ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਦਾ ਦਿੱਲੀ ਕਮੇਟੀ ਪ੍ਰਬੰਧਕਾਂ ਨੇ ਕੀਤਾ ਸਵਾਗਤ
Tuesday, Feb 18, 2025 - 01:29 AM (IST)

ਅੰਮ੍ਰਿਤਸਰ (ਸਰਬਜੀਤ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਹਰਜਿੰਦਰ ਸਿੰਘ ਧਾਮੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਸਵਾਗਤ ਕਰਦੇ ਹੋਏ ਇਸ ਨੂੰ ਦੇਰ ਨਾਲ ਸਹੀ ਪਰ ਅੰਦਰੂਨੀ ਆਵਾਜ਼ ਸੁਣ ਕੇ ਲਿਆ ਗਿਆ ਫੈਸਲਾ ਦੱਸਿਆ ਹੈ।
ਹਰਮੀਤ ਸਿੰਘ ਕਾਲਕਾ ਅਤੇ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਹਾਲਾਂਕਿ ਹਰਜਿੰਦਰ ਸਿੰਘ ਧਾਮੀ ਨੂੰ 2 ਦਸੰਬਰ ਨੂੰ ਹੀ ਆਪਣਾ ਅਹੁਦਾ ਛੱਡਣਾ ਚਾਹੀਦਾ ਸੀ, ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਦੁਆਰਾ ਬਣਾਈ ਗਈ 7 ਮੈਂਬਰਾਂ ਦੀ ਟੀਮ ਦੇ ਗਠਨ ਸਮੇਤ ਹੋਰ ਫੈਸਲੇ ਨੂੰ ਪਾਸੇ ਹਟਾ ਕੇ ਸਿਰਫ ਇਕ ਪਰਿਵਾਰ ਨੂੰ ਬਚਾਉਣ ਲਈ ਕੌਮ ਨੂੰ ਦਾਅ 'ਤੇ ਲਗਾ ਦਿੱਤਾ ਸੀ। ਉਸ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ 'ਤੇ ਬੇਬੁਨਿਆਦ ਦੋਸ਼ ਇੱਕ ਅਜਿਹੇ ਵਿਅਕਤੀ ਵੱਲੋਂ ਲਗਾਏ ਗਏ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਸੀ, ਪਰ ਉਸ ਨੂੰ ਆਧਾਰ ਬਣਾ ਕੇ ਉਨ੍ਹਾਂ ਦੀ ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ। ਉਸ ਸਮੇਂ ਵੀ ਧਾਮੀ ਨੂੰ ਇਸ ਦਾ ਵਿਰੋਧ ਕਰਦੇ ਹੋਏ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਸੀ, ਪਰ ਚਲੋ ਦੇਰ ਨਾਲ ਹੀ ਸਹੀ, ਅੱਜ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੇ ਆਪਣੀ ਅੰਦਰੂਨੀ ਆਵਾਜ਼ ਸੁਣ ਕੇ ਫੈਸਲਾ ਲਿਆ ਅਤੇ ਆਪਣੇ ਅਹੁਦਾ ਤੋਂ ਅਸਤੀਫਾ ਦਿੱਤਾ, ਉਸ ਨਾਲ ਉਨ੍ਹਾਂ ਦੀ ਇੱਜ਼ਤ ਵਿੱਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਹੋ ਕੇ ਪੰਜਾਬ ਪਹੁੰਚਦਿਆਂ ਹੀ ਗ੍ਰਿਫ਼ਤਾਰ ਹੋਇਆ ਪੁਲਸ ਮੁਲਾਜ਼ਮ ਦਾ ਪੁੱਤ
ਉਨ੍ਹਾਂ ਕਿਹਾ ਕਿ ਹਾਲਾਂਕਿ ਉਨ੍ਹਾਂ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਨਾਲ ਦਿੱਲੀ ਕਮੇਟੀ ਪ੍ਰਬੰਧਕਾਂ ਨੂੰ ਕੁਝ ਹੱਦ ਤੱਕ ਦੁੱਖ ਵੀ ਹੋਇਆ ਹੈ ਕਿਉਂਕਿ ਹਰਜਿੰਦਰ ਸਿੰਘ ਧਾਮੀ ਇਕ ਇਮਾਨਦਾਰ ਅਤੇ ਸੂਝਵਾਨ ਵਿਅਕਤੀ ਹਨ ਅਤੇ ਉਹ ਦਿੱਲੀ ਕਮੇਟੀ ਵਿੱਚ ਵੀ ਮੈਂਬਰ ਰਹੇ ਹਨ। ਉਹਨਾਂ ਕਿਹਾ ਕਿ ਹੁਣ ਧਾਮੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਟੈਂਡ 'ਤੇ ਕਾਇਮ ਰਹਿਣ, ਕਿਉਂਕਿ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਕੋਈ ਵਿਅਕਤੀ ਬਾਦਲ ਪਰਿਵਾਰ ਜਾਂ ਅਕਾਲੀ ਦਲ ਤੋਂ ਬਾਹਰ ਜਾਂਦਾ ਹੈ ਤਾਂ ਉਸ 'ਤੇ ਕਈ ਤਰ੍ਹਾਂ ਦੇ ਦੋਸ਼ ਇਹਨਾਂ ਦੇ ਚਾਪਲੂਸਾਂ ਵੱਲੋਂ ਲਗਾਏ ਜਾਂਦੇ ਹਨ ਜੋ ਸ਼ਾਇਦ ਬਹੁਤ ਜਲਦ ਧਾਮੀ 'ਤੇ ਵੀ ਲਗਾਏ ਜਾ ਸਕਦੇ ਹਨ, ਪਰ ਉਹਨਾਂ ਨੂੰ ਪਹਿਲਾਂ ਹੀ ਇਸ ਲਈ ਤਿਆਰ ਰਹਿਣਾ ਹੋਵੇਗਾ।
ਹਰਮੀਤ ਸਿੰਘ ਕਾਲਕਾ ਅਤੇ ਜਗਦੀਪ ਸਿੰਘ ਕਾਹਲੋਂ ਨੇ ਸ਼੍ਰੋਮਣੀ ਕਮੇਟੀ ਚੋਣ 'ਤੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ਾਇਦ ਅੱਜ ਪੂਰੀ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭੱਜਦਾ ਹੋਇਆ ਦਿਖਾਈ ਦੇ ਰਿਹਾ ਹੈ, ਕਿਉਂਕਿ ਜਿਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ 7 ਮੈਂਬਰੀ ਕਮੇਟੀ ਬਣਾ ਕੇ ਇਸ ਨੂੰ ਭਰਤੀ ਕਰਨ ਲਈ ਕਿਹਾ ਸੀ ਅਤੇ ਇਸ ਦਾ ਮੁਖੀਆ ਧਾਮੀ ਨੂੰ ਬਣਾਇਆ ਗਿਆ ਸੀ, ਪਰ ਅਕਾਲੀ ਦਲ ਨੇ ਆਪਣੇ ਨੁਮਾਇੰਦਿਆਂ ਨਾਲ ਭਰਤੀ ਅਭਿਆਨ ਸ਼ੁਰੂ ਕਰ ਦਿੱਤਾ, ਇਹ ਵੀ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਦਾ ਇੱਕ ਕਾਰਨ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8