ਦਾਣਾ ਮੰਡੀ ਭੋਗਪੁਰ ਵਲੋਂ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਮਚੀ ਹਾਹਾਕਾਰ

08/08/2019 8:14:50 PM

ਭੋਗਪੁਰ,(ਸੂਰੀ) : ਮਾਰਕੀਟ ਕਮੇਟੀ ਭੋਗਪੁਰ ਦੀ ਮੁੱਖ ਦਾਣਾ ਮੰਡੀ ਭੋਗਪੁਰ 'ਚ ਸਥਿਤ ਪਾਣੀ ਦੀ ਟੈਂਕੀ ਤੋਂ ਦਾਣਾ ਮੰਡੀ ਦੀਆਂ ਦੁਕਾਨਾਂ ਅਤੇ ਮੰਡੀ ਅੰਦਰ ਸਥਿਤ ਸਬ ਤਹਿਸੀਲ ਭੋਗਪੁਰ ਨੂੰ ਪਿਛਲੇ ਦਸ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਮੰਡੀ ਤੇ ਸਬ ਤਹਿਸੀਲ 'ਚ ਹਾਹਾਕਾਰ ਵਾਲਾ ਮਾਹੌਲ ਹੈ। ਸਬ ਤਹਿਸੀਲ 'ਚ ਹਰ ਦਿਨ ਬਲਾਕ ਦੇ ਪਿੰਡਾਂ 'ਚੋਂ ਭਾਰੀ ਗਿਣਤੀ 'ਚ ਲੋਕਾਂ ਦਾ ਆਉਣ ਜਾਣ ਹੈ। ਇਸ ਦੇ ਨਾਲ ਹੀ ਤਹਿਸੀਲ 'ਚ ਡਿਊਟੀ ਨਿਭਾਉਣ ਵਾਲੇ ਸਰਕਾਰੀ ਅਮਲੇ ਨੂੰ ਵੀ ਬਿਨਾਂ ਪਾਣੀ ਦੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਅੱਜ ਜਦੋਂ ਜਗ ਬਾਣੀ ਵੱਲੋਂ ਦਾਣਾ ਮੰਡੀ ਭੋਗਪੁਰ ਦਾ ਦੌਰਾ ਕੀਤਾ ਗਿਆ ਤਾਂ ਮੰਡੀ 'ਚ ਮੱਕੀ ਦੀ ਫਸਲ ਲੈ ਕੇ ਪੁੱਜੇ ਕਿਸਾਨਾਂ, ਦੁਕਾਨਦਾਰਾਂ ਤੋਂ ਇਲਾਵਾ ਸਬ ਤਹਿਸੀਲ 'ਚ ਡਿਊਟੀਆਂ ਨਿਭਾ ਰਹੇ ਕਾਨੂੰਗੋ, ਪਟਵਾਰੀਆਂ, ਕਰਮਚਾਰੀਆਂ ਅਤੇ ਸਬ ਤਹਿਸੀਲ ਵਿਚ ਫਰਦਾਂ ਲੈਣ ਅਤੇ ਹੋਰ ਦਫਤਰੀ ਕੰਮ ਕਰਵਾਉਣ ਲਈ ਪੁੱਜੇ ਲੋਕਾਂ ਨੇ ਮੰਡੀ ਬੋਰਡ ਪ੍ਰਸਾਸ਼ਨ ਖਿਲਾਫ ਰੋਸ ਜ਼ਾਹਰ ਕੀਤਾ। ਇਸ ਦੌਰਾਨ ਰੋਸ ਜ਼ਾਹਰ ਕਰਦਿਆਂ ਪੰਜਾਬ ਸਰਕਾਰ ਤੋਂ ਜੁੰਮੇਵਾਰ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ। ਹਾਜ਼ਰ ਲੋਕਾਂ ਨੇ ਮੰਡੀ ਬੋਰਡ ਦੇ ਅਫਸਰਾਂ ਦੀ ਇਸ ਵੱਡੀ ਕੁਤਾਹੀ ਵਿਰੁਧ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਮਾਰਕੀਟ ਕਮੇਟੀ ਦਾ ਰਵਈਆ ਪੂਰੀ ਤਰ੍ਹਾਂ ਗੈਰ ਜੁੰਮੇਦਾਰਾਨਾ ਹੈ।

