ਸ਼ੁੱਧ ਪਾਣੀ ਮੁਹੱਈਆ ਕਰਵਾਉਣ ਵਾਲੀਆਂ ਟੈਂਕੀਆਂ ਨੂੰ ਲੱਗਾ ਗ੍ਰਹਿਣ

12/06/2018 1:46:38 AM

ਟਾਂਡਾ,   (ਜ.ਬ.)-  ਬਾਦਲ ਸਰਕਾਰ ਨੇ ਆਪਣੇ ਸਮੇਂ ਦੌਰਾਨ ਪੇਂਡੂ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਪਿੰਡਾਂ ਨੂੰ ਲੱਖਾਂ-ਕਰੋਡ਼ਾਂ  ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਸਨ, ਜਿਸਦੇ ਚੱਲਦਿਆਂ ਪਿੰਡਾਂ ਵਿਚ ਵੱਡੀ ਪੱਧਰ ’ਤੇ ਡੂੰਘੇ ਬੋਰ ਕਰਵਾਏ ਗਏ ਅਤੇ ਟੈਂਕੀਆਂ ਆਦਿ ਬਣਵਾਈਆਂ ਗਈਆਂ। ਪੇਂਡੂ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਤੇ ਪੂਰੇ ਕੰਟਰੋਲ ਦੀ ਜ਼ਿੰਮੇਵਾਰੀ ਪੰਚਾਇਤਾਂ ਨੂੰ 
ਦਿੱਤੀ ਗਈ। 
ਕਈ ਪਿੰਡਾਂ ਵਿਚ ਤਾਂ ਇਨ੍ਹਾਂ ਸਕੀਮਾਂ ਦਾ ਲੋਕਾਂ ਵੱਲੋਂ ਭਰਪੂਰ ਲਾਹਾ ਲਿਆ ਜਾ ਰਿਹਾ ਹੈ, ਪ੍ਰੰਤੂ ਕਈ ਪਿੰਡਾਂ ਵਿਚ ਇਨ੍ਹਾਂ ਨੂੰ ਗ੍ਰਹਿਣ ਲੱਗਦਾ ਜਾ ਰਿਹਾ ਹੈ। ਜਿਸਦੀ ਤਾਜ਼ਾ ਮਿਸਾਲ ਨੇਡ਼ਲੇ ਪਿੰਡ ਰਾਪੁਰ ਵਿਚ ਉਦੋਂ ਦੇਖਣ ਨੂੰ ਮਿਲੀ ਜਦੋਂ ਪਿੰਡ ਵਾਸੀਆਂ ਵੱਲੋਂ ਆਪਣੇ ਬਿੱਲਾਂ ਦੀਆਂ ਰਸੀਦਾਂ ਪੱਤਰਕਾਰਾਂ ਦੀ ਟੀਮ ਨੂੰ ਦਿਖਾਈਆਂ ਗਈਆਂ ਤੇ ਪਿਛਲੇ ਸਮੇਂ ਤੋਂ ਸ਼ੁੱਧ ਪਾਣੀ ਨਸੀਬ ਨਾ ਹੋਣ ਦੀ ਗੱਲ ਆਖੀ। 
ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਉਪਰੋਕਤ ਸਕੀਮ  ਬਹੁਤ ਵਧੀਆ ਚੱਲੀ, ਪ੍ਰੰਤੂ ਕੁੱਝ ਸਮੇਂ ਬਾਅਦ ਇਸ ਵਿਚ ਖਰਾਬੀ ਆਉਣੀ ਸ਼ੁਰੂ ਹੋ ਗਈ ਅਤੇ ਹੌਲੀ-ਹੌਲੀ ਪਾਣੀ ਦੀ ਟੈਂਕੀ ਬੰਦ ਹੋਣ ਦੀ ਕਗਾਰ 
’ਤੇ ਪਹੁੰਚ ਗਈ। 
ਉਨ੍ਹਾਂ ਦੱਸਿਆ ਕਿ ਛੇ-ਛੇ ਮਹੀਨੇ ਐਡਵਾਂਸ ਬਿੱਲ ਦਿੱਤੇ ਜਾਣ ਦੇ ਬਾਵਜੂਦ ਪੇਂਡੂ ਲੋਕਾਂ ਨੂੰ ਸ਼ੁੱਧ ਪਾਣੀ ਨਸੀਬ ਨਹੀਂ ਹੋ ਰਿਹਾ ਤੇ ਉਹ ਦੂਸ਼ਿਤ  ਪਾਣੀ ਪੀਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਬਿੱਲ ਨਾ ਤਾਰੇ ਜਾਣ 
ਕਰਕੇ ਬਿਜਲੀ ਕੁਨੈਕਸ਼ਨ ਵੀ ਮਹੀਨੇ ਤੋਂ ਕੱਟਿਆ ਹੋਇਆ ਹੈ ਤੇ ਉਨ੍ਹਾਂ ਨੂੰ ਪਾਣੀ ਮੁਹੱਈਆ ਨਹੀਂ ਹੋ ਰਿਹਾ।
ਕੀ ਕਹਿਣਾ ਹੈ ਸਰਪੰਚ ਦਾ : ਇਸ ਸਬੰਧੀ ਪੁੱਛੇ ਜਾਣ ’ਤੇ ਪਿੰਡ ਦੇ ਸਰਪੰਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਵਸੋਂ ਘੱਟ ਹੈ ਅਤੇ ਉਪਰੋਕਤ ਲਾਈ ਗਈ ਟੈਂਕੀ ਦਾ ਖਰਚ ਜ਼ਿਆਦਾ ਹੈ, ਜਿਸ ਕਰਕੇ ਉਹ ਮਹਿਕਮੇ ਨੂੰ ਕਈ ਵਾਰ ਕਹਿ ਚੁੱਕੇ ਹਨ ਅਤੇ ਉਨ੍ਹਾਂ ਜਲਦ ਹੀ ਬਿੱਲ ਜਮ੍ਹਾ ਕਰਵਾ ਕੇ ਟੈਂਕੀ ਚਾਲੂ ਕਰਨ ਦਾ ਭਰੋਸਾ ਦਿੱਤਾ।


Related News