ਨਿੱਜੀਕਰਨ ਖ਼ਿਲਾਫ਼ ਸਰਕਾਰੀ ਬੈਂਕਾਂ ਦੀ ਹੜਤਾਲ ਨਾਲ 1500 ਕਰੋੜ ਦਾ ਲੈਣ-ਦੇਣ ਠੱਪ

03/17/2021 10:44:22 AM

ਜਲੰਧਰ (ਪੁਨੀਤ)– ਸਰਕਾਰੀ ਬੈਂਕ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਸਫਲ ਰਹੀਆਂ, ਜਿਸ ਕਾਰਣ ਦੂਜੇ ਦਿਨ ਵੀ ਸਰਕਾਰੀ ਬੈਂਕਾਂ ਵਿਚ ਕੰਮਕਾਜ ਨਹੀਂ ਹੋਇਆ। 2 ਦਿਨਾਂ ਦੀ ਹੜਤਾਲ ਕਾਰਨ ਜਲੰਧਰ ਜ਼ਿਲ੍ਹੇ ਵਿਚ ਪੈਂਦੀਆਂ 750 ਬ੍ਰਾਂਚਾਂ ਬੰਦ ਰਹੀਆਂ ਅਤੇ 1500 ਕਰੋੜ ਦਾ ਲੈਣ-ਦੇਣ ਠੱਪ ਰਹਿਣ ਦਾ ਅੰਦਾਜਾ ਹੈ।
ਇਸ ਹੜਤਾਲ ਵਿਚ ਦੇਸ਼ ਦੇ 10 ਲੱਖ ਕਰਮਚਾਰੀਆਂ ਨੇ ਹਿੱਸਾ ਲਿਆ, ਜਦੋਂ ਕਿ ਜਲੰਧਰ ਜ਼ਿਲ੍ਹੇ ਦੇ 6 ਹਜ਼ਾਰ ਕਰਮਚਾਰੀਆਂ ਨੇ ਸ਼ਾਮਲ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਆਪਣੀ ਭੜਾਸ ਕੱਢੀ। ਬੁਲਾਰਿਆਂ ਨੇ ਕਿਹਾ ਕਿ ਇਹ ਹੜਤਾਲ ਇਕ ਚਿਤਾਵਨੀ ਹੈ। ਜੇਕਰ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਬੈਂਕਾਂ ਦੇ ਨਿੱਜੀਕਰਨ ਦੇ ਫੈਸਲੇ ਨੂੰ ਵਾਪਸ ਨਾ ਲਿਆ ਤਾਂ ਲੰਮੀ ਹੜਤਾਲ ਕੀਤੀ ਜਾਵੇਗੀ, ਜਿਸ ਦੇ ਲਈ ਕੇਂਦਰ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹੋਣਗੀਆਂ।

ਇਹ ਵੀ ਪੜ੍ਹੋ : ਬੀਬੀ ਬਾਦਲ ਦੀ ਸਰਕਾਰੀ ਰਿਹਾਇਸ਼ ਨੂੰ ਲੈ ਕੇ ਰਾਜਾ ਵੜਿੰਗ ਦੀ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਚਿੱਠੀ

