ਪਿਛਲੇ ਸਾਲ 52 ਪੰਛੀਆਂ ਸਮੇਤ ਦਰਜਨਾਂ ਇਨਸਾਨਾਂ ਲਈ ਜਾਨ ਦਾ ਖ਼ਤਰਾ ਬਣੀ ਚਾਈਨਾ ਡੋਰ

01/09/2021 12:24:26 PM

ਜਲੰਧਰ(ਜ. ਬ.)–ਚਾਈਨਾ ਡੋਰ ਦੇ ਕਹਿਰ ਨਾਲ ਸਿਰਫ਼ ਇਨਸਾਨ ਹੀ ਨਹੀਂ, ਪਸ਼ੂ-ਪੰਛੀ ਵੀ ਪ੍ਰਭਾਵਿਤ ਹੋ ਰਹੇ ਹਨ ਪਰ ਇਸਦੇ ਬਾਵਜੂਦ ਸੂਬੇ ਵਿਚ ਚਾਈਨਾ ਡੋਰ ਦੀ ਵਿਕਰੀ ’ਤੇ ਸਖ਼ਤੀ ਨਾਲ ਪਾਬੰਦੀ ਲਾਉਣ ਵਿਚ ਸਰਕਾਰ ਤੇ ਪ੍ਰਸ਼ਾਸਨ ਅਸਫ਼ਲ ਸਾਬਿਤ ਹੋ ਰਹੇ ਹਨ। ‘ਪੰਜਾਬ ਕੇਸਰੀ ਗਰੁੱਪ’ ਵੱਲੋਂ ਚਾਈਨਾ ਡੋਰ ਦੇ ਕਹਿਰ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ, ਜਿਸ ਨਾਲ ਆਮ ਲੋਕਾਂ ਵਿਚ ਕਾਫ਼ੀ ਹੱਦ ਤੱਕ ਜਾਗਰਿਤੀ ਫੈਲੀ ਹੈ ਪਰ ਦੂਜੇ ਪਾਸੇ ਸ਼ਹਿਰ ਦੇ ਕਈ ਅਜਿਹੇ ਇਲਾਕੇ ਹਨ, ਜਿਥੇ ਅੰਦਰਖਾਤੇ ਚਾਈਨਾ ਡੋਰ ਦੇ ਗੱਟੂ ਨੌਜਵਾਨਾਂ ਨੂੰ ਸਸਤੇ ਭਾਅ ਵੇਚੇ ਜਾ ਰਹੇ ਹਨ। ਇਨ੍ਹਾਂ ਵਿਚੋਂ ਭਾਰਗੋ ਕੈਂਪ, ਅਲੀ ਮੁਹੱਲਾ, ਅਟਾਰੀ ਬਾਜ਼ਾਰ ਅਤੇ ਗਾਂਧੀ ਕੈਂਪ ਜਿਹੇ ਕਈ ਇਲਾਕੇ ਹਨ, ਜਿਥੇ ਚਾਈਨਾ ਡੋਰ ਨਾਲ ਪਤੰਗਾਂ ਉੱਡਦੀਆਂ ਦੇਖੀਆਂ ਜਾ ਰਹੀਆਂ ਹਨ।
ਦਰਜਨਾਂ ਪਸ਼ੂ-ਪੰਛੀਆਂ ਅਤੇ ਇਨਸਾਨਾਂ ਦੀ ਜਾਨ ਲਈ ਖਤਰਾ ਬਣ ਚੁੱਕੀ ਹੈ ਚਾਈਨਾ ਡੋਰ
ਚਾਈਨਾ ਡੋਰ ਦਾ ਖਤਰਾ ਇਨਸਾਨਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸ ਨਾਲ ਕਈ ਜਾਨਵਰ ਤੇ ਪੰਛੀ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਮਾਮਲੇ ਬਾਰੇ ਜੰਗਲਾਤ ਵਿਭਾਗ ਤੋਂ ਪ੍ਰਾਪਤ ਡਾਟਾ ਅਨੁਸਾਰ ਪਿਛਲੇ ਸਾਲ ਦੌਰਾਨ 52 ਪੰਛੀਆਂ ਦੇ ਕੇਸ ਵਿਭਾਗ ਕੋਲ ਪਹੁੰਚੇ ਸਨ। ਚਾਈਨਾ ਡੋਰ ਕਾਰਣ ਬੁਰੀ ਤਰ੍ਹਾਂ ਜ਼ਖ਼ਮੀ ਵਿਅਕਤੀਆਂ ਦੀ ਜਾਨ ਵੀ ਚਲੀ ਗਈ। ਵਿਭਾਗ ਦੇ ਅਧਿਕਾਰੀ ਐੱਚ. ਐੱਸ. ਰੰਧਾਵਾ ਨੇ ਦੱਸਿਆ ਕਿ ਪਿਛਲੇ ਸਾਲ ਦੌਰਾਨ 52 ਪੰਛੀ ਜੰਗਲਾਤ ਵਿਭਾਗ ਵੱਲੋਂ ਚਾਈਨਾ ਡੋਰ ਨਾਲ ਜ਼ਖ਼ਮੀ ਰਿਕਾਰਡ ਹੋਏ, ਜਿਨ੍ਹਾਂ ਨੂੰ ਇਲਾਜ ਵੀ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਵਧੇਰੇ ਪੰਛੀ ਕਬੂਤਰ, ਉੱਲੂ, ਕਾਂ, ਚੀਲ, ਬਗਲੇ ਅਤੇ ਚਿੜੀਆਂ ਸਨ। ਉਨ੍ਹਾਂ ਦੱਸਿਆ ਕਿ ਚਾਈਨਾ ਡੋਰ ਬੇਜ਼ੁਬਾਨ ਪੰਛੀਆਂ ਲਈ ਕਿੰਨੀ ਖਤਰਨਾਕ ਹੈ, ਬਾਰੇ ਖ਼ਬਰਾਂ ਅਖਬਾਰਾਂ ਵਿਚ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਸਭ ਦੇ ਬਾਵਜੂਦ ਲੋਕ ਅਜੇ ਵੀ ਚਾਈਨਾ ਡੋਰ ਦਾ ਮੋਹ ਨਹੀਂ ਤਿਆਗ ਰਹੇ। ਚਾਈਨਾ ਡੋਰ ਨਾਲ ਜ਼ਖ਼ਮੀ ਪੰਛੀਆਂ ਦਾ ਡਾਟਾ ਤਾਂ ਜੰਗਲਾਤ ਵਿਭਾਗ ਕੋਲੋਂ ਪ੍ਰਾਪਤ ਹੋ ਗਿਆ ਪਰ ਇਸ ਨਾਲ ਜਾਨਵਰ ਕਿੰਨੇ ਜ਼ਖ਼ਮੀ ਹੋਏ, ਉਨ੍ਹਾਂ ਦਾ ਡਾਟਾ ਨਹੀਂ ਮਿਲ ਸਕਿਆ।
ਸਿਵਲ ਸਰਜਨ ਡਾ. ਬਲਵੰਤ ਸਿੰਘ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਦਸਿੱਆ ਕਿ ਚਾਈਨਾ ਡੋਰ ਨਾਲ ਛੋਟੇ ਬੱਚੇ ਅਤੇ ਆਮ ਲੋਕ ਲਗਾਤਾਰ ਜ਼ਖ਼ਮੀ ਹੁੰਦੇ ਰਹੇ ਹਨ ਪਰ ਉਨ੍ਹਾਂ ਦਾ ਡਾਟਾ ਫਿਲਹਾਲ ਸਿਵਲ ਹਸਪਤਾਲ ਕੋਲ ਨਹੀਂ ਹੈ। ਸਿਵਲ ਸਰਜਨ ਨੇ ਦੱਸਿਆ ਕਿ ਚਾਈਨਾ ਡੋਰ ਇਨਸਾਨ ਦੀ ਜਾਨ ਲਈ ਵੀ ਖਤਰਨਾਕ ਹੈ ਅਤੇ ਵਾਤਾਵਰਣ ਲਈ ਵੀ। ਲੋਕਾਂ ਨੂੰ ਪਤੰਗਬਾਜ਼ੀ ਲਈ ਪੰਜਾਬ ਦੀ ਬਣੀ ਡੋਰ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਹੜੀ ਇਕ ਸਮੇਂ ਬਾਅਦ ਖੁਦ ਹੀ ਗਲ਼ ਕੇ ਖਤਮ ਹੋ ਜਾਂਦੀ ਹੈ ਪਰ ਚਾਈਨਾ ਡੋਰ ਨਾਈਲੋਨ ਅਤੇ ਘਟੀਆ ਕਿਸਮ ਦੇ ਪਲਾਸਟਿਕ ਦੀ ਬਣੀ ਹੁੰਦੀ ਹੈ, ਜਿਹੜੀ ਕਈ ਸਾਲ ਤੱਕ ਖਤਮ ਨਹੀਂ ਹੁੰਦੀ ਅਤੇ ਇਸ ਨਾਲ ਜ਼ਖ਼ਮੀ ਹੋਏ ਕਈ ਪੰਛੀ ਅਤੇ ਲੋਕ ਆਪਣੀ ਜਾਨ ਤੋਂ ਧੋ ਚੁੱਕੇ ਹਨ। ਇਸ ਬਾਰੇ ਪੁਲਸ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।


Aarti dhillon

Content Editor

Related News