ਨਾਜਾਇਜ਼ ਸ਼ਰਾਬ ਦੀ ਵਿਕਰੀ ਜਾਰੀ, ਨਾਜਾਇਜ਼ ਧੰਦੇ ’ਤੇ ਰੋਕ ਲਾਉਣ ਲਈ ਐਕਸਾਈਜ਼ ਵਿਭਾਗ ਚੁੱਕੇਗਾ ਇਹ ਕਦਮ

07/15/2022 3:45:01 PM

ਜਲੰਧਰ (ਪੁਨੀਤ)–ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਚ 3 ਸਾਲਾਂ ਬਾਅਦ ਐਕਸਾਈਜ਼ ਪਾਲਿਸੀ ਲਿਆ ਕੇ ਨਾਜਾਇਜ਼ ਸ਼ਰਾਬ ਦੇ ਧੰਦੇ ਨੂੰ ਰੋਕਣ ਲਈ ਕਈ ਨਿਯਮ ਅਤੇ ਕਾਨੂੰਨ ਬਣਾਏ ਹਨ ਪਰ ਇਸਦੇ ਬਾਵਜੂਦ ਅਜੇ ਤੱਕ ਸ਼ਹਿਰ ਵਿਚ ਨਾਜਾਇਜ਼ ਸ਼ਰਾਬ ਦੀ ਵਿਕਰੀ ਜਾਰੀ ਹੈ। ਠੇਕੇ ’ਤੇ ਜਿਹੜੀ ਬੋਤਲ 500 ਰੁਪਏ ਵਿਚ ਵੇਚੀ ਜਾ ਰਹੀ ਹੈ, ਉਹੀ ਸ਼ਰਾਬ ਦੀ ਬੋਤਲ ਨਾਜਾਇਜ਼ ਸ਼ਰਾਬ ਵੇਚਣ ਵਾਲੇ 400 ਰੁਪਏ ਵਿਚ ਮੁਹੱਈਆ ਕਰਵਾ ਰਹੇ ਹਨ। ਨਾਜਾਇਜ਼ ਸ਼ਰਾਬ ਦੀ ਵਿਕਰੀ ਰੋਕਣ ਲਈ ਐਕਸਾਈਜ਼ ਵਿਭਾਗ ਹਾਈਟੈੱਕ ਟਰੈਕ ਐਂਡ ਟਰੇਸ ਸਿਸਟਮ ਨੂੰ ਲਾਗੂ ਕਰਨ ਜਾ ਰਿਹਾ ਹੈ ਤਾਂ ਕਿ ਠੇਕਿਆਂ ’ਤੇ ਸ਼ਰਾਬ ਦੀ ਵਿਕਰੀ ਵਿਚ ਵਾਧਾ ਹੋ ਸਕੇ। ਐਕਸਾਈਜ਼ ਵਿਭਾਗ ਮੁਤਾਬਕ ਟਰੈਕ ਐਂਡ ਟਰੇਸ ਸਿਸਟਮ ਬਾਰ ਕੋਡ ਜ਼ਰੀਏ ਕੰਮ ਕਰੇਗਾ। ਮੌਜੂਦਾ ਸਮੇਂ ਸ਼ਰਾਬ ਬਣਾਉਣ ਵਾਲੀ ਫੈਕਟਰੀ (ਡਿਸਟਿਲਰੀ) ਵਿਚੋਂ ਸ਼ਰਾਬ ਨਿਕਲਣ ਤੋਂ ਪਹਿਲਾਂ ਉਸਦਾ ਬਾਰ ਕੋਡ ਸਕੈਨ ਕੀਤਾ ਜਾ ਰਿਹਾ ਹੈ। ਹੁਣ ਜਿਹੜਾ ਸਿਸਟਮ ਲਾਗੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ, ਉਸ ਮੁਤਾਬਕ ਗਰੁੱਪਾਂ ਵੱਲੋਂ ਸ਼ਰਾਬ ਦੀ ਡਿਮਾਂਡ ਉਪਰੰਤ ਡਲਿਵਰੀ ਦੇਣ ਤੋਂ ਪਹਿਲਾਂ ਐੱਲ-1 ਵੱਲੋਂ ਸ਼ਰਾਬ ਦੀ ਪੇਟੀ ਅਤੇ ਬੋਤਲਾਂ ਨੂੰ ਬਾਰ ਕੋਡ ਨਾਲ ਸਕੈਨ ਕੀਤਾ ਜਾਵੇਗਾ।

ਬਾਰ ਕੋਡ ਸਕੈਨ ਹੋਣ ਨਾਲ ਦੂਜੇ ਸ਼ਹਿਰਾਂ ਤੇ ਸੂਬਿਆਂ ਤੋਂ ਆ ਕੇ ਪੰਜਾਬ ਵਿਚ ਸ਼ਰਾਬ ਵਿਕਣ ਦੀ ਸੰਭਾਵਨਾ ਬਹੁਤ ਘੱਟ ਜਾਵੇਗੀ ਕਿਉਂਕਿ ਬਾਰ ਕੋਡ ਸਕੈਨ ਕਰ ਕੇ ਪਤਾ ਲੱਗ ਸਕੇਗਾ ਕਿ ਸਬੰਧਤ ਬੋਤਲ ਕਿਸ ਗਰੁੱਪ ਲਈ ਜਾਰੀ ਕੀਤੀ ਗਈ ਸੀ। ਵਿਭਾਗ ਵੱਲੋਂ ਸ਼ੁਰੂਆਤ ਵਿਚ ਸ਼ਰਾਬ ਦੀਆਂ ਪੇਟੀਆਂ ਨੂੰ ਸਕੈਨ ਕਰਨ ਦੀ ਯੋਜਨਾ ਬਣਾਈ ਗਈ ਸੀ ਪਰ ਇਸ ਜ਼ਰੀਏ ਸ਼ਰਾਬ ਦੀ ਬਲੈਕ ਹੋਣ ਦੀ ਸੰਭਾਵਨਾ ਜ਼ਾਹਿਰ ਹੋ ਰਹੀ ਸੀ। ਇਸ ਕਾਰਨ ਵਿਭਾਗ ਨੇ ਹੁਣ ਪ੍ਰਤੀ ਬੋਤਲ ਸਕੈਨ ਕਰਨ ਦਾ ਅਹਿਮ ਫੈਸਲਾ ਲੈਣ ਦੀ ਯੋਜਨਾ ਤਿਆਰ ਕੀਤੀ ਹੈ ਤਾਂ ਕਿ ਪੇਟੀਆਂ ਦੇ ਨਾਲ-ਨਾਲ ਬੋਤਲਾਂ ਵੀ ਨਾਜਾਇਜ਼ ਢੰਗ ਨਾਲ ਨਾ ਵਿਕ ਸਕਣ।

ਵਿਭਾਗ ਹੁਣ ਟੈਂਡਰ ਪਾਲਿਸੀ ਦਾ ਕੰਮ ਨਿਪਟਾ ਚੁੱਕਾ ਹੈ ਅਤੇ ਸ਼ਰਾਬ ਦੀ ਵਿਕਰੀ ’ਤੇ ਫੋਕਸ ਕਰ ਕੇ ਖਪਤਕਾਰਾਂ ਨੂੰ ਸਹੂਲਤਾਂ ਦੇਣ ’ਤੇ ਕੰਮ ਚੱਲ ਰਿਹਾ ਹੈ। ਇਸ ਲੜੀ ਿਵਚ ਵਿਭਾਗ ਨੇ ਈ. ਟੀ. ਓ. ਰੈਂਕ ਦੇ ਅਧਿਕਾਰੀਆਂ ਨੂੰ ਰੁਟੀਨ ਵਿਚ ਸ਼ਰਾਬ ਦੀ ਕੀਮਤ ’ਤੇ ਨਜ਼ਰ ਰੱਖਣ ਨੂੰ ਕਿਹਾ ਹੈ। ਇੰਸਪੈਕਟਰ ਰੈਂਕ ਦੇ ਅਧਿਕਾਰੀ ਰੋਜ਼ਾਨਾ ਆਪਣੇ ਸਬੰਧਤ ਅਧਿਕਾਰੀ ਨੂੰ ਮਾਰਕੀਟ ਵਿਚ ਸ਼ਰਾਬ ਦੀਆਂ ਕੀਮਤਾਂ ਵਿਚ ਉਤਾਰ-ਚੜ੍ਹਾਅ ਸਬੰਧੀ ਜਾਣਕਾਰੀ ਮੁਹੱਈਆ ਕਰਵਾ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਵਿਭਾਗ ਇਹ ਪਾਲਿਸੀ ਕਦੋਂ ਤੱਕ ਲਾਗੂ ਕਰਦਾ ਹੈ ਤਾਂ ਕਿ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਰੁਕ ਸਕੇ। ਉਥੇ ਹੀ ਦੇਖਣ ਵਿਚ ਆ ਰਿਹਾ ਹੈ ਕਿ ਮਹਾਨਗਰ ਦੇ ਮੁੱਖ ਚੌਕਾਂ ਵਿਚ ਸਥਿਤ ਜਿਹੜੇ ਸ਼ਰਾਬ ਦੇ ਠੇਕਿਆਂ ਵੱਲੋਂ ਸ਼ੁਰੂਆਤੀ ਰੇਟ ਲਿਸਟ ਦੇ ਮੁਤਾਬਕ ਵਿਕਰੀ ਕੀਤੀ ਜਾ ਰਹੀ ਹੈ, ਉਨ੍ਹਾਂ ਵਿਚ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ।

ਦਿਹਾਤੀ ਇਲਾਕਿਆਂ ’ਚ ਸ਼ਹਿਰਾਂ ਦੇ ਮੁਕਾਬਲੇ ਸਸਤੀ ਮਿਲ ਰਹੀ ਸ਼ਰਾਬ

ਉਥੇ ਹੀ ਸੁਣਨ ਵਿਚ ਆਇਆ ਹੈ ਕਿ ਮਹਾਨਗਰ ਦੇ ਬਾਹਰੀ ਅਤੇ ਦਿਹਾਤੀ ਇਲਾਕਿਆਂ ਵਿਚ ਸ਼ਰਾਬ ਦੀ ਕੀਮਤ ਸ਼ਹਿਰ ਤੋਂ ਘੱਟ ਹੈ। ਇਸ ਕਾਰਨ ਜਿਹੜੇ ਲੋਕਾਂ ਦਾ ਦਿਹਾਤੀ ਇਲਾਕਿਆਂ ਵਿਚ ਆਉਣ-ਜਾਣ ਲੱਗਾ ਰਹਿੰਦਾ ਹੈ, ਉਹ ਉਥੋਂ ਸ਼ਰਾਬ ਖਰੀਦਣ ਨੂੰ ਮਹੱਤਵ ਦਿੰਦੇ ਹਨ। ਫਿਲਹਾਲ ਕੀਮਤਾਂ ਵਿਚ 50-60 ਰੁਪਏ ਪ੍ਰਤੀ ਬੋਤਲ ਦਾ ਫਰਕ ਦੇਖਣ ਨੂੰ ਮਿਲ ਰਿਹਾ ਹੈ। ਕੀਮਤਾਂ ਿਵਚ ਇਸ ਤੋਂ ਵੱਧ ਵਾਧਾ ਹੋਣ ਦਾ ਨਾਜਾਇਜ਼ ਸ਼ਰਾਬ ਸਮੱਗਲਰ ਵੀ ਲਾਭ ਉਠਾ ਸਕਦੇ ਹਨ।


Manoj

Content Editor

Related News