ਇੰਗਲੈਂਡ ''ਚ ਪੱਕਾ ਕਰਵਾਉਣ ਦੇ ਨਾਂ ''ਤੇ ਸਾਢੇ 11 ਲੱਖ ਰੁਪਏ ਦੀ ਠੱਗੀ

01/11/2020 10:46:30 AM

ਜਲੰਧਰ (ਮਹੇਸ਼)— ਜ਼ਿਲਾ ਦਿਹਾਤ ਦੇ ਥਾਣਾ ਪਤਾਰਾ ਅਧੀਨ ਆਉਂਦੇ ਪਿੰਡ ਮੁਜ਼ੱਫਰਪੁਰ ਵਾਸੀ ਹਰਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਨੂੰ ਇੰਗਲੈਂਡ 'ਚ ਪੱਕਾ ਕਰਵਾਉਣ ਦੇ ਨਾਂ 'ਤੇ ਸਾਢੇ 11 ਲੱਖ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਥਾਣਾ ਪਤਾਰਾ 'ਚ ਪੁਲਸ ਨੇ ਮੁਲਜ਼ਮ ਟਰੈਵਲ ਏਜੰਟ ਪਤੀ-ਪਤਨੀ ਅਵਤਾਰ ਸਿੰਘ ਮੁੰਡੀ ਪੁੱਤਰ ਜਰਨੈਲ ਸਿੰਘ ਅਤੇ ਬਲਦੀਪ ਕੌਰ ਪਤਨੀ ਅਵਤਾਰ ਸਿੰਘ ਮੁੰਡੀ ਵਾਸੀ ਪੰਜਾਬੀ ਬਾਗ ਥਾਣਾ ਮਕਸੂਦਾਂ, ਦਿਹਾਤ ਪੁਲਸ ਜਲੰਧਰ ਖਿਲਾਫ ਆਈ. ਪੀ. ਸੀ. ਦੀ ਧਾਰਾ 420 ਅਤੇ 120-ਬੀ ਦੇ ਤਹਿਤ ਮੁਕੱਦਮਾ ਨੰ. 2 ਦਰਜ ਕਰ ਲਿਆ ਹੈ।

ਮਾਮਲੇ ਦੀ ਜਾਂਚ ਕਰ ਰਹੇ ਥਾਣਾ ਪਤਾਰਾ ਦੇ ਏ. ਐੱਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਮੁਜ਼ੱਫਰਪੁਰ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪੁੱਤਰ ਹਰਵਿੰਦਰ ਸਿੰਘ 9 ਸਾਲ ਪਹਿਲਾਂ 2011 'ਚ ਇੰਗਲੈਂਡ ਗਿਆ ਸੀ। ਉਸ ਨੇ ਉਥੇ ਪੱਕਾ ਹੋਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਪੱਕਾ ਨਹੀਂ ਹੋ ਸਕਿਆ। ਇਸ ਕਾਰਨ ਉਹ 9 ਸਾਲ ਤੋਂ ਉਨ੍ਹਾਂ ਨੂੰ ਵੀ ਨਹੀਂ ਮਿਲਣ ਆਇਆ। ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਰਿਸ਼ਤੇਦਾਰ ਇਕ ਔਰਤ ਨੇ ਉਨ੍ਹਾਂ ਦੀ ਮੁਲਾਕਾਤ ਅਵਤਾਰ ਸਿੰਘ ਮੁੰਡੀ ਅਤੇ ਉਸ ਦੀ ਪਤਨੀ ਬਲਦੀਪ ਕੌਰ ਨਾਲ ਕਰਵਾਈ ਅਤੇ ਕਿਹਾ ਕਿ ਉਹ ਹਰਵਿੰਦਰ ਸਿੰਘ ਨੂੰ ਇੰਗਲੈਂਡ 'ਚ ਪੱਕਾ ਕਰਵਾ ਦੇਣਗੇ।

