ਟਰੇਡ ਲਾਇਸੈਂਸ ਨਾ ਬਣਵਾਉਣ ਵਾਲੀਆਂ ਦੁਕਾਨਾਂ ਤੇ ਕਮਰਸ਼ੀਅਲ ਸੰਸਥਾਵਾਂ ਨੂੰ ਸੀਲ ਕਰੇਗਾ ਨਿਗਮ

Saturday, Aug 03, 2024 - 04:00 PM (IST)

ਜਲੰਧਰ (ਖੁਰਾਣਾ)–ਜਲੰਧਰ ਸ਼ਹਿਰ ਦੀ ਹੱਦ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਕਰਨ ਵਾਲੇ ਵਪਾਰੀਆਂ ਅਤੇ ਦੁਕਾਨਦਾਰਾਂ ਲਈ ਨਗਰ ਨਿਗਮ ਕੋਲੋਂ ਟਰੇਡ ਲਾਇਸੈਂਸ ਲੈਣਾ ਜ਼ਰੂਰੀ ਹੁੰਦਾ ਹੈ, ਜਿਸ ਨੂੰ ਹਰ ਸਾਲ ਰੀਨਿਊ ਕੀਤਾ ਜਾਂਦਾ ਹੈ। ਇਸ ਟਰੇਡ ਲਾਇਸੈਂਸ ਦੀ ਫੀਸ ਕਾਫ਼ੀ ਘੱਟ ਹੁੰਦੀ ਹੈ ਪਰ ਫਿਰ ਵੀ ਸ਼ਹਿਰ ਦੇ ਵਧੇਰੇ ਕਾਰੋਬਾਰੀ ਅਤੇ ਦੁਕਾਨਦਾਰ ਇਹ ਲਾਇਸੈਂਸ ਨਹੀਂ ਬਣਵਾਉਂਦੇ ਕਿਉਂਕਿ ਪਿਛਲੇ ਸਾਲਾਂ ਦੌਰਾਨ ਨਗਰ ਨਿਗਮ ਦਾ ਸਬੰਧਤ ਵਿਭਾਗ ਹੀ ਇਸ ਪ੍ਰਤੀ ਗੰਭੀਰ ਨਹੀਂ ਸੀ।

ਪਿਛਲੇ ਕਮਿਸ਼ਨਰ ਨੇ ਜਦੋਂ ਤੋਂ ਇਸ ਵਿਭਾਗ ਦੇ ਅਧਿਕਾਰੀਆਂ ਦੀ ਅਦਲਾ-ਬਦਲੀ ਕੀਤੀ ਹੈ, ਉਦੋਂ ਤੋਂ ਇਹ ਵਿਭਾਗ ਕਾਫ਼ੀ ਐਕਟਿਵ ਚਲਿਆ ਆ ਰਿਹਾ ਹੈ। ਪਤਾ ਲੱਗਾ ਹੈ ਕਿ ਸ਼ਹਿਰ ਦੇ ਵਧੇਰੇ ਦੁਕਾਨਦਾਰ ਅਤੇ ਕਾਰੋਬਾਰੀ ਅਜੇ ਵੀ ਨਿਗਮ ਕੋਲੋਂ ਟਰੇਡ ਲਾਇਸੈਂਸ ਨਹੀਂ ਬਣਵਾ ਪਾ ਰਹੇ, ਜਿਸ ਕਾਰਨ ਇਸ ਵਿਭਾਗ ਦੇ ਸੁਪਰਿੰਟੈਂਡੈਂਟ ਹਰਪ੍ਰੀਤ ਸਿੰਘ ਵਾਲੀਆ ਨੇ ਪਲਾਨਿੰਗ ਬਣਾਈ ਹੈ ਕਿ ਜਿਹੜੇ ਦੁਕਾਨਦਾਰ ਟਰੇਡ ਲਾਇਸੈਂਸ ਲਏ ਬਿਨਾਂ ਕਾਰੋਬਾਰ ਕਰ ਰਹੇ ਹਨ, ਉਨ੍ਹਾਂ ਦਾ ਪਤਾ ਲਾਇਆ ਜਾਵੇ ਅਤੇ ਜੇਕਰ ਫਿਰ ਵੀ ਕੋਈ ਦੁਕਾਨਦਾਰ ਟਰੇਡ ਲਾਇਸੈਂਸ ਨਹੀਂ ਬਣਵਾਉਂਦਾ ਤਾਂ ਉਸਦੀ ਦੁਕਾਨ ਨੂੰ ਨਿਗਮ ਸੀਲ ਵੀ ਕਰ ਸਕਦਾ ਹੈ।

ਇਹ ਵੀ ਪੜ੍ਹੋ- ਮਾਮੂਲੀ ਗੱਲ ਨੇ ਧਾਰਿਆ ਖ਼ੂਨੀ ਰੂਪ, ਛੁੱਟੀ 'ਤੇ ਆਏ ਫੌ਼ਜੀ 'ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਵੱਢੀ ਬਾਂਹ

ਜ਼ਿਕਰਯੋਗ ਹੈ ਕਿ ਨਿਗਮ ਦੀ ਲਾਇਸੈਂਸ ਬ੍ਰਾਂਚ ਵੱਲੋਂ ਸ਼ੁੱਕਰਵਾਰ ਤੋਂ ਹੀ ਇਹ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਸ ਬ੍ਰਾਂਚ ਦੀ ਟੀਮ ਨੇ ਪੀ. ਪੀ. ਆਰ. ਮਾਰਕੀਟ ਦਾ ਦੌਰਾ ਕੀਤਾ ਅਤੇ 1-1 ਦੁਕਾਨ ’ਤੇ ਜਾ ਕੇ ਟਰੇਡ ਲਾਇਸੈਂਸ ਸਬੰਧੀ ਚੈਕਿੰਗ ਕੀਤੀ। ਪਤਾ ਲੱਗਾ ਹੈ ਕਿ ਪੀ. ਪੀ. ਆਰ. ਮਾਰਕੀਟ ਵਿਚ ਹੀ 21 ਦੁਕਾਨਦਾਰ ਅਜਿਹੇ ਪਾਏ ਗਏ, ਜਿਨ੍ਹਾਂ ਕੋਲ ਨਗਰ ਨਿਗਮ ਦਾ ਟਰੇਡ ਲਾਇਸੈਂਸ ਨਹੀਂ ਸੀ। ਇਨ੍ਹਾਂ ਸਾਰੇ ਦੁਕਾਨਦਾਰਾਂ ਨੂੰ 3 ਦਿਨਾਂ ਅੰਦਰ ਟਰੇਡ ