ਵਿਜੀਲੈਂਸ ਦੇ ਛਾਪੇ ਤੋਂ ਬਾਅਦ ਅਗਾਊਂ ਜ਼ਮਾਨਤਾਂ ਲਈ ਭੱਜੇ ਕਈ ਟਰਾਂਸਪੋਰਟਰ ਤੇ ਆਬਕਾਰੀ ਅਧਿਕਾਰੀ

08/29/2020 3:20:22 PM

ਜਲੰਧਰ (ਜ. ਬ.)— ਬੀਤੇ ਦਿਨੀਂ ਵਿਜੀਲੈਂਸ ਬਿਊਰੋ ਦੇ ਫਲਾਇੰਗ ਵਿੰਗ ਮੋਹਾਲੀ ਵੱਲੋਂ ਪੰਜਾਬ ਭਰ 'ਚ ਛਾਪੇ ਮਾਰ ਕੇ ਜੀ. ਐੱਸ. ਟੀ. ਚੋਰੀ ਦੇ ਮਾਮਲੇ 'ਚ 12 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਿਸ ਤੋਂ ਬਾਅਦ ਲਗਾਤਾਰ ਪੁੱਛਗਿੱਛ 'ਚ ਕਈ ਨਵੇਂ ਨਾਂ ਸਾਹਮਣੇ ਆ ਰਹੇ ਹਨ, ਜਿਸ ਕਾਰਨ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਅਤੇ ਟਰਾਂਸਪੋਰਟਰਾਂ 'ਚ ਭਾਜੜ ਮਚੀ ਹੋਈ ਹੈ।

ਇਹ ਵੀ ਪੜ੍ਹੋ: ਲੁਧਿਆਣਾ ਦੇ ਮੁਕਾਬਲੇ ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਦੀ ਰਫ਼ਤਾਰ ਦੁੱਗਣੀ, ਸਾਹਮਣੇ ਆਈ ਹੈਰਾਨ ਕਰਦੀ ਰਿਪੋਰਟ

ਮੰਡੀ ਗੋਬਿੰਦਗੜ੍ਹ ਦੇ ਟਰਾਂਸਪੋਰਟਰ ਨੇ ਕਰਵਾਈ ਅਗਾਊਂ ਜ਼ਮਾਨਤ
ਮਾਮਲੇ ਬਾਰੇ ਅਦਾਲਤ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਪੂਰੇ ਪੰਜਾਬ ਵਿਚ ਵਿਜੀਲੈਂਸ ਦੇ ਫਲਾਇੰਗ ਵਿੰਗ ਵੱਲੋਂ ਕਈ ਟਰਾਂਸਪੋਰਟਰਾਂ, ਪਾਸਰਾਂ ਅਤੇ ਆਬਕਾਰੀ ਅਧਿਕਾਰੀਆਂ 'ਤੇ ਸ਼ਿਕੰਜਾ ਕੱਸਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪੁੱਛਗਿੱਛ 'ਚ ਜਿਉਂ-ਜਿਉਂ ਨਵੇਂ ਲੋਕਾਂ ਦੇ ਨਾਂ ਸਾਹਮਣੇ ਆ ਰਹੇ ਹਨ, ਤਿਉਂ-ਤਿਉਂ ਇਸ ਸਾਰੇ ਗੋਰਖਧੰਦੇ 'ਚ ਸ਼ਾਮਲ ਲੋਕ ਅਦਾਲਤਾਂ ਵੱਲ ਭੱਜ ਰਹੇ ਹਨ ਤਾਂ ਕਿ ਉਹ ਅਗਾਊਂ ਜ਼ਮਾਨਤਾਂ ਕਰਵਾ ਸਕਣ। ਬੀਤੇ ਦਿਨ ਮੰਡੀ ਗੋਬਿੰਦਗੜ੍ਹ ਦੇ ਇਕ ਟਰਾਂਸਪੋਰਟਰ ਨੇ ਵੀ ਆਪਣੇ ਵਕੀਲ ਐਡਵੋਕੇਟ ਐੱਸ. ਕੇ. ਭਨੋਟ ਰਾਹੀਂ ਮੋਹਾਲੀ ਦੀ ਅਦਾਲਤ ਵਿਚੋਂ ਅਗਾਊਂ ਜ਼ਮਾਨਤ ਕਰਵਾਈ ਹੈ।

