ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ ਫਰਜ਼ੀ ਟਰੈਵਲ ਏਜੰਟਾਂ ਖ਼ਿਲਾਫ਼ ਮਾਮਲੇ ਦਰਜ
12/04/2022 5:28:36 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਪੁਲਸ ਨੇ ਮਿਆਣੀ ਅਤੇ ਟਾਂਡਾ ਵਾਸੀ ਦੋ ਵਿਆਕਤੀਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਉਨ੍ਹਾਂ ਨਾਲ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿਚ ਫਰਜ਼ੀ ਟਰੈਵਲ ਏਜੰਟਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ। ਥਾਣਾ ਮੁਖੀ ਟਾਂਡਾ ਐੱਸ. ਆਈ. ਮਲਕੀਅਤ ਸਿੰਘ ਨੇ ਦੱਸਿਆ ਕਿ ਪਹਿਲਾ ਮਾਮਲਾ ਠੱਗੀ ਦਾ ਸ਼ਿਕਾਰ ਹੋਏ ਪ੍ਰਦੀਪ ਕੁਮਾਰ ਪੁੱਤਰ ਵਿਨੋਦ ਕੁਮਾਰ ਵਾਸੀ ਵਾਰਡ ਨੰਬਰ 9 ਟਾਂਡਾ ਦੀ ਸ਼ਿਕਾਇਤ ਦੇ ਆਧਾਰ 'ਤੇ ਕੌਸ਼ਿਕ ਸ਼ਰਮਾ ਪੁੱਤਰ ਕੇ. ਕੇ. ਸ਼ਰਮਾ ਅਤੇ ਉਸ ਦੀ ਪਤਨੀ ਅਰਾਧਨਾ ਵਾਸੀ ਰੇਲਵੇ ਰੋਡ ਨੇੜੇ ਗੁਰਦੁਆਰਾ ਸਾਹਿਬ ਹੁਸ਼ਿਆਰਪੁਰ ਖ਼ਿਲਾਫ਼ ਦਰਜ ਕੀਤਾ ਹੈ।
ਆਪਣੇ ਬਿਆਨ ਵਿਚ ਪ੍ਰਦੀਪ ਨੇ ਦੋਸ਼ ਲਾਇਆ ਕਿ ਉਕਤ ਮੁਲਜਮਾਂ ਨੇ ਉਸ ਨੂੰ, ਉਸ ਦੀ ਪਤਨੀ ਅਤੇ ਬੇਟੀ ਰੀਤਿਕਾ ਨੂੰ ਕੈਨੇਡਾ ਟੂਰਿਸਟ ਵੀਜ਼ੇ ਰਾਹੀਂ ਭੇਜਣ ਦਾ ਝਾਂਸਾ ਦੇ ਕੇ 14 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਡੀ. ਐੱਸ. ਪੀ. ਟਾਂਡਾ ਕੁਲਵੰਤ ਸਿੰਘ ਵੱਲੋਂ ਕੀਤੀ ਜਾਂਚ ਤੋਂ ਬਾਅਦ ਇਹ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਐੱਸ. ਆਈ. ਪਰਵਿੰਦਰ ਸਿੰਘ ਮਾਮਲੇ ਨੂੰ ਵੇਖਣਗੇ |
ਇਹ ਵੀ ਪੜ੍ਹੋ : ਨਸ਼ੇ ਦੇ ਖ਼ਿਲਾਫ਼ ਮਿਸਾਲ ਬਣ ਕੇ ਉਭਰਿਆ ਜਲੰਧਰ ਦਾ ਪਿੰਡ ਰਾਣੀ ਭੱਟੀ, ਹੋ ਰਹੀਆਂ ਨੇ ਹਰ ਪਾਸੇ ਤਾਰੀਫ਼ਾਂ
ਇਸੇ ਤਰਾਂ ਦੂਜਾ ਮਾਮਲਾ ਪੰਕਜ ਪੁੱਤਰ ਰਾਜ ਕੁਮਾਰ ਵਾਸੀ ਵਾਰਡ ਨੰਬਰ 5 ਮਿਆਣੀ ਦੀ ਸ਼ਿਕਾਇਤ ਦੇ ਆਧਾਰ 'ਤੇ ਜਰਨੈਲ ਸਿੰਘ ਉਰਫ਼ ਰਾਜੂ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਡੂਮਾਨਾ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਆਪਣੇ ਬਿਆਨ ਵਿਚ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਮੁਲਜ਼ਮ ਨੇ ਉਸ ਦੇ ਭਰਾ ਜਸਕਰਨ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 6 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੰਕਜ ਦੇ ਦੱਸਿਆ ਕਿ ਉਕਤ ਮੁਲਜ਼ਮ ਨੇ ਉਸ ਦੇ ਭਰਾ ਨੂੰ ਅਮਰੀਕਾ ਭੇਜਣ ਦੇ ਬਜਾਏ ਅਫਰੀਕਾ ਦੇ ਦੇਸ਼ਾਂ ਅਤੇ ਬਾਅਦ ਵਿਚ ਦੁਬਈ ਪਹੁੰਚਾ ਦਿੱਤਾ, ਜਿੱਥੋਂ ਉਨ੍ਹਾਂ ਆਪਣਾ ਖ਼ਰਚ ਕਰਕੇ ਉਸ ਨੂੰ ਵਾਪਸ ਮੰਗਵਾਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣੇਦਾਰ ਗੁਰਮੀਤ ਸਿੰਘ ਮਾਮਲੇ ਸੰਬੰਧੀ ਅਗਲੇਰੀ ਕਾਰਵਾਈ ਕਰ ਰਹੇ ਹਨ।
ਇਹ ਵੀ ਪੜ੍ਹੋ : ਜਲੰਧਰ: ਰਾਕੇਸ਼ ਰਾਠੌਰ ਸਾਬਿਤ ਹੋਏ ਲੰਬੀ ਪਾਰੀ ਦੇ ਖਿਡਾਰੀ, ਤੀਜੀ ਵਾਰ ਮਿਲੀ ਸੂਬਾ ਉੱਪ ਪ੍ਰਧਾਨ ਦੀ ਜ਼ਿੰਮੇਵਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।