ਸਹੀ ਲਾਇਸੈਂਸ ਨੂੰ ਗਲਤ ਠਹਿਰਾਉਣ ਦੇ ਮਾਮਲੇ ''ਚ ਆਇਆ ਨਵਾਂ ਮੋੜ

Wednesday, Mar 06, 2019 - 11:37 AM (IST)

ਸਹੀ ਲਾਇਸੈਂਸ ਨੂੰ ਗਲਤ ਠਹਿਰਾਉਣ ਦੇ ਮਾਮਲੇ ''ਚ ਆਇਆ ਨਵਾਂ ਮੋੜ

ਜਲੰਧਰ (ਅਮਿਤ)— ਨਕੋਦਰ ਦੇ ਇਕ ਲਾਇਸੈਂਸਧਾਰਕ ਜਿਸ ਦਾ ਲਾਇਸੈਂਸ ਲਗਭਗ 6 ਸਾਲ ਪਹਿਲਾਂ ਬਣਿਆ ਸੀ, ਉਸ ਲਾਇਸੈਂਸ ਨੂੰ ਜਾਅਲੀ ਠਹਿਰਾ ਕੇ ਅਰਜ਼ੀ ਸਵੀਕਾਰ ਕਰਨ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਡੂੰਘਾਈ ਨਾਲ ਜਾਂਚ ਕਰਨ 'ਤੇ ਪਤਾ ਲੱਗਾ ਕਿ ਲਾਇਸੈਂਸ ਜਾਅਲੀ ਨਹੀਂ ਹੈ ਸਗੋਂ ਕਿਸੇ ਹੋਰ ਕਰਮਚਾਰੀ ਵੱਲੋਂ ਵਰਤੀ ਗਈ ਕੋਤਾਹੀ ਦੀ ਉਸ ਨੂੰ ਸਜ਼ਾ ਦਿੱਤੀ ਗਈ ਸੀ। ਇਸ ਗੰਭੀਰ ਮਾਮਲੇ ਵਿਚ ਸੱਚਾਈ ਸਾਹਮਣੇ ਆਉਣ 'ਤੇ ਜਿੱਥੇ ਲਾਇਸੈਂਸਧਾਰਕ ਨੂੰ ਰਾਹਤ ਪ੍ਰਾਪਤ ਹੋਈ ਹੈ, ਉਥੇ ਦੋਸ਼ੀ ਦਾ ਵੀ ਪਤਾ ਲੱਗ ਗਿਆ।

ਕਿਵੇਂ ਸੁਲਝਿਆ ਮਾਮਲਾ, ਕਿੱਥੇ ਹੋਈ ਸੀ ਗਲਤੀ?
ਦਿਲਪ੍ਰੀਤ ਸਿੰਘ ਤੱਖਰ ਪੁੱਤਰ ਬਲਰਾਜ ਸਿੰਘ ਵਾਸੀ ਪਿੰਡ ਅੱਲੋਵਾਲ, ਤਹਿਸੀਲ ਨਕੋਦਰ, ਜ਼ਿਲਾ ਜਲੰਧਰ ਜਿਸ ਨੂੰ ਪਿਛਲੇ ਹਫਤੇ ਟ੍ਰੈਕ 'ਤੇ ਆਪਣਾ ਹੈਵੀ ਲਾਇਸੈਂਸ ਰੀਨਿਊ ਕਰਵਾਉਣ ਦੌਰਾਨ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਤੁਹਾਡਾ ਪੁਰਾਣਾ ਲਾਇਸੈਂਸ ਜਾਅਲੀ ਹੈ ਕਿਉਂਕਿ ਉਸ ਦਾ ਰਿਕਾਰਡ ਕੰਪਿਊਟਰ 'ਚ ਨਜ਼ਰ ਨਹੀਂ ਆ ਰਿਹਾ ਹੈ। ਸਰਕਾਰੀ ਕਰਮਚਾਰੀਆਂ ਨੇ ਲਾਇਸੈਂਸ ਦਾ ਪੁਰਾਣਾ ਰਿਕਾਰਡ ਚੰਗੀ ਤਰ੍ਹਾਂ ਨਾਲ ਖੰਗਾਲਿਆ, ਜਿਸ ਤੋਂ ਬਾਅਦ ਹੈਰਾਨ ਕਰਨ ਵਾਲੀ ਗੱਲ ਇਹ ਸਾਹਮਣੇ ਆਈ ਕਿ ਦਿਲਪ੍ਰੀਤ ਨੇ ਨਕੋਦਰ ਤੋਂ ਸਾਲ 2012 'ਚ ਸਕੂਟਰ-ਕਾਰ ਦਾ ਲਾਇਸੈਂਸ ਬਣਵਾਇਆ ਸੀ।