ਇਹ ਵੀ ਪੜ੍ਹੋ: 25 ਕਰੋੜ ਦੀ ਠੱਗੀ ਦੇ ਮਾਮਲੇ 'ਚ ਜਲੰਧਰ ਪੁਲਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ

ਕੜੀ ਨਾਲ ਕੜੀ ਜੋੜਨ 'ਚ ਲੱਗਾ ਵਿਜੀਲੈਂਸ ਮਹਿਕਮਾ
ਵਿਜੀਲੈਂਸ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਵਿਭਾਗ ਮਾਮਲੇ ਦੀ ਕੜੀ ਨਾਲ ਕੜੀ ਜੋੜਨ ਵਿਚ ਲੱਗ ਗਿਆ ਹੈ। ਫਗਵਾੜਾ ਤੋਂ ਕਾਬੂ ਕੀਤੇ ਸਾਧੂ ਟਰਾਂਸਪੋਰਟ ਦੇ ਸੰਚਾਲਕਾਂ ਜ਼ਰੀਏ ਵੀ ਕਈ ਅਜਿਹੇ ਸੂਤਰ ਵਿਜੀਲੈਂਸ ਨੂੰ ਮਿਲ ਰਹੇ ਹਨ, ਜਿਨ੍ਹਾਂ ਨਾਲ ਆਉਣ ਵਾਲੇ ਦਿਨਾਂ ਵਿਚ ਕਈ ਨਵੇਂ ਚਿਹਰੇ ਉਕਤ ਐੱਫ. ਆਈ. ਆਰ. ਵਿਚ ਸ਼ਾਮਲ ਕੀਤੇ ਜਾ ਸਕਦੇ ਹਨ। ਇਸ ਨੂੰ ਲੈ ਕੇ ਸਿਰਫ ਪੰਜਾਬ ਹੀ ਨਹੀਂ, ਬਾਹਰੀ ਸੂਬਿਆਂ ਦੇ ਕਈ ਟਰਾਂਸਪੋਰਟਰ ਵੀ ਜਾਂਚ ਦਾ ਹਿੱਸਾ ਬਣ ਸਕਦੇ ਹਨ। ਇਸ ਕੜੀ ਵਿਚ ਜਲੰਧਰ ਦੇ ਕਈ ਵੱਡੇ ਟਰਾਂਸਪੋਰਟਰ ਵੀ ਜੁੜ ਸਕਦੇ ਹਨ ਕਿਉਂਕਿ ਬੀਤੀ ਰਾਤ ਜਦੋਂ ਆਬਕਾਰੀ ਮਹਿਕਮੇ ਨੇ ਰੇਲਵੇ ਸਟੇਸ਼ਨ 'ਤੇ ਛਾਪਾ ਮਾਰਿਆ ਸੀ ਤਾਂ ਉਥੇ ਮੌਜੂਦ ਪਾਸਰਾਂ ਨੇ ਸ਼ਰੇਆਮ ਮੀਡੀਆ ਸਾਹਮਣੇ ਆਬਕਾਰੀ ਮਹਿਕਮੇ 'ਤੇ ਦੋਸ਼ ਲਾਏ ਸਨ ਕਿ ਜਿਹੜੇ ਵੱਡੇ ਟਰਾਂਸਪੋਰਟਰ ਆਬਕਾਰੀ ਮਹਿਕਮੇ ਦੇ ਅਧਿਕਾਰੀਆਂ ਨੂੰ ਮੋਟੀ ਰਿਸ਼ਵਤ ਅਤੇ ਕੰਮਾਂ ਵਿਚ ਹਿੱਸੇਦਾਰੀ ਦਿੰਦੇ ਹਨ, ਉਹ ਹੀ ਸਾਰਾ ਟੈਕਸ ਚੋਰੀ ਕਰ ਰਹੇ ਹਨ ਪਰ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ।


shivani attri

Content Editor

Related News