ਅਨਾਜ ਮੰਡੀ ਵਿਖੇ ਹਥਿਆਰਬੰਦ ਲੁਟੇਰਿਆਂ ਦਾ ਕਹਿਰ, ਬੋਲੇ ਧਮਕੇ ਭਰੇ ਸ਼ਬਦ

Sunday, May 12, 2024 - 11:05 AM (IST)

ਅਨਾਜ ਮੰਡੀ ਵਿਖੇ ਹਥਿਆਰਬੰਦ ਲੁਟੇਰਿਆਂ ਦਾ ਕਹਿਰ, ਬੋਲੇ ਧਮਕੇ ਭਰੇ ਸ਼ਬਦ

ਹਰੀਕੇ ਪੱਤਣ (ਸਾਹਿਬ ਸੰਧੂ)- ਬੀਤੇ ਇਕ ਹਫਤੇ ਤੋਂ ਦਾਣਾ ਮੰਡੀ ਹਰੀਕੇ ਵਿਖੇ ਜੀਪ ਸਵਾਰ ਲੁਟੇਰਿਆਂ ਦਾ ਕਹਿਰ ਇਸ ਕਦਰ ਸਿਰ ਚੜ੍ਹ ਕੇ ਬੋਲ ਰਿਹਾ ਹੈ ਕਿ ਹਮਲਾਵਰ ਹਥਿਆਰਾਂ ਦੀ ਨੋਕ ’ਤੇ ਚਾਰ ਵਾਰ ਕਣਕ ਲੁੱਟ ਕੇ ਲੈ ਗਏ। 2 ਜੀਪਾਂ ’ਤੇ ਆਉਂਦੇ 2 ਦਰਜਨ ਦੇ ਕਰੀਬ ਲੁਟੇਰਿਆਂ ਦੇ ਬੁਲੰਦ ਹੌਸਲੇ ਦੀ ਮਿਸਾਲ ਇਹ ਹੈ ਕਿ ਦੋ ਪੁਲਸ ਨਾਕਿਆਂ ਦੇ ਵਿਚਕਾਰ ਸਥਿਤ ਦਾਣਾ ਮੰਡੀ ਤੋਂ ਬੇਖੌਫ ਲੁੱਟ ਕਰਦਿਆਂ ਅਣਪਛਾਤੇ ਹਮਲਾਵਰ 77 ਤੋੜੇ ਕਣਕ ਲਿਜਾ ਚੁੱਕੇ ਹਨ। ਹੁਣ ਜਦੋਂ ਦਾਣਾ ਮੰਡੀ ’ਚ ਵੱਖ-ਵੱਖ ਫੜ੍ਹਾਂ ਦੇ ਰਖਵਾਲੇ ਮੁੱਖ ਗੇਟ ਬੰਦ ਕਰਨ ਲੱਗੇ ਤਾਂ ਲੁਟੇਰੇ ਲੰਘੀ ਰਾਤ ਇਹ ਕਹਿ ਕੇ ਚਲੇ ਗਏ ਕਿ ‘ਕਿੰਨੀ ਦੇਰ ਮੰਡੀ ਦੇ ਗੇਟ ਬੰਦ ਰੱਖੋਗੇ, ਅਸੀਂ ਕੰਧਾਂ ਟੱਪ ਕੇ ਕਣਕ ਲੁੱਟਾਂਗੇ।

