ਖ਼ਬਰ ਦਾ ਅਸਰ: ਸਿੱਖਿਆ ਵਿਭਾਗ ਵੱਲੋਂ ਸ਼ਾਹਕੋਟ ’ਚ ਲੜਕਿਆਂ ਦੀਆਂ 9ਵੀਂ ਤੇ 10ਵੀਂ ਦੀਆਂ ਕਲਾਸਾਂ ਸ਼ੁਰੂ

Friday, Jul 19, 2024 - 02:07 PM (IST)

ਸ਼ਾਹਕੋਟ (ਅਰਸ਼ਦੀਪ)- ਕਰੀਬ 3 ਸਾਲ ਪਹਿਲਾਂ ਕਾਂਗਰਸ ਸਰਕਾਰ ਵੇਲੇ ਉਸ ਵੇਲੇ ਦੇ ਪ੍ਰਮੁੱਖ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਇਕ ਪੱਤਰ ਜਾਰੀ ਕਰਕੇ ਲੜਕਿਆਂ ਦੇ ਮਿਡਲ ਸਕੂਲ ਨੂੰ ਲੜਕੀਆਂ ਦੇ ਹਾਈ ਸਕੂਲ ਨਾਲ ਇਕੱਠਾ ਕਰਕੇ 9ਵੀਂ ਅਤੇ 10ਵੀਂ ਦੀਆਂ ਕਲਾਸਾਂ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਸਬੰਧਤ ਅਧਿਕਾਰੀਆਂ ਵੱਲੋਂ ਪਿਛਲੇ 3 ਸਾਲਾਂ ਤੋਂ ਪ੍ਰਮੁੱਖ ਸਿੱਖਿਆ ਸਕੱਤਰ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਲੜਕਿਆਂ ਦੀਆਂ 9ਵੀਂ ਤੇ 10ਵੀਂ ਦੀਆਂ ਕਲਾਸਾਂ ਨਹੀਂ ਲਾਈਆਂ ਜਾ ਰਹੀਆਂ ਸਨ।

ਇਸ ਮੁੱਦੇ ਨੂੰ ਬੀਤੇ ਦਿਨੀਂ ਅਦਾਰਾ ‘ਜਗ ਬਾਣੀ’ਵੱਲੋਂ ਪ੍ਰਮੁੱਖਤਾ ਨਾਲ ਉਠਾਇਆ ਗਿਆ ਸੀ, ਜਿਸ ਤੋਂ ਬਾਅਦ ਹਰਕਤ ’ਚ ਆਏ ਸਿੱਖਿਆ ਵਿਭਾਗ ਵੱਲੋਂ ਲੜਕਿਆਂ ਦੇ ਮਿਡਲ ਸਕੂਲ ਨੂੰ ਹਾਈ ਸਕੂਲ ਦਾ ਦਰਜਾ ਦੇ ਕੇ 9ਵੀਂ ਅਤੇ 10ਵੀਂ ਦੇ ਦਾਖ਼ਲੇ ਸ਼ੁਰੂ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਸਰਕਾਰੀ ਮਿਡਲ ਸਕੂਲ ਸ਼ਾਹਕੋਟ (ਲੜਕੇ) ਜੋ ਅੰਗਰੇਜ਼ਾਂ ਦੇ ਜ਼ਮਾਨੇ ’ਚ ਬਣਿਆ ਹੈ ਅਤੇ 119 ਸਾਲ ਤੋਂ ਵੱਧ ਪੁਰਾਣਾ ਸਕੂਲ ਹੈ। ਇਸ ਸਕੂਲ ’ਚ ਅੰਗਰੇਜ਼ਾਂ ਸਮੇਂ ਬਣੀ ਬਿਲਡਿੰਗ ਵੀ ਮੌਜੂਦ ਹੈ। ਇਸ ਸਕੂਲ ’ਚ ਪਹਿਲਾਂ ਬਹੁਤ ਸਾਰੇ ਨਿੰਮਾਂ ਦੇ ਦਰੱਖ਼ਤ ਲੱਗੇ ਹੋਣ ਕਾਰਨ ਇਹ ਸਕੂਲ ‘ਨਿੰਮਾਂ ਵਾਲੇ ਸਕੂਲ’ਦੇ ਨਾਂ ਨਾਲ ਇਲਾਕੇ ’ਚ ਮਸ਼ਹੂਰ ਹੋ ਗਿਆ।

ਇਹ ਵੀ ਪੜ੍ਹੋ- ਇਨਸਾਨੀਅਤ ਸ਼ਰਮਸਾਰ ਕਰਦੀ ਘਟਨਾ, ਰੇਲਵੇ ਟਰੈਕ ਨੇੜਿਓਂ ਮਿਲਿਆ ਮ੍ਰਿਤਕ ਨਵਜਾਤ ਬੱਚਾ