ਗੁਰਦੀਪ ਨੇ ਦੱਸਿਆ ਕਿ ਉਹ ਆਪਣੀ ਰਿਸ਼ਤੇਦਾਰ ਔਰਤ ਨੂੰ ਨਾਲ ਲੈ ਕੇ ਮੁੰਡੀ ਅਤੇ ਉਸ ਦੀ ਪਤਨੀ ਨੂੰ ਮਿਲੇ। ਉਨ੍ਹਾਂ ਨੇ ਉਨ੍ਹਾਂ ਤੋਂ ਹਰਵਿੰਦਰ ਨੂੰ ਇੰਗਲੈਂਡ 'ਚ ਪੱਕਾ ਕਰਵਾਉਣ ਦੇ ਬਦਲੇ 'ਚ 25 ਲੱਖ ਰੁਪਏ ਮੰਗੇ ਅਤੇ 23 ਲੱਖ ਰੁਪਏ ਦੇਣੇ ਤੈਅ ਹੋਏ, ਜਿਸ 'ਚੋਂ ਅੱਧੇ ਪੈਸੇ ਸਾਢੇ 11 ਲੱਖ ਰੁਪਏ ਮੁਲਜ਼ਮਾਂ ਨੇ ਉਨ੍ਹਾਂ ਤੋਂ ਐਡਵਾਂਸ ਲੈ ਲਏ ਅਤੇ ਬਾਕੀ ਦੇ ਸਾਢੇ 11 ਲੱਖ ਰੁਪਏ ਕੰਮ ਹੋਣ 'ਤੇ ਉਨ੍ਹਾਂ ਨੇ ਮੁੰਡੀ ਨੂੰ ਦੇਣੇ ਸਨ। ਗੁਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਕੰਮ ਉਕਤ ਪਤੀ-ਪਤਨੀ ਨੇ ਨਹੀਂ ਕਰਵਾਇਆ ਤਾਂ ਉਨ੍ਹਾਂ ਨੂੰ ਆਪਣੇ ਦਿੱਤੇ ਹੋਏ ਸਾਢੇ 11 ਲੱਖ ਰੁਪਏ ਵਾਪਸ ਕਰਨ ਲਈ ਕਿਹਾ। ਮੁਲਜ਼ਮਾਂ ਨੇ ਉਨ੍ਹਾਂ ਦੇ ਪੈਸੇ ਇਕ ਮਹੀਨੇ 'ਚ ਵਾਪਸ ਦੇਣ ਦੀ ਗੱਲ ਕਹੀ ਸੀ ਪਰ 7 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਪੈਸੇ ਨਹੀਂ ਮਿਲੇ।

ਥਾਣਾ ਪਤਾਰਾ ਦੀ ਪੁਲਸ ਨੇ ਪੀੜਤ ਪਰਿਵਾਰ ਵੱਲੋਂ ਦਿੱਤੀ ਸ਼ਿਕਾਇਤ ਦੀ ਐੱਸ. ਪੀ. ਹੈੱਡ ਕੁਆਰਟਰ ਜਲੰਧਰ ਦਿਹਾਤੀ ਵਲੋਂ ਕੀਤੀ ਜਾਂਚ ਦੇ ਆਧਾਰ 'ਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ। ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਉਨ੍ਹਾਂ ਦੇ ਘਰ 'ਚ ਛਾਪੇਮਾਰੀ ਕੀਤੀ ਗਈ ਹੈ ਪਰ ਉਹ ਘਰੋਂ ਭੱਜੇ ਹੋਏ ਹਨ। ਹੁਣ ਤੱਕ ਦੀ ਜਾਂਚ 'ਚ ਪਤਾ ਲੱਗਾ ਹੈ ਕਿ ਮੁੰਡੀ ਅਤੇ ਉਸ ਦੀ ਪਤਨੀ 'ਤੇ ਪਹਿਲਾਂ ਵੀ ਠੱਗੀ ਦੇ ਕਈ ਮਾਮਲੇ ਦਰਜ ਹਨ। ਆਈ. ਓ. ਨਿਰਮਲ ਸਿੰਘ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ ਉਨ੍ਹਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੇ ਫੜੇ ਜਾਣ 'ਤੇ ਜਦੋਂ ਮਾਮਲਾ ਉਨ੍ਹਾਂ ਕੋਲ ਆਵੇਗਾ ਤਾਂ ਉਦੋਂ ਉਹ ਦੱਸ ਸਕਣਗੇ ਕਿ ਉਨ੍ਹਾਂ 'ਤੇ ਪਹਿਲਾਂ ਕਿੰਨੇ ਮਾਮਲੇ ਦਰਜ ਹਨ।


shivani attri

Content Editor

Related News