਿਰਿਆ ਨਾ ਅਪਣਾਏ ਜਾਣ ਦੀ ਕੁਝ ਚਰਚਾ ਜ਼ਰੂਰ ਚੱਲੀ ਪਰ ਦਲੀਲ ਦਿੱਤੀ ਗਈ ਕਿ ਇਹ ਫੈਸਲਾ ਐਗਜ਼ੀਕਿਊਟਿਵ ਟੀਮ ਦੇ 7 ਮੈਂਬਰਾਂ ਵਲੋਂ ਮੌਕੇ 'ਤੇ ਜਾ ਕੇ ਕੀਤੀ ਗਈ ਚੋਣ, ਉਸ ਤੋਂ ਬਾਆਦ ਕਲੱਬ ਪ੍ਰਧਾਨ ਵਲੋਂ ਦਿੱਤੀ ਗਈ ਪ੍ਰਵਾਨਗੀ ਅਤੇ ਕੈਟਰਰ ਦੇ ਤਜਰਬੇ ਦੇ ਵੇਖ ਕੇ ਲਿਆ ਗਿਆ, ਜੋ ਕਲੱਬ ਦੇ ਿਹੱਤ ਵਿਚ ਹੈ। ਹੁਣ ਕਲੱਬ ਦੇ ਮੈਂਬਰਾਂ ਨੂੰ ਆਪਣੀ ਸਹੂਲਤ ਅਨੁਸਾਰ ਕਿਸੇ ਵੀ ਕੈਟਰਰ ਦੇ ਖਾਣੇ ਦਾ ਲੁਤਫ ਲੈਣ ਦੀ ਆਜ਼ਾਦੀ ਹੋਵੇਗੀ।

ਕਲੱਬ 'ਚ ਬਿੱਲੀਆਂ ਦੇ ਪਰਿਵਾਰ 'ਚ ਹੋਇਆ ਵਾਧਾ
ਜਿਮਖਾਨਾ ਕਲੱਬ ਵਿਚ ਜਿਥੇ 4500 ਦੇ ਕਰੀਬ ਮੈਂਬਰਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਹਨ, ਉਥੇ ਪਿਛਲੇ ਕਈ ਸਾਲਾਂ ਤੋਂ ਕਲੱਬ ਵਿਚ 2 ਜਾਂ 3 ਬਿੱਲੀਆਂ ਵੀ ਖਾਣ-ਪੀਣ ਦੀਆਂ ਸਹੂਲਤਾਂ ਦਾ ਮਜ਼ਾ ਲੈ ਰਹੀਆਂ ਸਨ। ਹੁਣ ਇਨ੍ਹਾਂ ਬਿੱਲੀਆਂ ਦੇ ਪਰਿਵਾਰ ਵਿਚ ਵਾਧਾ ਹੋਇਆ ਜਾਪਦਾ ਹੈ ਕਿਉਂਕਿ ਕਲੱਬ ਦੇ ਲਾਅਨ ਵਿਚ ਬਿੱਲੀਆਂ ਦੇ ਕਰੀਬ ਅੱਧੀ ਦਰਜਨ ਛੋਟੇ-ਛੋਟੇ ਬੱਚੇ ਅਠਖੇਲੀਆਂ ਕਰਦੇ ਨਜ਼ਰ ਆਉਂਦੇ ਹਨ। ਕਈ ਵਾਰ ਤਾਂ ਪੂਰਾ ਪਰਿਵਾਰ ਝੁੰਡ ਦੇ ਰੂਪ ਵਿਚ ਚੱਲਦਾ ਹੈ ਕਿਉਂਕਿ ਕੋਈ ਵੀ ਸਰਕਾਰੀ ਵਿਭਾਗ ਬਿੱਲੀਆਂ ਨੂੰ ਫੜਨ ਦੀ ਜ਼ਿੰਮੇਵਾਰੀ ਨਹੀਂ ਲੈਂਦਾ, ਇਸ ਲਈ ਕਲੱਬ ਮੈਨੇਜਮੈਂਟ ਆਪਣੇ ਕੰਪਲੈਕਸ ਵਿਚ ਬੇਪ੍ਰਵਾਹ ਹੋ ਕੇ ਘੁੰਮਦੀਆਂ ਬਿੱਲੀਆਂ ਦਾ ਕੋਈ ਇਲਾਜ ਨਹੀਂ ਕਰ ਪਾ ਰਹੀ। ਇਹ ਬਿੱਲੀਆਂ ਅਕਸਰ ਖਾਣ-ਪੀਣ ਦੇ ਟੇਬਲਾਂ 'ਤੇ ਚੜ੍ਹ ਜਾਂਦੀਆਂ ਹਨ ਅਤੇ ਉਥੇ ਬਰਤਨਾਂ ਆਦਿ ਨੂੰ ਚੱਟਦੀਆਂ ਹਨ ਅਤੇ ਬਚਿਆ-ਖੁਚਿਆ ਖਾਣਾ ਖਾ ਜਾਂਦੀਆਂ ਹਨ। ਕਈ ਵਾਰ ਤਾਂ ਸਮਾਗਮਾਂ ਦੌਰਾਨ ਇਹ ਬਿੱਲੀਆਂ ਧੜੱਲੇ ਨਾਲ ਮੈਂਬਰਾਂ ਦੀ ਪਲੇਟ ਵਿਚੋਂ ਖਾਣਾ ਤੱਕ ਚੁੱਕ ਕੇ ਭੱਜ ਜਾਂਦੀਆਂ ਹਨ।
 


Shyna

Content Editor

Related News