ਅਨਾਜ ਮੰਡੀ ’ਚ ਗੰਦਗੀ ਦੇ ਕਾਰਨ ਡੇਂਗੂ ਫੈਲਣ ਦਾ ਡਰ

10/18/2018 4:00:59 AM

ਰੂਪਨਗਰ,   (ਵਿਜੇ)-  ਨਵੀਂ ਅਨਾਜ ਮੰਡੀ ਰੂਪਨਗਰ ’ਚ ਕੂਡ਼ੇ ਦੇ ਢੇਰਾਂ ਅਤੇ ਗੰਦਗੀ ਦੇ ਕਾਰਨ ਪਣਪ ਰਹੇ ਮੱਛਰਾਂ ਤੋਂ ਕਿਸਾਨ, ਆਡ਼੍ਹਤੀ ਅਤੇ ਉਥੇ ਰਹਿੰਦੇ ਨਿਵਾਸੀ ਪ੍ਰੇਸ਼ਾਨ ਹਨ। ਜਿਨ੍ਹਾਂ ਨੂੰ ਡੇਂਗੂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਮੰਡੀ ਦੇ ਨਾਲ ਲੱਗਦੇ ਇਕ ਛੱਪਡ਼ ਨੂੰ ਤੁਰੰਤ ਭਰਿਆ ਜਾਵੇ ਤਾਂ ਕਿ ਉੱਥੇ ਮੱਛਰ ਨਾ ਫੈਲੇ।
 ਸਥਾਨਕ ਅਨਾਜ ਮੰਡੀ ’ਚ ਸਫਾਈ ਦੀ ਹਾਲਤ ਬਹੁਤ ਹੀ ਚਿੰਤਾਜਨਕ ਹੈ। ਉੱਥੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਉਥੇ ਇਕ ਛੱਪਡ਼ ਹੈ, ਜਿਸ ’ਚ ਹਰ ਸਮੇਂ ਗੰਦਾ ਪਾਣੀ ਜਮ੍ਹਾ ਰਹਿੰਦਾ ਹੈ ਅਤੇ ਉੱਥੇ ਮੱਛਰ ਪਣਪ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਹੁਣ ਮੰਡੀ ’ਚ ਫਸਲ ਰੱਖਣ ਲਈ ਕੋਈ ਸਥਾਨ ਨਹੀਂ ਬਚਿਆ ਕਿਉਂਕਿ ਲਿਫਟਿੰਗ ਬਹੁਤ ਹੌਲੀ ਚੱਲ ਰਹੀ ਹੈ। ਜੇਕਰ ਇਸ ਛੱਪਡ਼ ਨੂੰ ਪੱਕਾ ਕਰ ਦਿੱਤਾ ਜਾਵੇ ਤਾਂ ਉਥੇ ਜਗ੍ਹਾ ਵੀ ਵਧ ਜਾਵੇਗੀ ਅਤੇ ਸਫਾਈ ਵੀ ਹੋ ਜਾਵੇਗੀ। ਦੂਸਰੇ ਪਾਸੇ ਮੰਡੀ ਸੁਪਰਵਾਈਜ਼ਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਛੱਪਡ਼ ਦੇ ਬਾਰੇ ’ਚ ਮਤਾ ਪਾ ਕੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਭੇਜਿਆ ਜਾ ਚੁੱਕਾ ਹੈ। ਬਜਟ ਆਉਣ ’ਤੇ ਛੱਪਡ਼ ਦੀ ਜਗ੍ਹਾ ਨੂੰ ਪੱਕਾ ਕਰ ਦਿੱਤਾ ਜਾਵੇਗਾ।
 ਉਨ੍ਹਾਂ ਦੱਸਿਆ ਕਿ 1 ਲੱਖ 88 ਹਜ਼ਾਰ 674 ਬੋਰੀਆਂ ਝੋਨੇ ਦੀ ਖਰੀਦ ਹੋ ਚੁੱਕੀ ਹੈ। ਜਿਸ ’ਚ 1 ਲੱਖ 20 ਹਜ਼ਾਰ 666 ਬੋਰੀਆਂ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ। ਪਨਗ੍ਰੇਨ ਨੇ 65092 ਬੋਰੀਆਂ, ਮਾਰਕਫੈੱਡ ਨੇ 62262, ਪਨਸਪ ਨੇ 61230 ਬੋਰੀਆਂ ਦੀ ਖਰੀਦ ਕੀਤੀ ਗਈ ਹੈ। ਇਸ ਮੌਕੇ ਅਨਾਜ ਮੰਡੀ ਦੇ ਆਡ਼੍ਹਤੀ ਬਲਦੇਵ ਸਿੰਘ ਗਿੱਲ, ਨਿਰਮਲ ਸਿੰਘ, ਅਸ਼ੋਕ ਬਤਰਾ, ਧਰਮਿੰਦਰ ਕੁਮਾਰ ਬੰਟੀ ਅਤੇ ਗੌਰਵ ਕੋਹਲੀ ਆਡ਼੍ਹਤੀ ਮੌਜੂਦ ਸਨ।
 


Related News