ਮੀਟਰ ਕੱਟਣ ਗਏ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਹੱਥੋਂਪਾਈਂ, ਵੀਡੀਓ ਵਾਇਰਲ

Wednesday, Feb 22, 2023 - 02:41 PM (IST)

ਮੀਟਰ ਕੱਟਣ ਗਏ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਹੱਥੋਂਪਾਈਂ, ਵੀਡੀਓ ਵਾਇਰਲ

ਸੁਲਤਾਨਪੁਰ ਲੋਧੀ (ਧੀਰ)-ਸੁਲਤਾਨਪੁਰ ਲੋਧੀ ਦੇ ਮੁਹੱਲਾ ਪ੍ਰੇਮਪੁਰਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਸਤਨਾਮ ਸਿੰਘ ਅਤੇ ਉਸ ਦੀ ਪਤਨੀ ਸਰਬਜੀਤ ਕੌਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਹਨ ਅਤੇ ਵੀਡੀਓ ’ਚ ਕਾਫ਼ੀ ਭੱਦੀ ਸ਼ਬਦਾਵਲੀ ਵੀ ਵਰਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਜੇ.ਈ. ਮਾਨ ਬਹਾਦਰ ਨੇ ਦੱਸਿਆ ਕਿ ਸਤਨਾਮ ਸਿੰਘ ਵਾਸੀ ਮੁਹੱਲਾ ਪ੍ਰੇਮਪੁਰਾ ਦਾ 15 ਹਜ਼ਾਰ ਰੁਪਏ ਦਾ ਬਿਜਲੀ ਬਿੱਲ ਬਕਾਇਆ ਸੀ, ਜਿਸ ਦਾ ਬਿਜਲੀ ਕੁਨੈਕਸਨ ਵਿਭਾਗ ਦੇ ਮੁਲਾਜ਼ਮਾਂ ਨੇ ਕੱਟ ਦਿੱਤਾ ਪਰ ਸਤਨਾਮ ਸਿੰਘ ਵੱਲੋਂ ਬਿੱਲ ਜਮ੍ਹਾਂ ਕਰਵਾਏ ਬਿਨਾਂ ਦੁਬਾਰਾ ਮੀਟਰ ਕੁਨੈਕਸਨ ਦੋਬਾਰਾ ਜੋੜ ਲਿਆ, ਜਿਸ ਦੀ ਸੂਚਨਾ ਉਨ੍ਹਾਂ ਨੂੰ ਮਿਲੀ। ਇਸ ਲਈ ਉਸ ਨੇ ਆਪਣੇ ਲਾਈਨਮੈਨ ਨਰੇਸ਼ ਕੁਮਾਰ ਅਤੇ ਰਾਹੁਲ ਨੂੰ ਉੱਥੇ ਭੇਜਿਆ, ਇਸ ਲਈ ਉਥੇ ਜਾ ਕੇ ਸਾਡੇ ਮੁਲਾਜ਼ਮਾਂ ਨੇ ਮੀਟਰ ਦੀ ਤਾਰਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਤਾਂ ਉਥੇ ਮੌਜੂਦ ਸਤਨਾਮ ਸਿੰਘ ਅਤੇ ਉਸ ਦੀ ਪਤਨੀ ਸਰਬਜੀਤ ਕੌਰ ਨੇ ਲਾਈਨਮੈਨ ਨਰੇਸ ਕੁਮਾਰ ਅਤੇ ਰਾਹੁਲ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੇ ਸਾਡੀ ਡਿਊਟੀ ’ਚ ਵੀ ਰੁਕਾਵਟ ਪਾਈ।

ਇਹ ਵੀ ਪੜ੍ਹੋ : ਵਿਆਹ ਲਈ ਚਾਵਾਂ ਨਾਲ ਮੰਗਵਾਏ ਆਨਲਾਈਨ ਗਹਿਣੇ, ਜਦ ਖੋਲ੍ਹਿਆ ਪਾਰਸਲ ਤਾਂ ਉੱਡੇ ਹੋਸ਼

