ਐਡਵੋਕੇਟ ਧਾਮੀ ਦਾ ਅੰਤ੍ਰਿੰਗ ਕਮੇਟੀ ਅਸਤੀਫਾ ਪ੍ਰਵਾਨ ਨਾ ਕਰੇ : ਭਾਈ ਰਾਮ ਸਿੰਘ, ਭਾਈ ਅਭਿਆਸੀ
Wednesday, Feb 19, 2025 - 05:13 PM (IST)

ਅੰਮ੍ਰਿਤਸਰ (ਛੀਨਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਰਾਮ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਨਿਭਾਈਆਂ ਸੇਵਾਵਾਂ ਦੀ ਜ਼ੋਰਦਾਰ ਸ਼ਬਦਾਂ 'ਚ ਸ਼ਲਾਘਾ ਕਰਦਿਆਂ ਅੰਤ੍ਰਿੰਗ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਵੱਲੋਂ ਦਿੱਤਾ ਗਿਆ ਅਸਤੀਫਾ ਕਿਸੇ ਵੀ ਹਾਲਤ 'ਚ ਪ੍ਰਵਾਨ ਨਾ ਕੀਤਾ ਜਾਵੇ। ਭਾਈ ਰਾਮ ਸਿੰਘ ਤੇ ਭਾਈ ਅਭਿਆਸੀ ਨੇ ਕਿਹਾ ਕਿ ਐਡਵੋਕੇਟ ਧਾਮੀ ਨੇ ਨਾ ਕੇਵਲ ਸ਼੍ਰੋਮਣੀ ਕਮੇਟੀ ਦੇ ਕੰਮਕਾਰ 'ਚ ਸ਼ਾਨਦਾਰ ਸੁਧਾਰ ਲਿਆਂਦਾ ਬਲਕਿ ਧਰਮ ਦੇ ਪ੍ਰਚਾਰ ਤੇ ਪ੍ਰਸਾਰ 'ਚ ਵੀ ਅਹਿਮ ਯੋਗਦਾਨ ਪਾਇਆ ਹੈ।
ਉਨ੍ਹਾਂ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੜ੍ਹੇ ਲਿਖੇ, ਇਮਾਨਦਾਰ, ਮਿਹਨਤੀ ਅਤੇ ਗੁਰਮੁੱਖ ਇਨਸਾਨ ਹਨ, ਜਿਨ੍ਹਾਂ ਦੇ ਤਜਰਬੇ ਦੀ ਸੰਸਥਾ ਨੂੰ ਅਜੇ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਬੀਤੇ ਦਿਨੀਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਿਲ ਕੇ ਆਪਣਾ ਅਸਤੀਫਾ ਵਾਪਸ ਲੈਣ ਦੀ ਬੇਨਤੀ ਕਰਕੇ ਆਏ ਹਨ ਅਤੇ ਸਾਨੂੰ ਆਸ ਹੈ ਕਿ ਉਹ ਸਾਡੀ ਗੱਲ 'ਤੇ ਜ਼ਰੂਰ ਗੌਰ ਕਰਨਗੇ। ਭਾਈ ਰਾਮ ਸਿੰਘ ਤੇ ਭਾਈ ਅਭਿਆਸੀ ਨੇ ਅੰਤ੍ਰਿੰਗ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਕੌਮੀ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਐਡਵੋਕੇਟ ਧਾਮੀ ਦਾ ਅਸਤੀਫਾ ਅਪ੍ਰਵਾਨ ਨਾ ਕੀਤਾ ਜਾਵੇ।