ਹੜਤਾਲ ਕਾਰਨ 30 ਹਜ਼ਾਰ ਦੇ ਲਗਭਗ ਚੈੱਕ ਬੈਂਕਾਂ ਵਿਚ ਰੁਕੇ ਹੋਏ ਹਨ, ਜਿਨ੍ਹਾਂ ਦੀ ਕਲੀਅਰੈਂਸ ਨਹੀਂ ਹੋ ਸਕੀ। ਪੈਸੇ ਕਢਵਾਉਣ ਲਈ ਲੋਕਾਂ ਵੱਲੋਂ ਵੱਡੇ ਪੱਧਰ ’ਤੇ ਏ. ਟੀ. ਐੱਮਜ਼ ਦੀ ਵਰਤੋਂ ਕੀਤੀ ਗਈ, ਜਿਸ ਕਾਰਨ ਵਧੇਰੇ ਏ. ਟੀ. ਐੱਮਜ਼ ਵਿਚੋਂ ਕੈਸ਼ ਖਤਮ ਹੋਣ ਦੀਆਂ ਖਬਰਾਂ ਮਿਲੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕਈ ਏ. ਟੀ. ਐੱਮਜ਼ ਵਿਚ ਹੜਤਾਲ ਦੇ ਪਹਿਲੇ ਦਿਨ ਹੀ ਕੈਸ਼ ਖਤਮ ਹੋ ਗਿਆ ਸੀ।
ਏ. ਟੀ. ਐੱਮਜ਼ ਵਿਚ ਕੈਸ਼ ਨਾ ਹੋਣ ਕਾਰਣ ਵੱਡੀ ਗਿਣਤੀ ਲੋਕਾਂ ਹੱਥ ਨਿਰਾਸ਼ਾ ਲੱਗੀ ਅਤੇ ਉਨ੍ਹਾਂ ਨੂੰ ਬਿਨਾਂ ਕੈਸ਼ ਲਏ ਵਾਪਸ ਮੁੜਨਾ ਪਿਆ। ਇਸ ਹੜਤਾਲ ਦਾ ਅਸਰ ਪ੍ਰਾਈਵੇਟ ਬੈਂਕਾਂ ਵਿਚ ਵੀ ਦੇਖਣ ਨੂੰ ਮਿਲਿਆ ਕਿਉਂਕਿ ਇਨ੍ਹਾਂ ਵਿਚ ਸਰਕਾਰੀ ਬੈਂਕਾਂ ਨਾਲ ਸਬੰਧਤ ਜਿਹੜੇ ਚੈੱਕ ਆਏ ਸਨ, ਉਹ ਕਲੀਅਰੈਂਸ ਨਹੀਂ ਹੋ ਸਕੇ।

PunjabKesari

ਇਹ ਵੀ ਪੜ੍ਹੋ :  ‘ਚਿੱਟੇ’ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ, ਚੜ੍ਹਦੀ ਜਵਾਨੀ ’ਚ ਜਹਾਨੋਂ ਤੁਰ ਗਿਆ ਪੁੱਤ

ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੀ ਅਗਵਾਈ ਵਿਚ ਕੀਤੀ ਜਾ ਰਹੀ ਇਸ ਹੜਤਾਲ ਦੌਰਾਨ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਕੇਂਦਰ ਸਰਕਾਰ ਖ਼ਿਲਾਫ਼ ਵਿਸ਼ਾਲ ਪ੍ਰਦਰਸ਼ਨ ਕੀਤੇ ਗਏ। ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਕਿਹਾ ਕਿ ਸਰਕਾਰ ਵੱਲੋਂ ਜਿਹੜੇ ਫੈਸਲੇ ਲਏ ਜਾ ਰਹੇ ਹਨ, ਉਨ੍ਹਾਂ ਦਾ ਅਸਰ ਬੈਂਕ ਕਰਮਚਾਰੀਆਂ ਦੇ ਨਾਲ-ਨਾਲ ਆਮ ਜਨਤਾ ’ਤੇ ਵੀ ਪਵੇਗਾ। ਇਸ ਮੌਕੇ ਕਾਮਰੇਡ ਅੰਮ੍ਰਿਤ ਲਾਲ, ਦਿਨੇਸ਼ ਡੋਗਰਾ, ਸੰਜੀਵ ਭੱਲਾ, ਵਿਨੇ ਡੋਗਰਾ, ਦਲਜੀਤ ਕੌਰ, ਰਾਜੇਸ਼ ਵਰਮਾ, ਵਿਨੋਦ ਸ਼ਰਮਾ ਅਤੇ ਪਵਨ ਬੱਸੀ ਨੇ ਕਿਹਾ ਕਿ ਬੈਂਕਾਂ ਦਾ ਨਿੱਜੀਕਰਨ ਕਿਸੇ ਵੀ ਸੂਰਤ ਵਿਚ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੂੰ ਜੇਕਰ ਕਿਸਾਨ ਅੰਦੋਲਨ ਦੀ ਤਰਜ਼ ’ਤੇ ਸੰਘਰਸ਼ ਕਰਨ ਦੀ ਲੋੜ ਪਈ ਤਾਂ ਉਹ ਪਿੱਛੇ ਨਹੀਂ ਹਟਣਗੇ। ਵੱਖ-ਵੱਖ ਥਾਵਾਂ ’ਤੇ ਕੀਤੇ ਗਏ ਪ੍ਰਦਰਸ਼ਨ ਦੌਰਾਨ ਰੋਸ ਪ੍ਰਗਟ ਕਰਨ ਵਾਲਿਆਂ ਵਿਚ ਯੂਨੀਅਨ ਬੈਂਕ ਦੇ ਸਵਰਨ ਦਾਸ, ਆਰ. ਕੇ. ਜੌਲੀ, ਪ੍ਰੇਮ ਕੁਮਾਰ, ਵਿਜੇ ਸਾਹਿਲ, ਆਸ਼ੂਤੋਸ਼ ਐਂਗਰਿਸ਼, ਰਮਿੰਦਰ ਸਿੰਘ, ਹਰੀਸ਼ ਬੇਰੀ ਅਤੇ ਇੰਡੀਅਨ ਓਵਰਸੀਜ਼ ਬੈਂਕ ਦੇ ਰਾਜੇਸ਼ ਮੋਹਨ ਬਜਾਜ, ਰਵਿੰਦਰ ਕੁਮਾਰ ਪਾਂਡੇ, ਮਨਜੀਤ ਸਿੰਘ, ਕੰਬੋਜ ਕੁਮਾਰ, ਕਰਤਾਰ ਸਿੰਘ, ਕੇਸ਼ਵ, ਅਨਿਲ, ਰੋਹਿਤ, ਕੁਲਬੀਰ, ਪਰਮਿੰਦਰ, ਆਸ਼ੀਸ਼, ਅਸ਼ਵਨੀ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ :  ਕੋਰੋਨਾ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਦੀ ਸਖ਼ਤੀ, ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਲਈ ਦਿੱਤੇ ਇਹ ਹੁਕਮ

