ਮਲੇਸ਼ੀਆ ਭੇਜਣ ਦੇ ਨਾਂ ''ਤੇ 5 ਲੱਖ ਰੁਪਏ ਦੀ ਧੋਖਾਦੇਹੀ
Wednesday, May 29, 2019 - 10:49 AM (IST)

ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਸਦਰ ਪੁਲਸ ਨੇ ਮਲੇਸ਼ੀਆ ਭੇਜਣ ਦੇ ਨਾਂ 'ਤੇ 5 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ 'ਚ ਦੋਸ਼ੀ ਨੂੰ ਨਾਮਜ਼ਦ ਕੀਤਾ ਹੈ। ਥਾਣਾ ਸਦਰ 'ਚ ਤਾਇਨਾਤ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਸੇਵਾ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਸ਼ਿਕਾਇਤ 'ਚ ਗੁਜਰ ਕਤਰਾਲਾ ਦੇ ਰਹਿਣ ਵਾਲੇ ਲਲਿਤ ਕੁਮਾਰ ਪੁੱਤਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਸ ਦੇ ਬੇਟੇ ਨੂੰ ਮਲੇਸ਼ੀਆ ਭੇਜਣ ਲਈ ਦੋਸ਼ੀ ਏਜੰਟ ਵਿਕਾਸ ਦੀਪ ਸਿੰਘ ਪੁੱਤਰ ਜਗਦੀਸ਼ ਰਾਮ ਵਾਸੀ ਲੋਧੀਚੱਕ ਨੇ ਹੁਸ਼ਿਆਰਪੁਰ ਦੇ ਜਹਾਨਖੇਲਾਂ ਪਿੰਡ 'ਚ 5 ਲੱਖ ਰੁਪਏ ਲਏ ਸੀ। ਪੈਸੇ ਲੈਣ ਦੇ ਬਾਅਦ ਵੀ ਦੋਸ਼ੀ ਨੇ ਨਾ ਉਸ ਦੇ ਬੇਟੇ ਨੂੰ ਮਲੇਸ਼ੀਆ ਭੇਜਿਆ ਤੇ ਨਾ ਹੀ ਪੈਸੇ ਵਾਪਸ ਕਰ ਰਿਹਾ ਹੈ।
ਸਬ ਇੰਸਪੈਕਟਰ ਸੇਵਾ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਦੇ ਬਾਅਦ ਸਦਰ ਪੁਲਸ ਨੇ ਦੋਸ਼ੀ ਵਿਕਾਸ ਦੀਪ ਸਿੰਘ ਖਿਲਾਫ ਧਾਰਾ 406, 420 ਦੇ ਨਾਲ 24 ਇਮੀਗ੍ਰੇਸ਼ਨ ਐਕਟ ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।