ਭਵਾਨੀਗੜ੍ਹ ਦੇ ਅਨਾਜ਼ ਮੰਡੀ ''ਚ ਖੰਭੇ ’ਤੋਂ ਕਰੰਟ ਲੱਗਣ ਕਾਰਨ ਖੱਚਰ ਦੀ ਮੌਤ, ਵਸਨੀਕਾਂ ’ਚ ਰੋਸ ਦੀ ਲਹਿਰ

Friday, May 17, 2024 - 08:56 PM (IST)

ਭਵਾਨੀਗੜ੍ਹ ਦੇ ਅਨਾਜ਼ ਮੰਡੀ ''ਚ ਖੰਭੇ ’ਤੋਂ ਕਰੰਟ ਲੱਗਣ ਕਾਰਨ ਖੱਚਰ ਦੀ ਮੌਤ, ਵਸਨੀਕਾਂ ’ਚ ਰੋਸ ਦੀ ਲਹਿਰ

ਭਵਾਨੀਗੜ੍ਹ (ਕਾਂਸਲ) - ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿਖੇ ਇਕ ਸਟ੍ਰੀਟ ਲਾਈਟ ਵਾਲੇ ਖੰਭੇ ਤੋਂ ਕਰੰਟ ਲੱਗਣ ਕਾਰਨ ਇਕ ਬੇਜੁਬਾਨ ਪਸ਼ੂ ਖੱਚਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਘਟਨਾ ਨੂੰ ਲੈ ਕੇ ਅਨਾਜ ਮੰਡੀ ਦੇ ਵਸਨੀਕਾਂ ’ਚ ਰੋਸ ਦੀ ਲਹਿਰ ਦੇਖਣ ਨੂੰ ਮਿਲੀ। ਇਸ ਮੌਕੇ ਜਾਣਕਾਰੀ ਦਿੰਦਿਆਂ ਜੀਵਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਗੁਪਤਾ ਕਲੋਨੀ ਭਵਾਨੀਗੜ੍ਹ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੀ ਖੱਚਰ ਅਚਾਨਕ ਖੁੱਲ ਜਾਣ ਕਾਰਨ ਘਰੋਂ ਭੱਜ ਗਈ। ਜਿਸ ਦੀ ਉਨ੍ਹਾਂ ਪੂਰੀ ਰਾਤ ਕਾਫ਼ੀ ਤਲਾਸ਼ ਕੀਤੀ ਅਤੇ ਅੱਜ ਸਵੇਰੇ ਜਦੋਂ ਉਹ ਆਪਣੀ ਖੱਚਰ ਦੀ ਤਲਾਸ਼ ਲਈ ਸਥਾਨਕ ਅਨਾਜ ਮੰਡੀ ਵਿਖੇ ਪਹੁੰਚੇ ਤਾਂ ਉਨ੍ਹਾਂ ਦੀ ਖੱਚਰ ਇਥੇ ਮਾਰਕਿਟ ਕਮੇਟੀ ਦੇ ਦਫ਼ਤਰ ਨੇੜੇ ਇਕ ਸਟ੍ਰੀਟ ਲਾਈਟ ਵਾਲੇ ਖੰਭੇ ਨੇੜੇ ਮ੍ਰਿਤਕ ਹਾਲਤ ’ਚ ਪਈ ਮਿਲੀ। ਜਿਸ ਦੀ ਮੌਤ ਕਥਿਤ ਤੌਰ ’ਤੇ ਖੰਭੇ ’ਚੋਂ ਕਰੰਟ ਲੱਗਣ ਕਾਰਨ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ’ਚ ਉਨ੍ਹਾਂ ਡੇਢ ਲੱਖ ਰੁਪੈ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ।

