ਫਰਾਡ ਟ੍ਰੈਵਲ ਏਜੰਟ ਕਪਿਲ ਸ਼ਰਮਾ ਵਲੋਂ ਠੱਗੇ ਲੋਕਾਂ ''ਚ ਜਗੀ ਆਸ
Wednesday, Sep 11, 2019 - 01:18 PM (IST)
ਜਲੰਧਰ (ਜ.ਬ.)— ਫਰਾਡ ਇਮੀਗ੍ਰੇਸ਼ਨ ਏਜੰਟ ਕਪਿਲ ਸ਼ਰਮਾ ਵੱਲੋਂ ਠੱਗੇ ਗਏ ਲੋਕਾਂ 'ਚ ਇਕ ਵਾਰ ਫਿਰ ਇਕ ਨਵੀਂ ਆਸ ਜਗੀ ਹੈ। ਇਸ ਆਸ ਦਾ ਕਾਰਨ ਨਵ-ਨਿਯੁਕਤ ਡੀ. ਸੀ. ਪੀ. ਨਰੇਸ਼ ਡੋਗਰਾ ਹਨ। ਡੀ. ਸੀ. ਪੀ. ਨਰੇਸ਼ ਡੋਗਰਾ ਪਹਿਲਾਂ ਵੀ ਜਲੰਧਰ 'ਚ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਪੀੜਤ ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਭਤੀਜੀ ਨੂੰ ਵਿਦੇਸ਼ ਭੇਜਣ ਲਈ ਲੋਨ 'ਤੇ ਪੈਸੇ ਲਏ ਸੀ, ਨਾ ਹੀ ਭਤੀਜੀ ਵਿਦੇਸ਼ ਗਈ ਅਤੇ ਨਾ ਹੀ ਮੁਲਜ਼ਮ ਨੇ ਪੈਸੇ ਵਾਪਸ ਕੀਤੇ। ਜਸਪ੍ਰੀਤ ਨੇ ਕਿਹਾ ਕਿ ਉਹ ਜਲਦ ਹੀ ਡੀ. ਸੀ. ਪੀ. ਨਰੇਸ਼ ਡੋਗਰਾ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਪਹਿਲ ਦੇ ਆਧਾਰ 'ਤੇ ਉਨ੍ਹਾਂ ਦੀ ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਹੁਣ ਤਕ ਮੁਲਜ਼ਮ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਅਨੀਤਾ ਸ਼ਰਮਾ ਖਿਲਾਫ 31 ਮਾਮਲੇ ਦਰਜ ਹਨ। ਮਾਮਲੇ 'ਚ ਹੁਣ ਤਕ ਸਿਰਫ ਕਪਿਲ ਸ਼ਰਮਾ ਤੇ ਉਸ ਦੀ ਮਾਤਾ ਪਿੰਕੀ ਸ਼ਰਮਾ ਦੀ ਹੀ ਗ੍ਰਿਫਤਾਰੀ ਹੋਈ ਹੈ, ਹੋਰ ਮੁਲਜ਼ਮ ਅਜੇ ਪੁਲਸ ਦੀ ਪਕੜ ਤੋਂ ਬਾਹਰ ਹਨ। ਮਾਮਲੇ 'ਚ ਪੁਲਸ ਨੇ ਕਪਿਲ ਦੇ ਦਫਤਰ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਨਾਮਜ਼ਦ ਕੀਤਾ ਸੀ ਪਰ ਇਹ ਸਾਰੇ ਮੁਲਜ਼ਮ ਅਜੇ ਪੁਲਸ ਦੀ ਪਕੜ ਤੋਂ ਬਾਹਰ ਹਨ।
ਲੋਕਾਂ ਤੋਂ ਪੈਸੇ ਠੱਗ ਕੇ ਚੰਡੀਗੜ੍ਹ ਅਤੇ ਮੁੰਬਈ 'ਚ ਕਰਦਾ ਸੀ ਇਨਵੈਸਟ
ਕਪਿਲ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਪੈਸੇ ਠੱਗ ਕੇ ਪ੍ਰਾਪਰਟੀ 'ਚ ਇਨਵੈਸਟ ਕਰਦਾ ਸੀ। ਮੁਲਜ਼ਮ ਨੇ ਉਕਤ ਦੋਵੇਂ ਜਗ੍ਹਾ 'ਤੇ ਕਰੋੜਾਂ ਦੀ ਪ੍ਰਾਪਰਟੀ ਬਣਾਈ ਹੋਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਪਿਲ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਉਸ 'ਤੇ ਇੰਨੇ ਮੁਕੱਦਮੇ ਦਰਜ ਹੋ ਜਾਣਗੇ। ਬੁਰੀ ਤਰ੍ਹਾਂ ਫਸਿਆ ਕਪਿਲ ਹੁਣ ਇਨ੍ਹਾਂ ਪ੍ਰਾਪਰਟੀਆਂ ਨੂੰ ਵੇਚਣ ਦੀ ਫਿਰਾਕ 'ਚ ਹੈ। ਪੀੜਤਾਂ ਦਾ ਕਹਿਣਾ ਹੈ ਕਿ ਪੁਲਸ ਕਪਿਲ ਵਲੋਂ ਖਰੀਦੀਆਂ ਗਈਆਂ ਪ੍ਰਾਪਰਟੀਆਂ 'ਤੇ ਨਜ਼ਰ ਰੱਖੇ। ਮੁਲਜ਼ਮ ਬਹੁਤ ਸ਼ਾਤਰ ਹੈ ਅਤੇ ਕਿਸੇ ਵੀ ਸਮੇਂ ਇਨ੍ਹਾਂ ਪ੍ਰਾਪਰਟੀਆਂ ਦਾ ਸੌਦਾ ਕਰ ਸਕਦਾ ਹੈ।