ਉਨ੍ਹਾਂ ਦੱਸਿਆ ਕਿ ਜਿਸ ਤੋਂ ਬਾਅਦ ਜੇ. ਈ. ਹਰਦੀਪ ਸਿੰਘ ਵੀ ਉੱਥੇ ਪਹੁੰਚ ਗਏ। ਉਕਤ ਵਿਅਕਤੀਆਂ ਨੇ ਗਾਲ੍ਹਾਂ ਕੱਢੀਆਂ ਅਤੇ ਉਨ੍ਹਾਂ ਨੂੰ ਧੱਕੇ ਵੀ ਮਾਰੇ। ਵੀਡੀਓ ’ਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਉਕਤ ਔਰਤ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਕਹਿ ਰਹੀ ਹੈ ਕਿ ‘ਮੈਂ ਤੁਹਾਨੂੰ ਥੱਪੜ ਮਾਰਾਂਗੀ’। ਜਿਸ ਤੋਂ ਬਾਅਦ ਉਕਤ ਮਹਿਲਾ ਬਿਜਲੀ ਵਿਭਾਗ ਦੇ ਕਰਮਚਾਰੀਆਂ ਨਾਲ ਹੱਥੋਂਪਾਈ ਵੀ ਹੋ ਗਈ। ਜੇ. ਈ. ਮਾਨ ਬਹਾਦੁਰ ਨੇ ਦੱਸਿਆ ਕਿ ਸਾਡੇ ਇਕ ਮੁਲਾਜ਼ਮ ਦੇ ਸੱਟ ਵੀ ਲੱਗੀ ਹੈ। ਇਸ ਸਬੰਧੀ ਸਾਡੇ ਵੱਲੋਂ ਥਾਣਾ ਸੁਲਤਾਨਪੁਰ ਲੋਧੀ ਨੂੰ ਲਿਖ਼ਤੀ ਸ਼ਿਕਾਇਤ ਵੀ ਦਿੱਤੀ ਗਈ ਹੈ। ਉਨ੍ਹਾਂ ਐੱਸ. ਐੱਸ. ਪੀ. ਕਪੂਰਥਲਾ ਅਤੇ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਤੋਂ ਮੰਗ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਨੇ ਸਾਡੇ ਮੁਲਾਜ਼ਮਾਂ ’ਤੇ ਹਮਲਾ ਕੀਤਾ ਹੈ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਕੀ ਕਹਿਣਾ ਹੈ ਦੂਜੇ ਪੱਖ ਦਾ
ਇਸ ਮਾਮਲੇ ਸਬੰਧੀ ਜਦੋਂ ਦੂਜੇ ਪੱਖ ਦੇ ਸਤਨਾਮ ਸਿੰਘ ਅਤੇ ਉਸ ਦੀ ਪਤਨੀ ਸਰਬਜੀਤ ਕੌਰ ਮੁਹੱਲਾ ਪ੍ਰੇਮਪੁਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਬਿਜਲੀ ਵਿਭਾਗ ਦੇ ਜ਼ਵੱਲੋਂ ਲਾਏ ਦੋਸਾਂ ਨੂੰ ਝੂਠਾ ਅਤੇ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਪਹਿਲਾਂ ਬਿਨਾਂ ਦੱਸੇ ਸਾਡੇ ਮੀਟਰ ਦਾ ਕੁਨੈਕਸ਼ਨ ਕੱਟ ਦਿੱਤਾ। ਉਹ ਬੇਗੋਵਾਲ ’ਚ ਕਿਸੇ ਪ੍ਰੋਗਰਾਮ ’ਚ ਗਏ ਹੋਏ ਸੀ, ਜਦੋਂ ਉਹ ਆਏ ਤਾਂ ਦੇਖਿਆ ਕਿ ਉਨ੍ਹਾਂ ਦੀ ਮੀਟਰ ਦੀ ਤਾਰ ਕੱਟੀ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਤੋਂ ਬਾਅਦ ਸਾਡੇ ਪਿਤਾ ਸਾਡੇ ਵੱਲੋਂ ਬਿਜਲੀ ਘਰ ਗਏ। ਉਨ੍ਹਾਂ ਨੇ ਪੁੱਛਿਆ ਕਿ ਸਾਡਾ ਮੀਟਰ ਕਿਉਂ ਕੱਟਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਤੁਹਾਡਾ ਬਿੱਲ ਬਕਾਇਆ ਹੈ, ਜਿਸ ਤੋਂ ਬਾਅਦ ਅਸੀਂ 5 ਹਜਾਰ ਰੁਪਏ ਜਮ੍ਹਾ ਕਰਵਾ ਦਿੱਤੇ, ਜਿਸ ਤੋਂ ਬਾਅਦ ਮੀਟਰ ਦੀ ਤਾਰ ਜੋੜਨ ਲਈ ਸਾਡੇ ਤੋਂ ਰਿਸ਼ਵਤ ਮੰਗੀ ਗਈ। ਸਰਬਜੀਤ ਕੌਰ ਨੇ ਦੱਸਿਆ ਕਿ ਅਸੀਂ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਸਾਡਾ 15 ਹਜ਼ਾਰ ਰੁਪਏ ਦਾ ਬਿੱਲ ਹੈ, ਜਿਸ ’ਚੋਂ ਅਸੀਂ 5 ਹਜ਼ਾਰ ਰੁਪਏ ਬਿੱਲ ਜਮ੍ਹਾ ਕਰਵਾ ਦਿੱਤਾ ਹੈ ਬਾਕੀ ਬਿੱਲ ਜਲਦੀ ਹੀ ਜਮ੍ਹਾ ਕਰਵਾ ਦੇਵਾਂਗੇ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ 10-15 ਬਿਜਲੀ ਵਿਭਾਗ ਦੇ ਕਰਮਚਾਰੀ ਆਏ ਤੇ ਆਉਂਦਿਆਂ ਹੀ ਉਨ੍ਹਾਂ ਨੇ ਸਾਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਅੱਗੋ ਸਾਡੀ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਅਸੀਂ ਕਿਹਾ ਕਿ ਸਾਡੀ ਵੀਡੀਓ ਨਾ ਬਣਾਓ ਤਾਂ ਉਸ ਨੇ ਸਾਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜੋ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਉਸ ਨੂੰ ਵੀ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਬਿੱਲ ਮੁਆਫ਼ ਕੀਤੇ ਗਏ ਸਨ, ਜਿਸ ਦੌਰਾਨ ਸਾਡੇ ਕੁਝ ਬਿੱਲ ਮੁਆਫ਼ ਕੀਤੇ ਗਏ। ਉਸ ਤੋਂ ਬਾਅਦ ਹੁਣ ਬਿੱਲ ਆ ਗਿਆ ਹੈ, ਜਿਸ ਕਾਰਨ ਸਾਡਾ ਬਿੱਲ ਬਕਾਇਆ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੇ ਸਾਰਾ ਬਿੱਲ ਜਮ੍ਹਾ ਕਰਵਾ ਦਿੱਤਾ ਹੈ।

ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ : ਐੱਸ. ਐੱਚ. ਓ.
ਇਸ ਮਾਮਲੇ ਸਬੰਧੀ ਜਦੋਂ ਥਾਣਾ ਇੰਚਾਰਜ ਜਸਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਵਾਂ ਧਿਰਾਂ ਨੂੰ ਬੁੱਧਵਾਰ ਦਾ ਸਮਾਂ ਦਿੱਤਾ ਗਿਆ ਹੈ। ਮੁਲਜ਼ਮ ਪਾਏ ਜਾਣ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News