PunjabKesari

ਸ਼ਹਿਰ ’ਚ 10ਵੀਂ ਤੱਕ ਲੜਕਿਆਂ ਦਾ ਕੋਈ ਸਰਕਾਰੀ ਸਕੂਲ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ 8ਵੀਂ ਤੋਂ ਬਾਅਦ ਦੂਰ-ਦੁਰਾਡੇ ਦੇ ਪਿੰਡਾਂ ’ਚ ਬਣੇ ਹਾਈ ਅਤੇ ਸੈਕੰਡਰੀ ਸਕੂਲਾਂ ’ਚ ਜਾਣਾ ਪੈਂਦਾ ਸੀ, ਜਿਸ ਕਾਰਨ ਮਾਪਿਆਂ ਤੇ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀ ਆਉਂਦੀ ਸੀ। ‘ਜਗ ਬਾਣੀ’ਵੱਲੋਂ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਚੁੱਕਣ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਜਲੰਧਰ ਸੁਰੇਸ਼ ਕੁਮਾਰ ਵੱਲੋਂ 3 ਸਾਲ ਪਹਿਲਾਂ ਸਿੱਖਿਆ ਸਕੱਤਰ ਵੱਲੋਂ ਜਾਰੀ ਕੀਤੇ ਗਏ ਸਕੂਲ ਮਰਜ਼ ਦੇ ਪੱਤਰ ਅਨੁਸਾਰ ਸਰਕਾਰੀ ਕੰਨਿਆ ਸਕੂਲ ਹਾਈ ਸਕੂਲ ਸ਼ਾਹਕੋਟ ਦੇ ਹੈੱਡ ਮਾਸਟਰ ਨੂੰ ਨਿਰਦੇਸ਼ ਦਿੱਤੇ ਗਏ ਕਿ ਸਰਕਾਰੀ ਮਿਡਲ ਸਕੂਲ ਸ਼ਾਹਕੋਟ ਨੂੰ ਹਾਈ ਸਕੂਲ ਵਜੋਂ ਅਪਗ੍ਰੇਡ ਸਮਝ ਕੇ ਇਸ ਸਕੂਲ ’ਚ 9ਵੀਂ ਅਤੇ 10ਵੀਂ ਦੇ ਬੱਚੇ ਦਾਖ਼ਲ ਕਰਕੇ ਕਲਾਸਾਂ ਸ਼ੁਰੂ ਕੀਤੀਆਂ ਜਾਣ।

ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਚੌਂਕੀਦਾਰ ਦਾ ਬੇਰਹਿਮੀ ਨਾਲ ਕਤਲ, ਰੇਲਵੇ ਸਟੇਸ਼ਨ ਨੇੜਿਓਂ ਖ਼ੂਨ ਨਾਲ ਲਥਪਥ ਮਿਲੀ ਲਾਸ਼

ਜ਼ਿਲ੍ਹਾ ਸਿੱਖਿਆ ਅਫ਼ਸਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਮਿਡਲ ਸਕੂਲ (ਲੜਕੇ) ਬਾਹਰ ਸਰਕਾਰੀ ਹਾਈ ਸਕੂਲ ਸ਼ਾਹਕੋਟ ਲਿਖ ਦਿੱਤਾ ਗਿਆ ਹੈ, ਜਿਸ ’ਚ 9ਵੀਂ ਦੀਆਂ ਕਲਾਸਾਂ ਵੀ ਸ਼ੁਰੂ ਹੋ ਚੁੱਕੀਆਂ ਹਨ। ਸ਼ਹਿਰ ਦੇ ਬੱਚੇ ਦੂਰ-ਦੁਰਾਡੇ ਪਿੰਡਾਂ ’ਚ ਜਾਣ ਦੀ ਬਜਾਏ ਨਿੰਮਾਂ ਵਾਲੇ ਸਕੂਲ ’ਚ ਹੀ 9ਵੀਂ ਅਤੇ 10ਵੀਂ ਦਾ ਦਾਖ਼ਲਾ ਲੈ ਸਕਦੇ ਹਨ। ਕਲਾਸਾਂ ਸ਼ੁਰੂ ਹੋਣ ਨਾਲ ਸ਼ਹਿਰ ਦੇ ਬੱਚਿਆਂ ਨੂੰ ਬਹੁਤ ਵੱਡੀ ਸਹੂਲਤ ਮਿਲੀ ਹੈ ਅਤੇ ਹੁਣ ਲੜਕਿਆਂ ਨੂੰ 8ਵੀਂ ਤੋਂ ਬਾਅਦ ਪਿੰਡਾਂ ਦੇ ਸਰਕਾਰੀ ਸਕੂਲਾਂ ’ਚ ਨਹੀਂ ਜਾਣਾ ਪਵੇਗਾ। ਸ਼ਹਿਰ ਵਾਸੀਆਂ ਵੱਲੋਂ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਛਾਪਣ ’ਤੇ ਅਦਾਰਾ ‘ਜਗ ਬਾਣੀ’ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦਾ ਖ਼ਤਰਾ, ਜਾਰੀ ਹੋਇਆ ਅਲਰਟ ਤੇ ਬਣਾ ਦਿੱਤੇ ਗਏ ਕੰਟਰੋਲ ਰੂਮ, ਅਧਿਕਾਰੀਆਂ ਨੂੰ ਮਿਲੇ ਸਖ਼ਤ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News