ਅਮਰੀਕਾ ਦੀ ਜਗ੍ਹਾ ਭੇਜਿਆ ਮੈਕਸਿਕੋ, ਮਾਰੀ 24 ਲੱਖ ਦੀ ਠੱਗੀ

Saturday, Jul 20, 2019 - 01:24 PM (IST)

ਅਮਰੀਕਾ ਦੀ ਜਗ੍ਹਾ ਭੇਜਿਆ ਮੈਕਸਿਕੋ, ਮਾਰੀ 24 ਲੱਖ ਦੀ ਠੱਗੀ

ਕਪੂਰਥਲਾ (ਭੂਸ਼ਣ)— ਅਮਰੀਕਾ ਦੀ ਜਗ੍ਹਾ ਮੈਕਸੀਕੋ ਭੇਜ ਕੇ 24 ਲੱਖ ਦੀ ਰਕਮ ਠੱਗਣ ਦੇ ਦੋਸ਼ 'ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਇਕ ਮੁਲਜ਼ਮ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ, ਫਿਲਹਾਲ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ ਹਰਭਜਨ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਭੰਡਾਲ ਬੇਟ ਕਪੂਰਥਲਾ ਨੇ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਦਾ ਲੜਕਾ ਗੁਰਜੀਤ ਸਿੰਘ ਅਮਰੀਕਾ ਜਾਣਾ ਚਾਹੁੰਦਾ ਸੀ। ਜਿਸ ਕਾਰਨ ਉਸ ਨੇ ਇਕ ਟ੍ਰੈਵਲ ਏਜੰਟ ਗੁਰਮੀਤ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਮੁਹੱਲਾ ਅਜੀਤ ਨਗਰ ਕਪੂਰਥਲਾ ਨਾਲ ਸੰਪਰਕ ਕੀਤਾ। ਜਿਸ ਨੇ ਉਸ ਦੇ ਲੜਕੇ ਗੁਰਜੀਤ ਸਿੰਘ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 24 ਲੱਖ ਰੁਪਏ 'ਚ ਸੌਦਾ ਤੈਅ ਕਰ ਲਿਆ। ਇਸ ਤੋਂ ਬਾਅਦ ਉਸ ਨੇ 2 ਜੁਲਾਈ 2014 ਨੂੰ ਇਕ ਲੱਖ ਰੁਪਏ ਦੀ ਨਕਦ ਅਤੇ ਆਪਣੇ ਲੜਕੇ ਗੁਰਜੀਤ ਸਿੰਘ ਦਾ ਪਾਸਪੋਰਟ ਮੁਲਜ਼ਮ ਗੁਰਮੀਤ ਸਿੰਘ ਨੂੰ ਦੇ ਦਿੱਤਾ। ਜਿਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਦੱਸਿਆ ਕਿ ਉਹ ਉਸ ਦੇ ਲੜਕੇ ਨੂੰ ਅਮਰੀਕਾ ਭੇਜ ਰਿਹਾ ਹੈ। ਜਿਸ ਨੂੰ ਲੈ ਕੇ ਉਸ ਨੇ 16 ਜੁਲਾਈ 2014 ਨੂੰ 9 ਲੱਖ ਰੁਪਏ ਦੀ ਨਕਦੀ ਮੁਲਜ਼ਮ ਗੁਰਮੀਤ ਸਿੰਘ ਨੂੰ ਦੇ ਦਿੱਤੀ, ਫਿਰ ਉਸ ਦੇ ਬਾਅਦ ਮੁਲਜ਼ਮ ਨੇ ਉਸ ਦੇ ਲੜਕੇ ਗੁਰਜੀਤ ਸਿੰਘ ਦੀ ਫਲਾਈਟ ਦਿੱਲੀ ਤੋਂ ਵੀਅਤਨਾਮ ਲਈ ਕਰਵਾ ਦਿੱਤੀ ਅਤੇ ਬਾਅਦ 'ਚ ਮੁਲਜ਼ਮ ਨੇ ਉਸ ਦੇ ਲੜਕੇ ਦੀ ਫਲਾਈਟ ਵੀਅਤਨਾਮ ਤੋਂ ਕੰਬੋਡੀਆ ਲਈ ਕਰਵਾ ਦਿੱਤੀ। ਫਿਰ ਮੁਲਜ਼ਮ ਨੇ ਉਸਾਨੂੰ ਦੱਸਿਆ ਕਿ ਉਸ ਦਾ ਲੜਕਾ ਮੈਕਸੀਕੋ ਪਹੁੰਚ ਗਿਆ ਹੈ, ਉਹ ਹੁਣ ਉਸ ਨੂੰ ਮੈਕਸੀਕੋ ਤੋਂ ਅਮਰੀਕਾ ਭੇਜ ਦੇਵੇਗਾ।