ਨਕੋਦਰ ਐੱਸ. ਡੀ. ਐੱਮ. ਦਫਤਰ ਤੋਂ ਉਸ ਦਾ ਲਾਇਸੈਂਸ ਨੰਬਰ ਪੀ. ਬੀ. 3320120003216 ਜਾਰੀ ਕੀਤਾ ਗਿਆ, ਜੋ ਕਿ 12 ਮਾਰਚ 2032 ਤੱਕ ਸੀ। ਪਹਿਲਾ ਲਾਇਸੈਂਸ ਬਣਾਉਣ ਤੋਂ ਬਾਅਦ 2015 'ਚ ਉਸ ਨੇ ਐੱਲ. ਐੱਮ. ਵੀ.-ਜੀ. ਵੀ. ਕੈਟਾਗਰੀ ਦੀ ਐਡੀਸ਼ਨ ਕਰਵਾਈ ਸੀ ਅਤੇ ਫੋਟੋ ਕਰਵਾ ਕੇ ਨਵਾਂ ਲਾਇਸੈਂਸ ਪ੍ਰਿੰਟ ਜਾਰੀ ਕੀਤਾ ਗਿਆ ਸੀ। ਇਸ ਦੌਰਾਨ ਨਕੋਦਰ 'ਚ ਬਣੇ ਪੁਰਾਣੇ ਲਾਇਸੈਂਸ ਦੀ ਬੈਕਲਾਗ ਐਂਟਰੀ ਕਰਨ ਦੇ ਪੱਧਰ 'ਤੇ ਕੋਤਾਹੀ  ਵਰਤੀ ਗਈ, ਜਿਸ ਦਾ ਨਤੀਜਾ ਇਹ ਨਿਕਲਿਆ ਕਿ 2019 'ਚ ਉਸ ਦਾ ਲਾਇਸੈਂਸ ਜਾਅਲੀ ਕਰਾਰ ਦਿੱਤਾ ਗਿਆ। ਦਰਅਸਲ ਹੈਵੀ ਲਾਇਸੈਂਸ ਕੈਟਾਗਰੀ ਦੀ ਐਡੀਸ਼ਨ ਕਰਦੇ ਸਮੇਂ ਪੁਰਾਣੇ ਲਾਇਸੈਂਸ ਬਾਰੇ ਨਹੀਂ ਦੱਸਿਆ ਗਿਆ, ਜਿਸ ਦਾ ਨਤੀਜਾ ਦਿਲਪ੍ਰੀਤ ਦਾ ਲਾਇਸੈਂਸ ਆਨਲਾਈਨ ਤਾਂ ਨਜ਼ਰ  ਆਉਣ ਲੱਗਾ ਪਰ ਉਸ ਦਾ ਪਹਿਲਾ ਲਾਇਸੈਂਸ ਕਿੱਥੇ ਬਣਿਆ ਅਤੇ ਕਿਸ ਨੰਬਰ 'ਤੇ ਬਣਿਆ, ਇਸ ਦੀ ਜਾਣਕਾਰੀ ਆਨਲਾਈਨ ਦਰਜ ਨਹੀਂ ਕੀਤੀ ਗਈ। ਕਰਮਚਾਰੀਆਂ ਦਾ ਮੰਨਣਾ ਹੈ ਕਿ ਸ਼ਾਇਦ ਉਸ ਨੇ ਕਿਸੇ ਏਜੰਟ ਦੀ ਮਦਦ ਨਾਲ ਸਿੱਧਾ ਹੀ ਹੈਵੀ ਲਾਇਸੈਂਸ ਬਣਵਾ ਲਿਆ ਸੀ, ਇਸ ਲਈ ਉਸ ਨੂੰ ਜਾਅਲੀ ਦੱਸਿਆ ਗਿਆ ਸੀ।

ਬਿਨੇਕਾਰ ਨੂੰ ਜਾਰੀ ਹੋਵੇਗਾ ਲਾਇਸੈਂਸ, ਦੋਸ਼ੀ ਦੇ ਖਿਲਾਫ ਹੋਵੇਗੀ ਕਾਰਵਾਈ : ਸੈਕਟਰੀ ਆਰ. ਟੀ. ਏ.
ਸੈਕਟਰੀ ਆਰ. ਟੀ. ਏ. ਨਇਨ ਜੱਸਲ ਨੇ ਕਿਹਾ ਕਿ ਲਾਇਸੈਂਸ ਦੇ ਰਿਕਾਰਡ ਦੀ ਜਾਂਚ ਕਰਨ ਤੋਂ ਸਾਰਾ ਮਾਮਲਾ ਸਾਫ ਹੋ ਗਿਆ ਹੈ, ਇਸ ਲਈ ਬਿਨੇਕਾਰ ਨੂੰ ਲਾਇਸੈਂਸ ਜਾਰੀ ਕਰ ਦਿੱਤਾ ਜਾਵੇਗਾ। ਜਿਥੇ  ਤੱਕ ਇਸ ਮਾਮਲੇ ਵਿਚ ਕੋਤਾਹੀ ਵਰਤਣ ਵਾਲੇ ਕਰਮਚਾਰੀ ਦਾ ਸਵਾਲ ਹੈ ਤਾਂ ਉਸ ਦੇ  ਖਿਲਾਫ ਬਣਦੀ ਕਾਰਵਾਈ ਲਈ ਹੈੱਡ ਆਫਿਸ ਨੂੰ ਲਿਖਿਆ ਜਾਵੇਗਾ ਤਾਂ ਜੋ ਭਵਿੱਖ ਵਿਚ ਅਜਿਹੀ ਗਲਤੀ  ਦੁਬਾਰਾ ਨਾ ਕੀਤੀ ਜਾ ਸਕੇ।


author

shivani attri

Content Editor

Related News