ਹੜ੍ਹ ਰੋਕੂ ਕਮੇਟੀ ਨੇ ਪਾਰਲੀਮੈਂਟ ਮੈਂਬਰਾਂ ਅੱਗੇ ਰੱਖੀ ਸਤਲੁਜ ਦਰਿਆ ਦੀ ਨਿਸ਼ਾਨਦੇਹੀ ਕਰਵਾਉਣ ਦੀ ਮੰਗ

Monday, Mar 11, 2024 - 10:01 PM (IST)

ਲੋਹੀਆਂ ਖਾਸ (ਰਾਜਪੂਤ )- ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਦੋ ਪਾਰਲੀਮੈਂਟ ਮੈਂਬਰਾਂ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸ਼ੁਸ਼ੀਲ ਰਿੰਕੂ ਅੱਗੇ ਮੰਗ ਰੱਖੀ ਕਿ ਸਤਲੁਜ ਦਰਿਆ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਅਤੇ ਧੁੱਸੀ ਬੰਨ੍ਹ ਉਪਰ ਗਿੱਦੜਪਿੰਡੀ ਤੋਂ ਲੈ ਕੇ ਫਿਲੌਰ ਤੱਕ ਪੱਕੀ ਸੜਕ ਬਣਾਈ ਜਾਵੇ। ਇਲਾਕੇ ਦੇ ਲੋਕਾਂ ਨੇ ਇਸ ਮੰਗ ਨੂੰ ਬਾਖੂਬੀ ਉਭਾਰਿਆ ਕਿ ਦਰਿਆ ਅੰਦਰ ਹੋਏ ਨਜ਼ਾਇਜ਼ ਕਬਜ਼ਿਆਂ ਨੂੰ ਉਸੇ ਤਰਜ਼ 'ਤੇ ਹਟਾਇਆ ਜਾਵੇ ਜਿਵੇਂ ਪੰਚਾਇਤੀ ਵਿਭਾਗ ਨਜ਼ਾਇਜ਼ ਕਬਜ਼ਿਆਂ ਨੂੰ ਹਟਾ ਰਿਹਾ ਹੈ। ਲੋਕਾਂ ਨੇ ਇਕਜੁਟਤਾ ਨਾਲ ਕਿਹਾ ਕਿ ਨਜ਼ਾਇਜ਼ ਕਬਜ਼ੇ ਹੀ ਹੜ੍ਹ ਆਉਣ ਦਾ ਮੁੱਖ ਕਾਰਨ ਬਣਦੇ ਆ ਰਹੇ ਹਨ। 

ਗੱਟਾ ਮੁੰਡੀ ਕਾਸੂ ਧੁੱਸੀ ਬੰਨ੍ਹ 'ਤੇ ਚੱਲ ਰਹੀ ਸ੍ਰੀ ਆਖੰਡ ਪਾਠ ਸਾਹਿਬਾਂ ਦੀ ਲੜੀ ਅਕਾਲ ਪੁਰਖ ਦੇ ਸ਼ੁਕਰਾਨੇ ਨਾਲ ਸਮਾਪਤ ਹੋ ਗਈ ਹੈ। ਇਸ ਲੜੀ ਤਹਿਤ 8 ਪਾਠਾਂ ਦੇ ਭੋਗ ਪਾਏ ਗਏ। ਇਸੇ ਦੌਰਾਨ ਹੜ੍ਹਾਂ ਵਿੱਚ ਮਦਦ ਕਰਨ ਵਾਲੇ 550 ਦੇ ਕਰੀਬ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਲੋਕ ਸਭਾ ਮੈਂਬਰ ਸ਼ੁਸ਼ੀਲ ਕੁਮਾਰ ਰਿੰਕੂ ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਇਹ ਬੜੀਆਂ ਹੀ ਸਪੱਸ਼ਟ ਹਿਦਾਇਤਾਂ ਹਨ ਕਿ ਦਰਿਆਵਾਂ ਦੇ ਅੰਦਰ ਅਤੇ ਧੁੱਸੀ ਬੰਨ੍ਹ ’ਤੇ ਕਿਸੇ ਵੀ ਤਰ੍ਹਾਂ ਦੇ ਨਜ਼ਾਇਜ਼ ਕਬਜ਼ਿਆਂ ਦਾ ਸਹਿਣ ਨਹੀ ਕੀਤਾ ਜਾਵੇਗਾ। 

