ਓਵਰਡੋਜ਼ ਕਾਰਨ ਮਰੇ ਜੱਸਾ ਨੂੰ ਨਸ਼ਾ ਸਪਲਾਈ ਕਰਨ ਵਾਲਾ ਗ੍ਰਿਫਤਾਰ

09/26/2018 6:24:22 AM

ਜਲੰਧਰ,  (ਜ. ਬ.)-  ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਡੇਅਰੀ ਮਾਲਕ ਜੱਸਾ ਦੀ ਮੌਤ ਦੇ ਮਾਮਲੇ ’ਚ ਪੁਲਸ ਨੇ ਜੱਸਾ ਨੂੰ ਨਸ਼ਾ ਵੇਚਣ ਵਾਲੇ ਸਮੱਗਲਰ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਹੋਇਆ ਨੌਜਵਾਨ ਕਤਲ ਕੇਸ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਪਰ 2015 ਤੋਂ ਉਹ ਜ਼ਮਾਨਤ ’ਤੇ ਹੈ। ਪੁਲਸ ਨੇ ਜੱਸਾ ਦੀ ਮੋਬਾਇਲ ਡਿਟੇਲ ੇ ਨੰਬਰਾਂ ਜ਼ਰੀਏ ਉਸ ਦੇ 2 ਦੋਸਤਾਂ ਨੂੰ ਵੀ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ  ਤੋਂ ਪੁੱਛਗਿੱਛ ’ਚ ਸਾਰੀ ਸੱਚਾਈ ਸਾਹਮਣੇ ਆਈ। ਏ. ਡੀ. ਸੀ. ਪੀ.-2 ਸੂਡਰਵਿਜੀ ਨੇ ਦੱਸਿਆ ਕਿ ਜੱਸਾ ਦੀ ਮੌਤ ਤੋਂ ਬਾਅਦ ਥਾਣਾ ਨੰ. 6 ਦੇ ਮੁਖੀ ਓਂਕਾਰ ਸਿੰਘ ਬਰਾੜ  ਇਸ ਮਾਮਲੇ ਦੀ ਜਾਂਚ ਕਰ ਰਹੇ ਸਨ। ਪੁਲਸ ਨੇ ਜਸਪ੍ਰੀਤ ਉਰਫ ਜੱਸਾ ਪੁੱਤਰ ਭੁਪਿੰਦਰ ਸਿੰਘ ਵਾਸੀ ਲਤੀਫਪੁਰਾ ਮੁਹੱਲਾ ਦੀ ਮੋਬਾਇਲ ਡਿਟੇਲ ਖੰਗਾਲੀ ਤਾਂ ਸਭ ਤੋਂ ਜ਼ਿਆਦਾ ਉਸ ਦੀ ਗੱਲ 2 ਨੰਬਰਾਂ ’ਤੇ ਹੁੰਦੀ ਸੀ। ਉਹ ਨੰਬਰ ਜੱਸਾ ਦੇ ਦੋਸਤ ਅਭੀਜੋਤ ਉਰਫ ਰਿੱਕੀ ਪੁੱਤਰ ਦਲਜੀਤ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ ਤੇ ਦਰਸ਼ਨਦੀਪ ਦਰਸ਼ੀ ਪੁੱਤਰ ਗੁਰਦੀਪ ਸਿੰਘ ਵਾਸੀ ਐੱਫ. ਸੀ. ਆਈ. ਕਾਲੋਨੀ ਦੇ ਸਨ। 