ਇਹ ਵੀ ਪੜ੍ਹੋ- ਵਧ ਰਹੀ ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਸਾਰੀਆਂ ਵਾਰਦਾਤਾਂ ਦੀ ਸੀ. ਸੀ. ਟੀ. ਵੀ. ਫੁਟੇਜ਼ ਮਿਲਣ ਦੇ ਬਾਵਜੂਦ ਵੀ ਸਥਾਨਕ ਪੁਲਸ ਨੇ ਮਾਮਲਿਆਂ ਦੀ ਦਰਖਾਸਤਾਂ ’ਤੇ ਕਾਰਵਾਈ ਨਹੀਂ ਕੀਤੀ ਤਾਂ ਅਨਾਜ ਮੰਡੀ ਮਜ਼ਦੂਰ ਯੂਨੀਅਨ ਨੇ ਜ਼ਿਲ੍ਹਾ ਪੁਲਸ ਮੁਖੀ ਨੂੰ ਪੱਤਰ ਲਿਖ ਕੇ ਸੁਰੱਖਿਆ ਦੀ ਮੰਗ ਕਰਨੀ ਪਈ। ਪ੍ਰਧਾਨ ਜਸਬੀਰ ਸਿੰਘ ਜੌਣੇਕੇ, ਸਰਬਜੀਤ ਸਿੰਘ ਬੂਹ, ਅਨਵਰ ਸਿੰਘ ਬੂਹ, ਕੁਲਦੀਪ ਸਿੰਘ ਬੂਹ ਅਤੇ ਮਲਕੀਤ ਸਿੰਘ ਲੱਧੂ ਨੇ ਦੱਸਿਆ ਕਿ ਹਮਲਾਵਰਾਂ ਕੋਲ ਕਥਿਤ ਹਥਿਆਰਾਂ ਦੇ ਵੱਡੇ ਜ਼ਖੀਰੇ ਦੇ ਚੱਲਦਿਆਂ ਜਾਨੀ ਨੁਕਸਾਨ ਦਾ ਖਦਸ਼ਾ ਵੀ ਮੰਡਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਖਰੀਦੀ ਕਣਕ ਦੀ ਰਾਖੀ ਦੀ ਮੁਫਤ ਸੇਵਾ ਕਰ ਰਹੇ ਹਾਂ, ਜੇਕਰ ਸਾਡੀ ਸੁਰੱਖਿਆ ਲਈ ਪੁਲਸ ਸੰਜੀਦਾ ਨਹੀਂ ਤਾਂ ਦਾਣਾ ਮੰਡੀ ਦੀਆਂ ਚਾਬੀਆਂ ਥਾਣੇ ਜਮ੍ਹਾਂ ਕਰਾ ਦਿੱਤੀਆਂ ਜਾਣਗੀਆਂ। ਇਸ ਮੌਕੇ ’ਤੇ ਸੋਨੀ ਬੂਹ, ਪ੍ਰਕਾਸ਼ ਕੁਮਾਰ, ਰਣਜੀਤ ਕੁਮਾਰ, ਅਜੈ ਕੁਮਾਰ, ਇੰਦਰਦਮਨ, ਦਿਲਬਾਗ ਸਿੰਘ, ਅੰਗਰੇਜ਼ ਸਿੰਘ, ਕੁਲਵੰਤ ਸਿੰਘ, ਤਰਸੇਮ ਸਿੰਘ, ਜੱਸਾ ਸਿੰਘ, ਮੰਗਲ ਸਿੰਘ, ਮਮਤਾ ਕੁਮਾਰ, ਵਿਕਾਸ ਕੁਮਾਰ, ਰਾਜਾ ਸਿੰਘ ਅਤੇ ਗੁਰਲਾਲ ਸਿੰਘ ਸਮੇਤ ਯੂਨੀਅਨ ਦੇ ਬੁਲਾਰੇ ਹਾਜ਼ਰ ਸਨ। ਇਸ ਮਾਮਲੇ ’ਚ ਥਾਣਾ ਮੁਖੀ ਇੰਸਪੈਕਟਰ ਸ਼ਿਮਲਾ ਰਾਣੀ ਦਾ ਕਹਿਣਾ ਹੈ ਕਿ ਸ਼ਿਕਾਇਤ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਗਰਮੀ ਨਾਲ ਬੇਹਾਲ ਹੋਏ ਲੋਕ, 42 ਡਿਗਰੀ ਤੱਕ ਪੁਹੰਚਿਆ ਗੁਰਦਾਸਪੁਰ ਦਾ ਤਾਪਮਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News