ਹੜ੍ਹਾਂ ਵਿਚਾਲੇ ਮੋਹਾਲੀ ਜ਼ਿਲ੍ਹੇ ਦੇ ਲੋਕਾਂ ਲਈ ਨਵਾਂ ਖ਼ਤਰਾ! 2 ਮੌਤਾਂ ਮਗਰੋਂ ਬੁਰੀ ਤਰ੍ਹਾਂ ਡਰੇ ਲੋਕ

Saturday, Aug 30, 2025 - 12:36 PM (IST)

ਹੜ੍ਹਾਂ ਵਿਚਾਲੇ ਮੋਹਾਲੀ ਜ਼ਿਲ੍ਹੇ ਦੇ ਲੋਕਾਂ ਲਈ ਨਵਾਂ ਖ਼ਤਰਾ! 2 ਮੌਤਾਂ ਮਗਰੋਂ ਬੁਰੀ ਤਰ੍ਹਾਂ ਡਰੇ ਲੋਕ

ਮੋਹਾਲੀ (ਰਣਬੀਰ) : ਪਿਛਲੇ ਕਰੀਬ 12 ਤੋਂ 15 ਦਿਨਾਂ ਦਰਮਿਆਨ ਪਿੰਡ ਸੋਹਾਣਾ ’ਚ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਡਾਇਰੀਆ, ਹੈਜਾ ਤੇ ਟਾਈਫਾਈਡ ਸਣੇ ਹੋਰ ਬੀਮਾਰੀਆਂ ਤੋਂ ਪੀੜਤ ਮਰੀਜ਼ ਸਾਹਮਣੇ ਆ ਰਹੇ ਹਨ। ਹੁਣ ਤੱਕ 2 ਬਜ਼ੁਰਗਾਂ ਦੀ ਮੌਤ ਹੋ ਗਈ ਹੈ, ਜਿਸ ਕਾਰਨ ਲੋਕਾਂ ’ਚ ਡਰ ਵੱਧ ਗਿਆ ਹੈ। ਵਾਰਡ-32 ਦੇ ਕੌਂਸਲਰ ਹਰਜੀਤ ਸਿੰਘ ਬੈਦਵਾਨ ਨੇ ਦੱਸਿਆ ਕਿ ਕਈ ਦਿਨਾਂ ਤੋਂ ਦੂਸ਼ਿਤ ਪਾਣੀ ਘਰਾਂ ’ਚ ਸਪਲਾਈ ਹੋ ਰਿਹਾ ਹੈ, ਜਿਸ ਕਾਰਨ ਲੋਕ ਬੀਮਾਰ ਹੋ ਰਹੇ ਹਨ। 4 ਦਿਨ ਪਹਿਲਾਂ ਬਜ਼ੁਰਗ ਸੁਰੇਸ਼ ਸ਼ਰਮਾ (70) ਤੇ ਸ਼ੁੱਕਰਵਾਰ ਨੂੰ ਇਕ ਹੋਰ ਬਜ਼ੁਰਗ ਹਰਨੇਕ ਸਿੰਘ (75) ਦੀ ਮੌਤ ਹੋ ਗਈ। ਹਾਲੇ ਵੀ ਇਲਾਕੇ ’ਚ 35 ਤੋਂ 40 ਲੋਕ ਬੀਮਾਰ ਹਨ, ਜਿਨ੍ਹਾਂ ’ਚ ਕਈਆਂ ਦਾ ਇਲਾਜ ਹਸਪਤਾਲ ’ਚ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਅਸਲਾ ਲਾਇਸੈਂਸ ਅਪਲਾਈ ਕਰਨ ਨੂੰ ਲੈ ਕੇ ਆਈ ਵੱਡੀ ਖ਼ਬਰ, ਹੋ ਜਾਓ ਸਾਵਧਾਨ ਨਹੀਂ ਤਾਂ...