PunjabKesari
       
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਗਿੱਦੜਪਿੰਡੀ ਤੋਂ ਫਿਲੌਰ ਤੱਕ ਧੁੱਸੀ ਬੰਨ੍ਹ ਲਗਭਗ 80 ਕਿਲੋਮੀਟਰ ਦੇ ਕਰੀਬ ਹੈ। ਇੱਥੇ ਪੱਕੀ ਸੜਕ ਬਣਾਉਣ ਲਈ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਈ ਵਾਰ ਪੱਤਰ ਲਿਖਿਆ ਸੀ। ਮੁੱਖ ਮੰਤਰੀ ਪੰਜਾਬ ਵੱਲੋਂ ਪਿਛਲੇ ਸਾਲ 12 ਜੂਨ ਨੂੰ ਪੰਜਾਬ ਭਵਨ ਵਿੱਚ ਮੰਤਰੀ ਪੱਧਰ ਦੀ ਮੀਟਿੰਗ ਕਰਵਾਈ ਗਈ ਸੀ, ਜਿਸ ਵਿੱਚ ਇਹ ਸੜਕ ਬਣਾਉਣ ਲਈ ਕਰੀਬ 118 ਕੋਰੜ ਰੁਪਏ ਖਰਚ ਆਉਣ ਦਾ ਅਨੁਮਾਨ ਲਗਾਇਆ ਗਿਆ ਸੀ। ਸੰਤ ਸੀਚੇਵਾਲ ਨੇ ਕਿਹਾ ਕਿ ਉਹ ਇਹ ਸੜਕ ਬਣਾਉਣ ਲਈ ਸੰਜੀਦੀਗੀ ਨਾਲ ਲੱਗੇ ਹੋਏ ਹਨ।

PunjabKesari

ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸ਼ੁਸ਼ੀਲ ਰਿੰਕੂ ਨੇ ਕਿਹਾ ਕਿ ਦਰਿਆ ਦੇ ਅੰਦਰਲੇ ਨਜ਼ਾਇਜ਼ ਕਬਜ਼ਿਆਂ ਨੂੰ ਕਿਸੇ ਵੀ ਹੱਦ ਤੱਕ ਸਹਿਣ ਨਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਨਜ਼ਾਇਜ਼ ਕਬਜ਼ਾ ਧਾਰੀ ਹਨ ਉਨ੍ਹਾਂ ਦੇ ਕਾਰਨ ਦਰਿਆ ਦੇ ਬਾਹਰ ਬੈਠੇ ਹਜ਼ਾਰਾਂ ਕਿਸਾਨਾਂ ਦੀਆਂ ਜਿੱਥੇ ਫਸਲਾਂ ਬਰਬਾਦ ਹੁੰਦੀਆਂ ਹਨ ਉੱਥੇ ਹੀ ਉਨ੍ਹਾਂ ਦੀ ਜਾਨ ਵੀ ਖਤਰੇ ਵਿੱਚ ਪੈ ਜਾਂਦੀ ਹੈ। ਉਨ੍ਹਾਂ ਸਮਾਗਮ ਵਿੱਚ ਹਾਜ਼ਰ ਸ਼ਾਹਕੋਟ ਡਿਵੀਜ਼ਨ ਦੇ ਐੱਸ.ਡੀ.ਐੱਮ. ਰਿਸ਼ਭ ਬਾਂਸਲ ਨੂੰ ਹਿਦਾਇਤਾਂ ਕੀਤੀਆਂ ਕਿ ਉਹ ਨਜ਼ਾਇਜ਼ ਕਬਜ਼ਿਆਂ ਹਟਾਉਣ ਨੂੰ ਤਰਜੀਹ ਦੇਣ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News