ਸ ਤਰ੍ਹਾਂ ਝਾਂਸਾ ਦਿੰਦੇ ਹੋਏ ਮੁਲਜ਼ਮ ਟ੍ਰੈਵਲ ਏਜੰਟ ਨੇ ਉਸ ਤੋਂ 14 ਲੱਖ ਰੁਪਏ ਦੀ ਹੋਰ ਨਕਦੀ ਸਾਲ 2015 'ਚ ਲੈ ਲਈ। ਇਸ ਤਰ੍ਹਾਂ ਕੁਲ 24 ਲੱਖ ਰੁਪਏ ਦੀ ਰਕਮ ਲੈਣ ਤੋਂ ਬਾਅਦ ਵੀ ਉਸ ਦੇ ਬੇਟੇ ਨੂੰ ਅਮਰੀਕਾ ਨਹੀਂ ਭੇਜਿਆ। ਜਿਸ ਦੌਰਾਨ ਉਸ ਦਾ ਪੁੱਤਰ ਕਾਫੀ ਤੰਗ ਪ੍ਰੇਸ਼ਾਨ ਰਿਹਾ ਅਤੇ ਉਹ ਦੁਖੀ ਹੋ ਕੇ ਸਾਲ 2015 'ਚ ਭਾਰਤ ਵਾਪਸ ਆ ਗਿਆ । ਉਨ੍ਹਾਂ ਨੇ ਜਦੋਂ ਪੰਚਾਇਤ ਨੂੰ ਨਾਲ ਲੈ ਕੇ ਮੁਲਜ਼ਮ ਗੁਰਮੀਤ ਸਿੰਘ 'ਤੇ 24 ਲੱਖ ਰੁਪਏ ਵਾਪਸ ਕਰਨ ਦਾ ਦਬਾਅ ਪਾਇਆ ਤਾਂ ਮੁਲਜ਼ਮ ਏਜੰਟ ਨੇ ਉਸ ਨੂੰ ਕੁਲ 5.50 ਲੱਖ ਰੁਪਏ ਦੇ 3 ਬੈਂਕ ਚੈੱਕ ਦਿੱਤੇ ਪਰ ਬੈਂਕ 'ਚ ਲਗਾਉਣ 'ਤੇ ਉਹ ਬਾਊਂਸ ਹੋ ਗਏ। ਮੁਲਜ਼ਮ ਗੁਰਮੀਤ ਸਿੰਘ ਉਨ੍ਹਾਂ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰਦਾ ਰਿਹਾ ਅਤੇ ਉਸ ਦੀ 24 ਲੱਖ ਰੁਪਏ ਦੀ ਰਕਮ ਵਾਪਸ ਨਹੀਂ ਕੀਤੀ, ਜਿਸ 'ਤੇ ਤੰਗ ਆ ਕੇ ਉਨ੍ਹਾਂ ਨੂੰ ਐੱਸ. ਐੱਸ. ਪੀ. ਸਾਹਮਣੇ ਇਨਸਾਫ ਦੀ ਗੁਹਾਰ ਲਾਉਣੀ ਪਈ। ਜਿਨ੍ਹਾਂ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਰਥਿਕ ਅਪਰਾਧ ਸ਼ਾਖਾ ਨੂੰ ਜਾਂਚ ਦੇ ਹੁਕਮ ਦਿੱਤੇ। ਪੁਲਸ ਨੇ ਗੁਰਮੀਤ ਸਿੰਘ ਖਿਲਾਫ ਥਾਣਾ ਸਿਟੀ 'ਚ ਮਾਮਲਾ ਦਰਜ ਕਰ ਲਿਆ ਹੈ।


author

shivani attri

Content Editor

Related News