ਪੁਲਸ ਨੇ ਦੋਵਾਂ ਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਦੋਵੇਂ 10 ਸਾਲਾਂ ਤੋਂ ਨਸ਼ਾ ਕਰ ਰਹੇ ਹਨ। ਉਨ੍ਹਾਂ ਜੱਸਾ ਨੂੰ ਵੀ ਨਸ਼ੇ ਦੀ ਲਤ ਲਗਵਾ ਦਿੱਤੀ ਕਿਉਂਕਿ ਜੱਸਾ ਪੈਸੇ ਵਾਲਾ ਸੀ ਤੇ ਉਨ੍ਹਾਂ ਦੋਵਾਂ ਦਾ ਖਰਚਾ ਵੀ ਉਠਾ ਸਕਦਾ ਸੀ। ਹੌਲੀ-ਹੌਲੀ  ਇਨ੍ਹਾਂ ਦੋਵਾਂ ਦੋਸਤਾਂ ਨੇ ਜੱਸਾ ਨੂੰ ਨਸ਼ੇ ਦੀ ਦਲ-ਦਲ ’ਚ ਫਸਾ ਦਿੱਤਾ ਤੇ ਉਸ ਦੇ ਪੈਸਿਅਾਂ ਨਾਲ ਖੁਦ ਵੀ ਨਸ਼ਾ ਕਰਨ ਲੱਗੇ। ਰਿੱਕੀ ਤੇ ਦਰਸ਼ੀ ਨੇ ਪੁੱਛਗਿੱਛ ’ਚ ਦੱਸਿਆ ਸੀ ਕਿ  ਜਿਸ ਦਿਨ ਜੱਸੇ ਦੀ ਮੌਤ ਹੋਈ ਉਦੋਂ ਉਨ੍ਹਾਂ ਇਕੱਠੇ ਨਸ਼ਾ ਕੀਤਾ ਸੀ। ਉਨ੍ਹਾਂ ਉਹ ਨਸ਼ਾ ਦੀਪਕ ਦੀਪਾ ਪੁੱਤਰ ਹਰਬੰਸ ਲਾਲ ਵਾਸੀ ਦਸਮੇਸ਼ ਨਗਰ ਤੋਂ ਖਰੀਦਿਆ ਸੀ। ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਤਾਂ ਜੇਲ ਭੇਜ ਦਿੱਤਾ ਪਰ ਦੀਪਾ ਅਜੇ ਫਰਾਰ ਸੀ। 
ਸੋਮਵਾਰ ਨੂੰ ਪੁਲਸ ਨੂੰ ਸੂਚਨਾ ਮਿਲੀ ਕਿ ਦੀਪਾ ਬੱਸ ਸਟੈਂਡ ਨੇੜੇ ਘੁੰਮ ਰਿਹਾ ਹੈ। ਥਾਣਾ ਨੰ. 6 ਦੀ ਪੁਲਸ ਨੇ ਬੱਸ ਸਟੈਂਡ ਨਜ਼ਦੀਕ  ਰੇਡ  ਕਰ ਕੇ ਦੀਪਾ ਨੂੰ ਕਾਬੂ ਕਰ ਲਿਆ। ਪੁੱਛਗਿੱਛ ’ਚ ਦੀਪਾ ਨੇ ਕਬੂਲਿਆ ਕਿ ਉਸ ਨੇ ਜੱਸਾ ਨੂੰ ਨਸ਼ਾ ਵੇਚਿਆ ਸੀ। ਉਸ ਦੇ ਘਰੋਂ ਵੀ ਨਸ਼ੇ ਵਾਲਾ ਪਦਾਰਥ ਪੁਲਸ ਨੇ ਬਰਾਮਦ ਕੀਤਾ ਹੈ। ਦੀਪਾ ਖਿਲਾਫ ਥਾਣਾ ਬਸਤੀ ਬਾਵਾ ਖੇਲ ’ਚ ਮਈ 2011 ’ਚ ਕਤਲ ਕੇਸ ਦਰਜ ਹੋਇਆ ਸੀ। ਕੋਰਟ ਨੇ ਉਸ ਨੂੰ ਕਤਲ ਕੇਸ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਹੈ ਪਰ 2015 ਤੋਂ ਉਹ ਜ਼ਮਾਨਤ ’ਤੇ ਹੈ ਤੇ ਬਾਹਰ ਆ ਕੇ ਨਸ਼ਾ ਵੇਚਣ ਦਾ ਧੰਦਾ ਕਰਨਾ ਸ਼ੁਰੂ ਕਰ ਦਿੱਤਾ। ਪੁਲਸ ਦੀਪਾ ਨੂੰ ਰਿਮਾਂਡ ’ਤੇ ਲੈ ਕੇ ਹੋਰ ਨਸ਼ਾ ਸਮੱਗਲਰਾਂ ਬਾਰੇ ਪੁੱਛਗਿੱਛ ਕਰ ਰਹੀ ਹੈ।
 


Related News