ਇਸ ਮੌਕੇ ਮੌਜੂਦ ਅਨਾਜ ਮੰਡੀ ਵਿਖੇ ਰਹਿੰਦੇ ਇਕ ਵਸਨੀਕ ਸ਼ੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਬਿਲਕੁੱਲ ਸਾਹਮਣੇ ਸਥਿਤ ਉਕਤ ਸਟ੍ਰੀਟ ਲਾਈਟ ਵਾਲੇ ਖੰਭੇ ’ਚ ਕਾਫ਼ੀ ਸਮੇਂ ਤੋਂ ਕਰੰਟ ਆ ਰਿਹਾ ਹੈ ਅਤੇ ਇਥੇ ਪਹਿਲਾਂ ਵੀ ਅਨਾਜ਼ ਮੰਡੀ ਵਿਖੇ ਘੁੰਮਦੇ ਕਈ ਪਸ਼ੂ ਕੰਰਟ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਦੱਸਿਆ 15 ਦਿਨ ਪਹਿਲਾਂ ਇਥੋਂ ਲੰਘ ਰਹੀ ਇਕ ਔਰਤ ਨੂੰ ਵੀ ਇਸ ਖੰਭੇ ਤੋਂ ਕਰੰਟ ਲੱਗ ਗਿਆ ਸੀ ਪਰ ਉਸ ਦਾ ਬਚਾਅ ਰਿਹਾ। ਜਿਸ ਤੋਂ ਬਾਅਦ ਉਨ੍ਹਾਂ ਇਸ ਖੰਭੇ ’ਚ ਕਰੰਟ ਆਉਣ ਸਬੰਧੀ ਮਾਰਕਿਟ ਕਮੇਟੀ ਦੇ ਸਬੰਧਤ ਅਧਿਕਾਰੀਆਂ ਨੂੰ ਜਾਣੂ ਕਰਵਾਇਆ। ਜਿਨ੍ਹਾਂ ਵੱਲੋਂ ਇਸ ਖੰਭੇ ਦੇ ਆਲੇ ਦੁਆਲੇ ਲੱਕੜੀ ਦੇ ਡੰਡੇ ਵਗੈਰਾ ਲਗਾ ਕੇ ਡੰਗ ਟਪਾਊ ਕੰਮ ਕਰਕੇ ਆਪਣਾ ਪੱਲਾ ਝਾੜ ਲਿਆ। ਉਨ੍ਹਾਂ ਕਿਹਾ ਕਿ ਮਾਰਕਿਟ ਕਮੇਟੀ ਦੀ ਕਥਿਤ ਅਣਗਹਿਲੀ ਕਾਰਨ ਹੀ ਅੱਜ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਨਾਜ ਮੰਡੀ ’ਚ ਲਗਾਤਾਰ ਖੁੱਲ੍ਹ ਰਹੀਆਂ ਚਿਕਨ ਦੀਆਂ ਦੁਕਾਨਾਂ ਕਾਰਨ ਇਹ ਚਿਕਨ ਮੰਡੀ ਬਣ ਕੇ ਰਹਿ ਗਈ ਹੈ।

ਇਸ ਸਬੰਧੀ ਮੌਕੇ ’ਤੇ ਮੌਜੂਦ ਮਾਰਕਿਟ ਕਮੇਟੀ ਦੇ ਬਿਜਲੀ ਵਿਭਾਗ ਨਾਲ ਸਬੰਧਤ ਕਰਮਚਾਰੀ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਸਬੰਧੀ ਪਾਵਰਕਾਮ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਇਸ ਖੰਭੇ ਨਾਲ ਆਮ ਬਿਜਲੀ ਸਪਲਾਈ ਦੀਆਂ ਬੰਨੀਆਂ ਤਾਰਾਂ ਨਾਲ ਇਸ ਖੰਭੇ ’ਚ ਕਰੰਟ ਆਉਂਦਾ ਹੈ। ਜਦੋਂ ਕਿ ਮੌਕੇ ’ਤੇ ਮੌਜੂਦ ਪਾਵਰਕਾਮ ਦੇ ਅਧਿਕਾਰੀਆਂ ਨੇ ਇਸ ਸਬੰਧੀ ਉਨ੍ਹਾਂ ਨੂੰ ਕੋਈ ਸੂਚਨਾ ਦੇਣ ਸਬੰਧੀ ਕੋਰਾ ਇਨਕਾਰ ਕੀਤਾ ਅਤੇ ਕਿਹਾ ਕਿ ਸਾਡੀਆਂ ਤਾਰਾਂ ਨਾਲ ਖੰਭੇ ’ਚ ਕੋਈ ਕਰੰਟ ਨਹੀਂ ਆਇਆ ਅਤੇ ਅੱਜ ਉਨ੍ਹਾਂ ਨੂੰ ਸੂਚਨਾ ਪ੍ਰਾਪਤ ਹੋਣ ’ਤੇ ਉਹ ਤੁਰੰਤ ਇਸ ਨੂੰ ਠੀਕ ਕਰਨ ਲਈ ਪਹੁੰਚ ਗਏ ਹਨ।

 


author

Inder Prajapati

Content Editor

Related News