'ਨੌਜਵਾਨ ਦੇ ਕਤਲ ਨੂੰ ਪੁਲਸ ਦੱਸ ਰਹੀ ਹਾਦਸਾ !' ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਨੇ ਕੀਤਾ ਚੱਕਾ ਜਾਮ
Wednesday, Feb 12, 2025 - 06:05 AM (IST)

ਲਾਂਬੜਾ (ਵਰਿੰਦਰ)- ਥਾਣਾ ਲਾਂਬੜਾ ਦੇ ਅਧੀਨ ਆਉਂਦੇ ਨਜ਼ਦੀਕੀ ਪਿੰਡ ਤਾਜਪੁਰ ਦੇ ਨੇੜਿਓਂ ਬੀਤੇ ਦਿਨੀਂ ਸੌਰਵ (19) ਪੁੱਤਰ ਪਰਮਜੀਤ ਵਾਸੀ ਪਿੰਡ ਕਲਿਆਣਪੁਰ ਕਾਲੋਨੀਆਂ ਭੇਦਭਰੀ ਹਾਲਤ ਵਿਚ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ ਸੀ, ਜੋ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ਼ ਸੀ। ਅੱਜ ਉਸ ਦੀ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ।
ਇਸ ਘਟਨਾ ਮਗਰੋਂ ਮ੍ਰਿਤਕ ਦੇ ਸਮਰਥਕਾਂ ਨੇ ਲਾਂਬੜਾ ਪੁਲਸ ਤੇ ਦੋਸ਼ ਲਗਾਇਆ ਕਿ ਪੁਲਸ ਵੱਲੋਂ ਕੇਸ ਵਿੱਚ ਸਹੀ ਕਾਰਵਾਈ ਨਹੀਂ ਕੀਤੀ ਜਾ ਰਹੀ। ਪੁਲਸ ਕਤਲ ਕੇਸ ਨੂੰ ਸੜਕ ਹਾਦਸਾ ਦੱਸ ਰਹੀ ਹੈ, ਜਦ ਕਿ ਇਹ ਕਤਲ ਦਾ ਕੇਸ ਹੈ। ਇਸ ਦੇ ਵਿਰੋਧ ਵਿਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਵੱਲੋਂ ਸ਼ਾਮ ਕਰੀਬ 5 ਵਜੇ ਭਾਰੀ ਗਿਣਤੀ ਵਿਚ ਇਕੱਠੇ ਹੋ ਕੇ ਥਾਣੇ ਅੱਗੇ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ ਗਈ। ਇਸ ਦੇ ਨਾਲ ਹੀ ਲਾਂਬੜਾ-ਕਲਿਆਣਪੁਰ ਸੜਕ 'ਤੇ ਵਾਹਨ ਖੜ੍ਹੇ ਕਰ ਕੇ ਚੱਕਾ ਜਾਮ ਕਰ ਦਿੱਤਾ ਗਿਆ।
ਇਸ ਮੌਕੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਤੇ ਸਮਰਥਕਾਂ ਨੇ ਦੱਸਿਆਂ ਕਿ ਉਨ੍ਹਾਂ ਦੇ ਲੜਕੇ ਦਾ ਕਤਲ ਕੀਤਾ ਗਿਆ ਹੈ। ਬੀਤੀ 8 ਫਰਵਰੀ ਦੀ ਰਾਤ ਨੂੰ ਜਦੋਂ ਇਹ ਵਾਰਦਾਤ ਹੋਈ ਤਾਂ ਮ੍ਰਿਤਕ ਦੇ ਨਾਲ ਮੋਟਰਸਾਈਕਲ 'ਤੇ ਉਸ ਦਾ ਇਕ ਦੋਸਤ ਹਨੀ ਵੀ ਮੌਜੂਦ ਸੀ, ਜਿਸ ਦਾ ਦੱਸਣਾ ਹੈ ਕਿ ਉਸ ਰਾਤ ਸਵਿਫ਼ਟ ਕਾਰ ਸਵਾਰ ਨਜ਼ਦੀਕੀ ਪਿੰਡ ਦੇ ਇਕ ਲੜਕੇ ਨੇ ਆਪਣੇ ਤਿੰਨ ਦੋਸਤਾਂ ਨਾਲ ਮਿਲ ਕੇ ਉਨ੍ਹਾਂ ਦੋਵਾਂ ਦੀ ਕੁੱਟਮਾਰ ਕੀਤੀ ਸੀ। ਉਸ ਰਾਤ ਸਵਿਫ਼ਟ ਕਾਰ ਇਕ ਵੀਡੀਓ ਫੁਟੇਜ ਵਿਚ ਦਿਖਾਈ ਵੀ ਦੇ ਰਹੀ ਹੈ। ਇਸ ਤੋਂ ਇਲਾਵਾਂ ਜ਼ਖ਼ਮੀ ਨੌਜਵਾਨ ਸੜਕ ਦੀਆਂ ਗਰਿੱਲਾ ਦੇ ਪਾਰ ਪਿਆ ਸੀ। ਮ੍ਰਿਤਕ ਦੇ ਸਮਰਥਕਾਂ ਨੇ ਦੱਸਿਆਂ ਕਿ ਇਸ ਤੋਂ ਇਲਾਵਾ ਉਨ੍ਹਾਂ ਨੂੰ ਕੁਝ ਹੋਰ ਤੱਥ ਵੀ ਪ੍ਰਾਪਤ ਹੋਏ ਹਨ, ਜੋ ਕਤਲ ਵੱਲ ਇਸ਼ਾਰਾ ਕਰਦੇ ਹਨ।
ਪੁਲਸ ਵਲੋਂ ਗੰਭੀਰਤਾ ਨਾਲ ਜਾਂਚ ਜਾਰੀ ਹੈ: ਥਾਣਾ ਮੁਖੀ ਬਿਕਰਮ ਸਿੰਘ
ਇਸ ਸਬੰਧੀ ਥਾਣਾ ਮੁਖੀ ਬਿਕਰਮ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਇਸ ਕੇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਵਿਚ ਪੁਲਸ ਨੂੰ ਸੜਕ ਹਾਦਸੇ ਵਿਚ ਮੌਤ ਦਾ ਸ਼ੱਕ ਹੈ, ਪਰ ਜਾਂਚ ਅਜੇ ਪੂਰੀ ਨਹੀਂ ਹੋਈ ਹੈ, ਪੁਲਸ ਦੀ ਜਾਂਚ ਪੂਰੀ ਹੋਣ 'ਤੇ ਪੂਰਾ ਇਨਸਾਫ਼ ਕੀਤਾ ਜਾਵੇਗਾ। ਇਸ ਕੇਸ ਵਿਚ ਜੇਕਰ ਕੋਈ ਦੋਸ਼ੀ ਸਾਬਤ ਹੋਵੇਗਾ ਤਾਂ ਉਸ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਮਾਮਲਾ ਭੱਖਦੇ ਦੇਖ ਮੌਕੇ 'ਤੇ ਸੁਰਿੰਦਰ ਪਾਲ ਧੋਗੜੀ ਡੀ.ਐੱਸ.ਪੀ. ਕਰਤਾਰਪੁਰ ਪਹੁੰਚੇ। ਉਨਾਂ ਵਲੋਂ ਮ੍ਰਿਤਕ ਦੇ ਸਮਰਥਕਾਂ ਨਾਲ ਥਾਣੇ ਵਿਚ ਗੱਲਬਾਤ ਕੀਤੀ ਗਈ। ਪਰ ਇਸ 'ਤੇ ਵੀ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ। ਇਸ ਉਪਰੰਤ ਪ੍ਰਦਰਸ਼ਨਕਾਰੀਆਂ ਵਲੋਂ ਰੋਸ ਵਜੋਂ ਜਲੰਧਰ-ਨਕੋਦਰ ਮੁੱਖ ਸੜਕ ਮਾਰਗ 'ਤੇ ਚੱਕਾ ਜਾਮ ਕਰ ਕੇ ਭਾਰੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ।
ਇਸ ਦੌਰਾਨ ਸੜਕ ਦੋਵੇਂ ਪਾਸੇ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ। ਖ਼ਬਰ ਲਿਖਣ ਤਕ ਰੋਸ ਪ੍ਰਦਰਸ਼ਨ ਉਸੇ ਤਰ੍ਹਾਂ ਜਾਰੀ ਸੀ। ਇਸ ਦੌਰਾਨ ਆਉਣ-ਜਾਣ ਵਾਲੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਇਹ ਵੀ ਪੜ੍ਹੋ- India's Got Latent 'ਚ ਜਾ ਕੇ ਬੁਰਾ ਫ਼ਸਿਆ ਰਣਵੀਰ ਅਲਾਹਾਬਾਦੀਆ, BPraak ਨੇ ਰੱਦ ਕੀਤਾ Podcast
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e