ਸਖਤ ਗਰਮੀ ਕਾਰਨ ਪਾਣੀ ਤੋਂ ਬਿਨ੍ਹਾਂ ਜੀਵਨ ਦੀ ਕਲਪਨਾ ਕਰਨਾ ਵੀ ਮੁਸ਼ਕਿਲ ਹੈ ਪਰ ਪਿਛਲੇ ਦਸ ਦਿਨਾਂ ਤੋਂ ਮਾਰਕੀਟ ਕਮੇਟੀ ਭੋਗਪੁਰ ਵਲੋਂ ਪਾਣੀ ਦੀ ਸਪਲਾਈ ਬਹਾਲ ਨਾ ਕਰ ਸਕਣਾ ਮਾਰਕੀਟ ਕਮੇਟੀ ਪ੍ਰਸਾਸ਼ਨ ਦੀ ਮਾੜੀ ਕਾਰਗੁਜ਼ਾਰੀ ਨੂੰ ਦਰਸਾ ਰਿਹਾ ਹੈ। ਸਬ ਤਹਿਸੀਲ ਤੇ ਮੰਡੀ ਬੋਰਡ ਦੇ ਬਾਥਰੂਮ ਵੀ ਪਾਣੀ ਨਾ ਹੋਣ ਕਾਰਨ ਬੰਦ ਪਏ ਹਨ। ਸਬ ਤਹਿਸੀਲ 'ਚ ਆਉਣ ਵਾਲੀਆਂ ਔਰਤਾਂ ਤੇ ਦਫਤਰ 'ਚ ਸੇਵਾਵਾਂ ਦੇਣ ਵਾਲੇ ਮਹਿਲਾ ਸਟਾਫ ਨੂੰ ਬਾਥਰੂਮ ਬੰਦ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਏਨੇ ਜਿਆਦਾ ਮਾੜੇ ਹਨ ਕਿ ਸਬ ਤਹਿਸੀਲ 'ਚ ਆਉਣ ਵਾਲੇ ਆਮ ਲੋਕਾਂ ਤੇ ਦਫਤਰੀ ਸਟਾਫ ਦੀ ਸਹੂਲਤ ਲਈ ਬਣਾਏ ਗਏ ਬਾਥਰੂਮਾਂ 'ਚ ਪਾਣੀ ਨਾ ਹੋਣ ਕਾਰਨ ਤਾਲੇ ਲਟਕ ਰਹੇ ਹਨ। ਮਾਰਕੀਟ ਕਮੇਟੀ ਦੇ ਬੇਰੁਖੀ ਦਾ ਖਾਮਿਆਜ਼ਾ ਹਰ ਕਿਸੇ ਨੂੰ ਭੁਗਤਣਾ ਪੈ ਰਿਹਾ ਹੈ। ਤਹਿਸੀਲ ਸਟਾਫ ਵਲੋਂ ਪੀਣ ਲਈ ਪਾਣੀ ਤਹਿਸੀਲ ਤੋਂ ਕਾਫੀ ਦੂਰ ਗੁਰਦੁਆਰਾ ਅੜਿਕਾ ਸਾਹਿਬ ਤੇ ਉਸ ਦੇ ਨਜ਼ਦੀਕੀ ਘਰਾਂ ਤੋਂ ਲਿਆਉਣਾ ਪੈ ਰਿਹਾ ਹੈ। ਸਬ ਤਹਿਸੀਲ ਸਟਾਫ ਅਨੁਸਾਰ ਪਿਛਲੇ ਦਸ ਦਿਨਾਂ ਤੋਂ ਪਾਣੀ ਦੀ ਸਪਲਾਈ ਠੱਪ ਹੋਣ ਸਬੰਧੀ ਮਾਰਕੀਟ ਕਮੇਟੀ ਭੋਗਪੁਰ ਨੂੰ ਜਾਣਕਾਰੀ ਦਿੱਤੇ ਜਾਣ ਦੇ ਬਾਵਜੂਦ ਪਾਣੀ ਦੀ ਸਪਲਾਈ ਚਾਲੂ ਨਹੀ ਕੀਤੀ ਗਈ ਹੈ। ਲੋਕਾਂ ਵਿਚ ਮਾਰਕੀਟ ਕਮੇਟੀ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ ਪਰ ਸਬੰਧਤ ਦਫਤਰ ਕੁੰਭਕਰਨੀ ਨੀਂਦ ਸੁੱਤਾ ਨਜ਼ਰ ਆ ਰਿਹਾ ਹੈ। 
ਜਲਦ ਚਾਲੂ ਹੋਵੇਗੀ ਪਾਣੀ ਦੀ ਸਪਲਾਈ - ਸਕੱਤਰ
ਪਿਛਲੇ ਦਸ ਦਿਨਾਂ ਤੋਂ ਪਾਣੀ ਦੀ ਸਪਲਾਈ ਠੱਪ ਹੋਣ ਸਬੰਧੀ ਜਦੋਂ ਮਾਰਕੀਟ ਕਮੇਟੀ ਭੋਗਪੁਰ ਦੇ ਸਕੱਤਰ ਗਰੀਸ਼ ਸਹਿਗਲ ਨਾਲ ਕੀਤੀ ਗਈ ਤਾਂ ਉਨ•ਾਂ ਕਿਹਾ ਕਿ ਪਾਈਪ ਲਾਇਨਾਂ ਦੀ ਰਿਪੇਅਰ ਚੱਲ ਰਹੀ ਹੋਣ ਕਾਰਨ ਪਾਣੀ ਸਪਲਾਈ ਵਿਚ ਰੁਕਾਵਟ ਆਈ ਹੈ। ਜਲਦ ਹੀ ਪਾਣੀ ਦੀ ਸਪਲਾਈ ਬਹਾਲ ਕਰਵਾ ਦਿੱਤੀ ਜਾਵੇਗੀ। 


Related News