ਦਾਜ ਦੀ ਖਾਤਰ ਵਿਆਹੁਤਾ ਨੂੰ ਤੰਗ ਕਰਨ ਵਾਲੇ ਸਹੁਰਾ ਪਰਿਵਾਰ ਖਿਲਾਫ਼ ਮਾਮਲਾ ਦਰਜ

06/05/2020 11:43:45 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਕੁਲਦੀਸ਼, ਮੋਮੀ,ਸ਼ਰਮਾ): ਪਿੰਡ ਕਲਿਆਣਪੁਰ ਨਾਲ ਸਬੰਧਤ ਇਕ ਵਿਆਹੁਤਾ ਨੂੰ ਦਾਜ ਦੀ ਖਾਤਰ ਤੰਗ ਪ੍ਰੇਸ਼ਾਨ ਕਰਨ ਵਾਲੇ ਉਸ ਦੇ ਸਹੁਰਾ ਪਰਿਵਾਰ ਖਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਟਾਂਡਾ ਪੁਲਸ ਨੇ ਮਾਮਲਾ ਹਰਵਿੰਦਰ ਕੌਰ ਪੁੱਤਰੀ ਜਸਪਾਲ ਸਿੰਘ ਨਿਵਾਸੀ ਜਸਪਾਲ ਸਿੰਘ ਨਿਵਾਸੀ ਕਲਿਆਣਪੁਰ ਦੇ ਬਿਆਨ ਦੇ ਆਧਾਰ ਤੇ ਉਸ ਦੇ ਪਤੀ ਜਤਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ, ਸੱਸ ਬਲਵੀਰ ਕੌਰ ਅਤੇ ਦਿਓਰ ਦਮਿੰਦਰ  ਸਿੰਘ ਨਿਵਾਸੀ 13 ਮਨਜੀਤ ਨਗਰ ਬਸਤੀ ਗੁਜ਼ਾਂ ਜਲੰਧਰ ਦੇ ਖਿਲਾਫ਼ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹਰਵਿੰਦਰ ਕੌਰ ਨੇ 25 ਨਵੰਬਰ 2019 ਨੂੰ ਮਾਣਯੋਗ ਐੱਸ.ਐੱਸ.ਪੀ. ਹੁਸ਼ਿਆਰਪੁਰ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਾਇਆ ਸੀ ਕਿ ਉਕਤ ਮੁਲਜ਼ਮ ਉਸ ਨੂੰ ਦਾਜ ਲਈ ਤੰਗ ਪਰੇਸ਼ਾਨ ਕਰਦੇ ਹਨ।

ਆਪਣੇ ਬਿਆਨ 'ਚ ਹਰਵਿੰਦਰ ਨੇ ਦੱਸਿਆ ਕਿ ਉਸਦਾ ਵਿਆਹ 2018 'ਚ ਅਮਰੀਕਾ ਰਹਿੰਦੇ ਜਤਿੰਦਰ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸਦੇ ਸਹੁਰਾ ਪਰਵਾਰ ਦੇ ਮੈਂਬਰ ਉਸਨੂੰ ਘੱਟ ਦਾਜ ਲਿਆਉਣ ਕਰਕੇ ਤੰਗ ਕਰਨ ਲੱਗੇ ਅਤੇ ਉਸ ਨਾਲ ਮਾਰਕੁਟਾਈ ਵੀ ਕੀਤੀ ਗਈ ਅਤੇ ਬਾਅਦ 'ਚ ਇਨੋਵਾ ਦੀ ਮੰਗ ਕਰਦੇ ਹੋਏ ਕਹਿਣ ਲੱਗੇ ਕਿ ਜੇ ਮੰਗ ਪੂਰੀ ਨਹੀਂ ਕਰ ਸਕਦੇ ਤਾਂ ਉਹ ਆਪਣੇ ਪੇਕੇ ਘਰ ਰਹੇ। ਪੰਚਾਇਤ ਦੇ ਸਮਝਾਉਣ ਤੇ ਵੀ ਉਹ ਨਹੀਂ ਮੰਨੇ। ਉਸ ਨੇ ਦੋਸ਼ ਲਾਉਂਦੇ ਕਿਹਾ ਕਿ ਉਸਦੇ ਪਤੀ ਨੇ ਵਿਦੇਸ਼ 'ਚ ਵੀ ਵਿਆਹ ਕਰਵਾਇਆ ਹੈ ਅਤੇ ਉਸਦੇ ਤਿੰਨ ਬੱਚੇ ਵੀ ਹਨ। ਇਸਦੀ ਜਾਣਕਾਰੀ ਉਸਨੇ ਉਸਨੂੰ ਨਹੀਂ ਦਿੱਤੀ ਸੀ। ਹੁਣ ਉਹ ਉਸ ਨਾਲ ਤਲਾਕ ਲੈਣ ਦੀਆਂ ਧਮਕੀਆਂ ਦੇ ਰਿਹਾ ਹੈ। ਪੁਲਸ ਨੂੰ  ਸ਼ਿਕਾਇਤ ਮਿਲਣ ਉਪਰੰਤ ਡੀ.ਐੱਸ.ਪੀ. ਟਾਂਡਾ ਵਲੋਂ ਪੜਤਾਲ ਤੋਂ ਬਾਅਦ ਹੁਣ ਟਾਂਡਾ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News