ਇਕ ਔਰਤ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਲਾਜ ’ਚ 2 ਤੋਂ ਢਾਈ ਲੱਖ ਰੁਪਏ ਲੱਗ ਗਏ ਹਨ। ਇੰਨਾ ਹੀ ਨਹੀਂ, ਉਨ੍ਹਾਂ ਦੇ ਪਰਿਵਾਰ ’ਚ ਘਰਵਾਲੀ ਤੇ ਪੁੱਤਰ ਬੀਮਾਰ ਹਨ। ਸਿਹਤ ਵਿਭਾਗ ਦੀ ਟੀਮ ਵਲੋਂ ਲੋਕਾਂ ਨੂੰ ਬਚਾਅ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਪਰ ਬਾਰਸ਼ ਹੋਣ ਕਾਰਨ ਗੰਦੇ ਪਾਣੀ ਦੀ ਸਪਲਾਈ ’ਚ ਸੁਧਾਰ ਨਹੀਂ ਹੋ ਰਿਹਾ। ਪਾਈਪ ਲਾਈਨ ਪੁਰਾਣੀ ਹੋਣ ਕਾਰਨ ਸੀਵਰੇਜ ਦਾ ਮਿਕਸ ਹੋ ਕੇ ਪਾਣੀ ਆ ਰਿਹਾ ਹੈ। ਬੇਸ਼ੱਕ ਨਿਗਮ ਵੱਲੋਂ ਸਫ਼ਾਈ ਕਰਵਾ ਦਿੱਤੀ ਜਾਂਦੀ ਹੈ ਪਰ ਅਜਿਹੀ ਕਾਰਵਾਈ ਸਿਰਫ਼ ਆਰਜ਼ੀ ਸਾਬਤ ਹੁੰਦੀ ਹੈ, ਕਿਉਂਕਿ ਜਦੋਂ ਵੀ ਬਾਰਸ਼ ਹੁੰਦੀ ਹੈ ਤਾਂ ਪਾਣੀ ਮੁੜ ਤੋਂ ਦੂਸ਼ਿਤ ਹੋ ਕੇ ਘਰਾਂ ਤੱਕ ਪੁੱਜਦਾ ਹੈ। ਉਨ੍ਹਾਂ ਮੰਗ ਕੀਤੀ ਕਿ ਏਰੀਆ ’ਚ ਸੀਵਰੇਜ ਦੀ ਰੈਗੂਲਰ ਸਫ਼ਾਈ ਨਾਲ ਪੀਣ ਵਾਲੇ ਪਾਣੀ ਦੀਆਂ ਖ਼ਸਤਾ ਪਾਈਪਾਂ ਦੀ ਮੁਰੰਮਤ ਕਰਵਾਈ ਜਾਵੇ ਜਾਂ ਨਵੇਂ ਸਿਰੇ ਤੋਂ ਪਾਈਪਾਂ ਵਿਛਾਇਆਂ ਜਾਣ।

ਇਹ ਵੀ ਪੜ੍ਹੋ : Mohali Alert : ਰਾਤ ਨੂੰ ਫਿਰ ਖੁੱਲ੍ਹੇ ਫਲੱਡ ਗੇਟ! ਘੱਗਰ ਮਚਾ ਸਕਦੈ ਤਬਾਹੀ, ਪ੍ਰਸ਼ਾਸਨ ਵਲੋਂ ਅਲਰਟ ਜਾਰੀ
ਪਹਿਲਾਂ ਤੋਂ ਹੋਰ ਬੀਮਾਰੀਆਂ ਤੋਂ ਪੀੜਤ ਸਨ ਬਜ਼ੁਰਗ
ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਜਿਨ੍ਹਾਂ 2 ਵਿਅਕਤੀਆਂ ਦੀ ਮੌਤ ਹੋਈ ਹੈ, ਉਹ ਪਹਿਲਾਂ ਤੋਂ ਦੂਜੀ ਬੀਮਾਰੀ ਤੋਂ ਪੀੜਤ ਸਨ। ਹੋ ਸਕਦਾ ਹੈ ਡਾਇਰੀਆ ਆਦਿ ਦੀ ਸ਼ਿਕਾਇਤ ਬਾਅਦ ’ਚ ਪੇਸ਼ ਆਈ ਹੋਵੇ। ਹਾਲਾਂਕਿ ਸ਼ਨੀਵਾਰ ਨੂੰ ਟੀਮ ਭੇਜ ਕੇ ਹਾਲਾਤ ਦਾ ਜਾਇਜ਼ਾ ਲਿਆ ਜਾਵੇਗਾ। ਉੱਧਰ ਮੋਹਾਲੀ ਨਿਗਮ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਅਨੁਸਾਰ ਅਜਿਹੀ ਕੋਈ ਜਾਣਕਾਰੀ ਧਿਆਨ ’ਚ ਨਹੀਂ ਹੈ, ਨਾ ਹੀ ਸਬੰਧਿਤ ਕੌਂਸਲਰ ਵੱਲੋਂ ਇਸ ਬਾਰੇ ਕੋਈ ਗੱਲ ਕੀਤੀ ਗਈ ਹੈ, ਪਰ ਜਾਂਚ ਕਰਵਾਈ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News