ਨਕਲੀ ਮਠਿਆਈਆਂ ਵੇਚਣ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਜ਼ਿਲਾ ਸਿਹਤ ਅਫਸਰ

09/20/2019 1:05:10 AM

ਟਾਂਡਾ ਉਡ਼ਮੁਡ਼, (ਗੁਪਤਾ)- ਜ਼ਿਲਾ ਹੈਲਥ ਅਫ਼ਸਰ ਡਾ. ਸੁਰਿੰਦਰ ਸਿੰਘ ਨੇ ਅੱਜ ਟਾਂਡਾ ਵਿਖੇ ਹਲਵਾਈਆਂ ਅਤੇ ਕਰਿਆਨੇ ਦੇ ਦੁਕਾਨਦਾਰਾਂ ਨਾਲ ਨਕਲੀ ਦੁੱਧ, ਖੋਏ ਦੀਆਂ ਮਠਿਆਈਆਂ, ਨਕਲੀ ਪਨੀਰ ਆਦਿ ਤੋਂ ਮਠਿਆਈਆਂ ਬਣਾਉਣ ਵਾਲੇ ਦੁਕਾਨਦਾਰਾਂ ਖਿਲਾਫ਼ ਵਿਭਾਗ ਵੱਲੋਂ ਸਖਤ ਕਾਰਵਾਈ ਕਰਨ ਬਾਰੇ ਇਕ ਮੀਟਿੰਗ ਕੀਤੀ। ਇਸ ਮੌਕੇ ਫੂਡ ਸੇਫਟੀ ਅਫਸਰ ਰਮਨ ਵਿਰਦੀ, ਪਰਮਜੀਤ ਸਿੰਘ, ਰਾਮ ਲੁਭਾਇਆ ਤੇ ਅਸ਼ੋਕ ਕੁਮਾਰ ਵੀ ਉਨ੍ਹਾਂ ਨਾਲ ਸਨ। ਇਸ ਮੀਟਿੰਗ ਮੌਕੇ ਹਲਵਾਈ ਯੂਨੀਅਨ ਟਾਂਡਾ ਦੇ ਪ੍ਰਧਾਨ ਲਖਵਿੰਦਰ ਸਿੰਘ ਤੇ ਦੁਕਾਨਦਾਰ ਐਸੋਸੀਏਸ਼ਨ ਟਾਂਡਾ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਜ਼ਿਲਾ ਸਿਹਤ ਅਫ਼ਸਰ ਨੇ ਕਿਹਾ ਕਿ ਕੋਈ ਵੀ ਦੁਕਾਨਦਾਰ ਨਕਲੀ ਦੁੱਧ, ਨਕਲੀ ਖੋਏ ਜਾਂਂ ਕਿਸੇ ਵੀ ਤਰ੍ਹਾਂ ਦੀ ਨਕਲੀ ਮਠਿਆਈ ਤਿਆਰ ਕਰ ਕੇ ਨਾ ਵੇਚੇ ਕਿਉਂਕਿ ਅਜਿਹੀਆਂ ਮਠਿਆਈਆਂ ਲੋਕਾਂ ਦੀ ਸਿਹਤ ਖਰਾਬ ਕਰਦੀਆਂ ਹਨ। ਇਨ੍ਹਾਂ ਨਕਲੀ ਮਠਿਆਈਆਂ ਵੇਚਣ ਵਾਲਿਆਂ ਖਿਲਾਫ਼ ਸਿਹਤ ਵਿਭਾਗ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮਠਿਆਈਆਂ ਬਣਾਉਣ ਵਾਲੀ ਰਸੋਈ ਘਰ ਵਿਚ ਪੂਰੀ ਤਰ੍ਹਾਂ ਸਫਾਈ ਹੋਣੀ ਚਾਹੀਦੀ ਹੈ, ਕਾਰੀਗਰ ਤੇ ਵਰਕਰ ਸਾਫ ਸੁਥਰੇ ਕੱਪਡ਼ੇ ਪਹਿਨਣ, ਸਿਰ ’ਤੇ ਟੋਪੀ ਅਤੇ ਹੱਥਾਂ ’ਚ ਗਲਵਜ਼ ਪਹਿਨ ਕੇ ਕੰਮ ਕਰਨ ਕਿਉਂਕਿ ਗੰਦਗੀ ’ਚ ਤਿਆਰ ਮਠਿਆਈ ਵੀ ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਠਿਆਈ ਤਿਆਰ ਕਰਨ ਵਾਲੇ ਕਾਰੀਗਰ ਦਾ ਮੈਡੀਕਲ ਹੋਣਾ ਵੀ ਬਹੁਤ ਜ਼ਰੂਰੀ ਹੈ। ਸਿਹਤ ਅਫ਼ਸਰ ਨੇ ਕਿਹਾ ਕਿ ਕਿਸੇ ਵੀ ਮਠਿਆਈ ਵਿਚ ਪਾਉਣ ਵਾਲਾ ਰੰਗ ਮਿੱਥੀ ਹੋਈ ਮਾਤਰਾ ਅਨੁਸਾਰ ਹੀ ਪਾਇਆ ਜਾਵੇ, ਲੋਡ਼ ਤੋਂ ਵੱਧ ਰੰਗ ਕੋਈ ਦੁਕਾਨਦਾਰ ਨਹੀਂ ਪਾਏਗਾ ਕਿਉਂਕਿ ਅਜਿਹੀਆਂ ਮਠਿਆਈਆਂ ਸਿਹਤ ’ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ। ਲੋਡ਼ ਤੋਂ ਵੱਧ ਰੰਗ ਪਾਉਣਾ ਵੀ ਵਿਭਾਗ ਵੱਲੋਂ ਕਾਨੂੰਨੀ ਤੌਰ ’ਤੇ ਬੰਦ ਹੈ। ਕਰਿਆਨੇ ਵਾਲਿਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੋਈ ਵੀ ਦੁਕਾਨਦਾਰ ਤੰਬਾਕੂ ਤੋਂ ਤਿਆਰ ਪਦਾਰਥ ਨਹੀਂ ਵੇਚ ਸਕਦੇ, ਅਜਿਹਾ ਕਰਨਾ ਕਾਨੂੰਨੀ ਜੁਰਮ ਹੈ। ਜੇ ਕਿਸੇ ਨੇ ਤੰਬਾਕੂ ਪਦਾਰਥ ਵੇਚਣੇ ਹਨ ਤਾਂ ਵਿਭਾਗ ਵੱਲੋਂ ਲਾਇਸੈਂਸ ਲੈ ਕੇ ਹੀ ਵੇਚ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਟਾਂਡਾ ਇਲਾਕੇ ਦੇ ਸਾਰੇ ਦੁਕਾਨਦਾਰਾਂ ਨੂੰ ਮੀਟਿੰਗ ’ਚ ਅਪੀਲ ਕਰਨ ਆਏ ਹਨ ਕਿ ਸਿਹਤ ਵਿਭਾਗ ਤੇ ਫੂਡ ਸਪਲਾਈ ਵਿਭਾਗ ਦੇ ਲਾਗੂ ਨਿਯਮਾਂ ਅਨੁਸਾਰ ਮਠਿਆਈਆਂ, ਸਹੀ ਦੁੱਧ, ਸਹੀ ਪਨੀਰ, ਸਹੀ ਖੋਏ ਨਾਲ ਤਿਆਰ ਕੀਤੀਆਂ ਮਠਿਆਈਆਂ ਹੀ ਵੇਚਣ। ਤੰਬਾਕੂ ਪਦਾਰਥ ਵੇਚਣ ਵੇਲੇ ਜੋ ਵੀ ਦੁਕਾਨਦਾਰ ਨਿਯਮਾਂ ਦੀ ਉਲੰਘਣਾ ਕਰੇਗਾ ਸਿਹਤ ਵਿਭਾਗ ਤੇ ਫੂਡ ਸਪਲਾਈ ਵਿਭਾਗ ਵੱਲੋਂ ਉਸ ਦੁਕਾਨਦਾਰ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹਲਵਾਈ ਮਹੇਸ਼ ਸਵੀਟ ਸ਼ਾਪ, ਮੁਲਤਾਨੀ ਸਵੀਟ ਸ਼ਾਪ, ਜੇ.ਕੇ. ਕਰਿਆਨਾ ਸਟੋਰ, ਰੌਣਕੀ ਕਰਿਆਨਾ ਸਟੋਰ, ਸੁਰਿੰਦਰ ਪੁਰੀ, ਰਾਜ ਸੋਂਧੀ, ਬਲਦੇਵ ਮਿੱਤਰ ਤੋਂ ਇਲਾਵਾ ਹੋਰ ਬਹੁਤ ਸਾਰੇ ਦੁਕਾਨਦਾਰ ਹਾਜ਼ਰ ਸਨ।


Bharat Thapa

Content Editor

Related News