ਹਵਾਈ ਖੇਤਰ ''ਤੇ ਪੰਛੀਆਂ ਦੇ ਖ਼ਤਰੇ ਨੂੰ ਰੋਕਣ ਸਬੰਧਿਤ ਵਿਭਾਗਾਂ ਨੂੰ ਹਦਾਇਤ
Saturday, Sep 13, 2025 - 11:03 AM (IST)

ਮੋਹਾਲੀ (ਰਣਬੀਰ) : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸਾਰੇ ਸਬੰਧਿਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਹਵਾਈ ਖੇਤਰ ਅਤੇ ਇਸ ਦੇ ਆਲੇ-ਦੁਆਲੇ ਪੰਛੀਆਂ ਦੇ ਖ਼ਤਰੇ ਨੂੰ ਰੋਕਣ ਲਈ ਸਖ਼ਤ ਅਤੇ ਸਮਾਂਬੱਧ ਉਪਾਅ ਅਪਣਾਉਣ ਤਾਂ ਜੋ ਉਡਾਣ ਸੁਰੱਖਿਆ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾ ਸਕੇ। ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਹਵਾਈ ਸੈਨਾ ਦੇ ਅਧਿਕਾਰੀਆਂ ਨਾਲ ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਵਾਬਾਜ਼ੀ ਸੁਰੱਖਿਆ ਲਈ ਏਅਰਫੀਲਡ ਖੇਤਰ ’ਚ ਪੰਛੀਆਂ ਦੀ ਉਡਾਣ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਲਾਜ਼ਮੀ ਹੈ। ਹਵਾਈ ਫ਼ੌਜ ਦੇ ਅਧਿਕਾਰੀਆਂ ਨੇ ਏਅਰਫੀਲਡ ਦੇ ਸੀਮਤ ਘੇਰੇ ਦੇ ਅੰਦਰ ਕੂੜੇ ਦੇ ਡੰਪ, ਮੀਟ ਦੀਆਂ ਦੁਕਾਨਾਂ ਅਤੇ ਕਬੂਤਰਾਂ ਨੂੰ ਦਾਣਾ ਪਾਉਣ ’ਤੇ ਗੰਭੀਰ ਚਿੰਤਾ ਜ਼ਾਹਰ ਕੀਤੀ, ਜੋ ਸੁਰੱਖਿਅਤ ਹਵਾਈ ਕਾਰਜਾਂ ਲਈ ਸੰਭਾਵੀ ਖ਼ਤਰੇ ਪੈਦਾ ਕਰਦੇ ਹਨ।
ਹਵਾਈ ਫ਼ੌਜ ਦੇ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੰਦੇ ਹੋਏ ਮਿੱਤਲ ਨੇ ਨਗਰ ਕੌਂਸਲਾਂ, ਪੰਚਾਇਤ ਅਤੇ ਪੇਂਡੂ ਵਿਕਾਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਭਵਾਤ, ਬਿਸ਼ਨਪੁਰਾ, ਕੰਡਾਲਾ, ਬਡਮਾਜਰਾ ਅਤੇ ਜਗਤਪੁਰਾ ਵਰਗੇ ਪਹਿਲਾਂ ਹੀ ਸ਼ਨਾਖ਼ਤ ਕੀਤੇ ਹੋਏ ਸੰਵੇਦਨਸ਼ੀਲ ਖੇਤਰਾਂ ’ਚ ਫ਼ੈਸਲਾਕੁੰਨ ਕਾਰਵਾਈਆਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਏ.ਡੀ.ਸੀ. (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਐੱਸ. ਡੀ. ਐੱਮ ਮੋਹਾਲੀ ਦਮਨਦੀਪ ਕੌਰ, ਐੱਸ. ਡੀ. ਐੱਮ ਡੇਰਾਬੱਸੀ ਅਮਿਤ ਗੁਪਤਾ ਅਤੇ ਸਹਾਇਕ ਕਮਿਸ਼ਨਰ, ਐੱਮ. ਸੀ. ਮੋਹਾਲੀ ਰੰਜੀਵ ਕੁਮਾਰ ਨੂੰ ਤੁਰੰਤ ਜ਼ਮੀਨੀ ਪੱਧਰ ’ਤੇ ਸਾਵਧਾਨੀ ਉਪਾਅ ਕਰਨ ਦੇ ਨਿਰਦੇਸ਼ ਦਿੱਤੇ, ਜਿਨ੍ਹਾਂ ’ਚ ਨਿਰਧਾਰਤ ਖੇਤਰ ’ਚ ਮੀਟ ਦੀਆਂ ਦੁਕਾਨਾਂ ’ਤੇ ਸਖ਼ਤ ਪਾਬੰਦੀ, ਕੂੜੇ ਦੇ ਡੰਪਾਂ ਅਤੇ ਖੁੱਲ੍ਹੇ ਨਾਲਿਆਂ ਦੀ ਨਿਰੰਤਰ ਨਿਗਰਾਨੀ ਅਤੇ ਸਫਾਈ ਅਤੇ ਏਅਰਫੀਲਡ ਖੇਤਰ ਦੇ ਨੇੜੇ ਕਬੂਤਰਾਂ ਨੂੰ ਖੁਆਉਣਾ ਜਾਂ ਖੇਡ ਗਤੀਵਿਧੀਆਂ ’ਤੇ ਪਾਬੰਦੀ ਸ਼ਾਮਲ ਹੈ।
ਡੀ. ਸੀ. ਨੇ ਕਿਹਾ ਕਿ ਏਅਰਫੀਲਡ ਦੇ ਆਲੇ-ਦੁਆਲੇ ਸਾਫ਼ ਅਤੇ ਪੰਛੀ-ਮੁਕਤ ਵਾਤਾਵਰਣ ਬਣਾਈ ਰੱਖਣਾ ਸਾਰੇ ਵਿਭਾਗਾਂ ਦੀ ਸਮੂਹਿਕ ਜ਼ਿੰਮੇਵਾਰੀ ਹੈ ਅਤੇ ਦੁਹਰਾਇਆ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਏਅਰਫੀਲਡ ਦੇ ਆਲੇ-ਦੁਆਲੇ ਸਾਫ਼ ਅਤੇ ਪੰਛੀ-ਮੁਕਤ ਵਾਤਾਵਰਣ ਬਣਾਈ ਰੱਖਣਾ ਸਾਰੇ ਵਿਭਾਗਾਂ ਦੀ ਸਮੂਹਿਕ ਜ਼ਿੰਮੇਵਾਰੀ ਹੈ ਅਤੇ ਦੁਹਰਾਇਆ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।