ਕੰਮਕਾਜ ਆਮ ਵਾਂਗ ਹੋਣ ਵਿਚ ਅਜੇ ਲੱਗਣਗੇ 1-2 ਦਿਨ
ਬੈਂਕਾਂ ਵਿਚ ਪਿਛਲੇ 4 ਦਿਨਾਂ ਤੋਂ ਕੰਮਕਾਜ ਨਹੀਂ ਹੋ ਸਕਿਆ ਕਿਉਂਕਿ 13 ਮਾਰਚ ਨੂੰ ਦੂਜੇ ਸ਼ਨੀਵਾਰ ਦੀ ਛੁੱਟੀ ਸੀ। ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਤੋਂ ਬਾਅਦ ਸੋਮਵਾਰ ਨੂੰ ਬੈਂਕ ਖੁੱਲ੍ਹਣੇ ਸਨ ਪਰ 15 ਤੇ 16 ਦੀ ਹੜਤਾਲ ਕਾਰਣ ਬੈਂਕਾਂ ਵਿਚ ਕੰਮਕਾਜ ਨਹੀਂ ਹੋ ਸਕਿਆ। ਇਨ੍ਹਾਂ 4 ਦਿਨਾਂ ਦਾ ਕੰਮ ਪੈਂਡਿੰਗ ਪਿਆ ਹੈ। ਬੁੱਧਵਾਰ ਨੂੰ ਖੁੱਲ੍ਹਣਗੇ ਪਰ 4 ਦਿਨਾਂ ਦੇ ਕੰਮਕਾਜ ਦਾ ਲੋਡ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਕੰਮਕਾਜ ਨੂੰ ਆਮ ਵਾਂਗ ਹੋਣ ਵਿਚ 1-2 ਦਿਨਾਂ ਦਾ ਸਮਾਂ ਲੱਗੇਗਾ। ਇਸ ਸਬੰਧੀ ਸਿਰਫ ਉਨ੍ਹਾਂ ਲੋਕਾਂ ਨੂੰ ਬੈਂਕ ਜਾਣਾ ਚਾਹੀਦਾ ਹੈ, ਜਿਨ੍ਹਾਂ ਦਾ ਬਹੁਤ ਜ਼ਰੂਰੀ ਕੰਮ ਹੋਵੇ। ਪਾਸਬੁੱਕ ’ਤੇ ਐਂਟਰੀ ਕਰਵਾਉਣ ਸਮੇਤ ਜਿਹੜੇ ਕੰਮ ਜ਼ਰੂਰੀ ਨਹੀਂ ਹਨ, ਉਨ੍ਹਾਂ ਲਈ 1-2 ਦਿਨਾਂ ਬਾਅਦ ਜਾਣਾ ਹੀ ਬਿਹਤਰ ਹੋਵੇਗਾ।

ਇਹ ਵੀ ਪੜ੍ਹੋ :  PSEB ਦਾ ਵੱਡਾ ਫ਼ੈਸਲਾ: ਪੰਜਾਬ ਦੀਆਂ ਬੋਰਡ ਪ੍ਰੀਖਿਆਵਾਂ ਇਕ ਮਹੀਨੇ ਲਈ ਕੀਤੀਆਂ ਮੁਲਤਵੀ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News