ਵਨ ਟਾਈਮ ਟਾਸਕ ’ਤੇ ਰਣਨੀਤੀ ਬਣਾ ਰਹੀ ਹੈ ਆਈ. ਐੱਸ. ਆਈ.

Monday, Nov 26, 2018 - 06:07 AM (IST)

ਵਨ ਟਾਈਮ ਟਾਸਕ ’ਤੇ ਰਣਨੀਤੀ ਬਣਾ ਰਹੀ ਹੈ ਆਈ. ਐੱਸ. ਆਈ.

ਜਲੰਧਰ,   (ਰਵਿੰਦਰ)-  ਪੰਜਾਬ ’ਚ ਅੱਤਵਾਦ ਨੂੰ ਫਿਰ ਤੋਂ ਸਰਗਰਮ ਕਰਨ ਲਈ ਪਾਕਿਸਤਾਨ ਦੀ ਖੁਫੀਆਆ ਏਜੰਸੀ ਇਕ ਵਾਰ ਫਿਰ ਤੋਂ ਕੋਸ਼ਿਸ਼ ਕਰ ਰਹੀ ਹੈ।  ਇਸ ਵਾਰ ਉਹ ਇਕ ਸੋਚੀ ਸਮਝੀ ਰਣਨੀਤੀ ’ਤੇ ਕੰਮ ਕਰ ਰਹੀ ਹੈ। ਪਹਿਲਾਂ ਜਿੱਥੇ ਵਾਰਦਾਤ ਦੀ ਜ਼ਿੰਮੇਵਾਰੀ ਇਕ ਪੂਰਾ ਸੰਗਠਨ ਲੈਂਦਾ ਸੀ ਅਤੇ ਖੁਦ ਨੂੰ ਸਰਗਰਮ ਕਰਨ ਲਈ ਵਾਰਦਾਤ ’ਤੇ ਵਾਰਦਾਤ ਨੂੰ ਅੰਜਾਮ ਦਿੰਦਾ ਰਹਿੰਦਾ ਸੀ। 
ਹੁਣ ਆਈ.ਐੱਸ.ਆਈ. ਨੇ ਪੰਜਾਬ ’ਚ ਅੱਤਵਾਦ ਨੂੰ ਫਿਰ ਤੋਂ ਸਰਗਰਮ ਕਰਨ ਲਈ ਆਪਣੀ ਪੂਰੀ ਰਣਨੀਤੀ ਬਦਲ ਦਿੱਤੀ ਹੈ। ਹੁਣ ਨਾ  ਤਾਂ ਵਾਰਦਾਤ ਤੋਂ ਬਾਅਦ ਕੋਈ ਸੰਗਠਨ ਜ਼ਿੰਮੇਵਾਰੀ ਲੈਂਦਾ ਹੈ ਅਤੇ ਨਾ ਹੀ ਕੋਈ ਖੁਦ ਨੂੰ ਹਾਈਲਾਈਟ ਕਰਨ ਦੇ ਲਈ ਕੋਈ ਸੰਗਠਨ ਧਮਕੀ ਦਿੰਦਾ ਹੈ। 
ਬਦਲੀ ਰਣਨੀਤੀ ਤਹਿਤ ਹੁਣ ਪਾਕਿ ਦੀ  ਖੁਫੀਆ ਏਜੰਸੀ ਪੰਜਾਬ ਦੇ ਬੇਰਜ਼ੁਗਾਰ ਤੇ ਹਤਾਸ਼ ਨੌਜਵਾਨਾਂ  ਨੂੰ ਆਪਣੇ ਟਾਰਗੈੱਟ ’ਤੇ ਲੈ ਰਹੀ ਹੈ। ਨੌਜਵਾਨਾਂ  ਦਾ ਬ੍ਰੇਨ ਵਾਸ਼ ਕਰ ਕੇ ਉਨ੍ਹਾਂ ਨੂੰ ਭੜਕਾਇਆ ਜਾ ਰਿਹਾ ਹੈ ਅਤੇ ਖਾਲਿਸਤਾਨ ਦੀ ਗੱਲ ਕਹਿ ਕੇ ਉਨ੍ਹਂ ਕੋਲੋਂ  ਗਲਤ ਕੰਮ ਕਰਵਾਇਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਨਵੇਂ ਨੌਜਵਾਨਾਂ ਨੂੰ ਕਿਸੇ ਵੀ ਅੱਤਵਾਦੀ ਸੰਗਠਨ ਦਾ ਮੈਂਬਰ ਨਹੀਂ  ਬਣਾਇਆ ਜਾ ਰਿਹਾ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਹਰ ਇਕ ਨੌਜਵਾਨ  ਨੂੰ ਵਨ ਟਾਈਮ ਟਾਸਕ ਲਈ ਚੁਣਿਆ ਜਾ ਰਿਹਾ ਹੈ।
ਮਤਲਬ ਕਿਸੇ ਵੀ ਨੌਜਵਾਨ ਨੂੰ ਚੁਣੇ ਜਾਣ ਤੋਂ ਬਾਅਦ ਉਸ ਨੂੰ ਵਾਰਦਾਤ ਦਾ ਟਾਸਕ ਦਿੱਤਾ  ਜਾਂਦਾ ਹੈ ਅਤੇ ਖੁਦ ਅੱਤਵਾਦੀ ਸੰਗਠਨ ਦੇ ਮੁਖੀ ਉਸ ਨੌਜਵਾਨ ਨੂੰ ਭੁੱਲ ਜਾਂਦੇ ਹਨ।  ਭਾਵ ਵਾਰਦਾਤ ਤੋਂ ਬਾਅਦ ਉਸ ਨੌਜਵਾਨ ਕੋਲੋਂ ਖੁਦ ਅੱਤਵਾਦੀ ਸੰਗਠਨ ਕੋਈ ਮਤਲਬ ਜਾਂ ਭਵਿੱਖ  ਦਾ ਕੋਈ ਲੈਣ-ਦੇਣ ਨਹੀਂ ਰੱਖਦਾ । ਉਹ ਸਿਰਫ ਵਨ ਟਾਈਮ ਟਾਸਕ ਲਈ ਹੀ ਚੁਣੇ ਜਾਂਦੇ ਹਨ  ਅਤੇ ਖੁਦ ਅੱਤਵਾਦੀ ਸੰਗਠਨ ਚਾਹੁੰਦੇ ਹਨ ਕਿ ਵਾਰਦਾਤ ਕਰਨ ਤੋਂ ਬਾਅਦ ਉਹ ਫੜੇ ਜਾਣ।
ਧਿਆਨਯੋਗ  ਹੈ ਕਿ ਪੰਜਾਬ ਵਿਚ ਬਦਲੀ ਹੋਈ ਰਣਨੀਤੀ ਤਹਿਤ ਕਸ਼ਮੀਰੀ ਅੱਤਵਾਦੀ ਸੰਗਠਨ ਅਤੇ ਖਾਲਿਸਤਾਨ  ਅੱਤਵਾਦੀ ਸੰਗਠਨ ਮਿਲ ਕੇ ਕੰਮ ਕਰ ਰਹੇ ਹਨ ਪਰ ਇਸ ਰਣਨੀਤੀ ਵਿਚ ਲੁਕਿਆ ਹੋਇਆ ਏਜੰਡਾ  ਨਵੇਂ ਨੌਜਵਾਨਾਂ ਦਾ ਹੈ। ਜਿਨ੍ਹਾਂ ਨੂੰ ਨਾ ਤਾਂ ਵਾਰਦਾਤ ਕਰਨ ਤੋਂ ਪਹਿਲਾਂ ਟਾਸਕ ਦਾ  ਪਤਾ ਹੁੰਦਾ ਹੈ ਅਤੇ ਨਾ ਹੀ ਭਵਿੱਖ ਬਾਰੇ ਉਨ੍ਹਾਂ ਨੂੰ ਕੁਝ ਦੱਸਿਆ ਜਾਂਦਾ ਹੈ। ਧਿਆਨਯੋਗ  ਹੈ ਕਿ ਸੀ. ਟੀ. ਇੰਸਟੀਚਿਊਟ ਵਿਚ ਜਿੱਥੇ ਪੁਲਸ ਨੇ ਜੁਆਇੰਟ ਆਪ੍ਰੇਸ਼ਨ ਦੇ ਬਾਅਦ 3 ਖਤਰਨਾਕ  ਅੰਸਾਰ ਗਜ਼ਵਤ-ਉਲ-ਹਿੰਦ ਦੇ ਅੱਤਵਾਦੀਆਂ ਨੂੰ ਖਤਰਨਾਕ ਹਥਿਆਰਾਂ ਨਾਲ ਗ੍ਰਿਫਤਾਰ ਕੀਤਾ  ਸੀ। ਉਥੇ ਹੀ ਮਕਸੂਦਾਂ ਥਾਣੇ ਵਿਚ ਬੰਬ ਧਮਾਕੇ ਕਰਨ ਦੇ ਮਾਮਲੇ ਵਿਚ ਇਸੇ ਸੰਗਠਨ ਦੇ ਦੋ  ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਪੁਲਸ ਇਨ੍ਹਾਂ ਗ੍ਰਿਫਤਾਰ ਅੱਤਵਾਦੀਆਂ  ਕੋਲੋਂ ਰਿਮਾਂਡ ਦੌਰਾਨ ਕੁਝ ਵੀ ਉਗਲਵਾ ਨਹੀਂ ਸਕੀ। ਕਾਰਨ ਸਾਫ ਹੈ ਕਿ ਉਨ੍ਹਾਂ ਨੂੰ ਭਵਿੱਖ  ਵਿਚ ਹੋਣ ਵਾਲੀਆਂ ਸਰਗਰਮੀਆਂ ਬਾਰੇ ਕੁਝ ਵੀ ਪਤਾ ਨਹੀਂ ਹੈ। ਉਨ੍ਹਾਂ ਨੂੰ ਵੀ ਸਿਰਫ ਵਨ  ਟਾਈਮ ਟਾਸਕ ਲਈ ਚੁਣਿਆ ਗਿਆ ਸੀ। ਕੁਝ ਇਸ ਤਰ੍ਹਾਂ ਦਾ ਹੀ ਟਾਸਕ ਅੰਮ੍ਰਿਤਸਰ ਵਿਚ  ਨਿਰੰਕਾਰੀ ਭਵਨ ਵਿਚ ਅਟੈਕ ਕਰਨ ਵਾਲੇ ਵਿਕਰਮਜੀਤ ਸਿੰਘ ਅਤੇ ਅਵਤਾਰ ਸਿੰਘ ਨੂੰ ਦਿੱਤਾ  ਗਿਆ ਸੀ। ਉਨ੍ਹਾਂ ਨੂੰ ਵੀ ਆਈ. ਐੱਸ. ਆਈ. ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ  ਹਰਮੀਤ ਸਿੰਘ ਪੀ. ਐੱਚ. ਡੀ. ਨੇ ਸਿਰਫ ਵਨ ਟਾਈਮ ਟਾਸਕ ਲਈ ਚੁਣਿਆ ਸੀ। ਇਹੀ ਕਾਰਨ ਸੀ  ਕਿ ਨਿਰੰਕਾਰੀ ਭਵਨ ’ਤੇ ਅਟੈਕ ਕਰਨ ਤੋਂ ਬਾਅਦ ਇਹ ਦੋਵੇਂ ਅੱਤਵਾਦੀ ਆਪਣੇ ਘਰ ਵਿਚ ਹੀ  ਮੌਜੂਦ ਸਨ। ਜੇ ਉਨ੍ਹਾਂ ਨੂੰ ਆਈ. ਐੱਸ. ਆਈ. ਨੇ ਕਿਸੇ ਅੱਤਵਾਦੀ ਸੰਗਠਨ ਦਾ ਮੈਂਬਰ  ਬਣਾਇਆ ਹੁੰਦਾ ਤਾਂ ਅਤੇ ਕੋਈ ਹੋਰ ਵਾਰਦਾਤ ਕਰਵਾਉਣੀ ਹੁੰਦੀ ਤਾਂ ਉਹ ਆਪਣੇ ਘਰ ਨਹੀਂ  ਸਗੋਂ ਵਾਰਦਾਤ ਕਰਨ ਤੋਂ ਬਾਅਦ ਕਿਸੇ ਸੁਰੱਖਿਅਤ ਸਥਾਨ ’ਤੇ ਰਹਿੰਦੇ ਅਤੇ ਭਵਿੱਖ ਵਿਚ  ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰੀ ਕਰਦੇ।
 


Related News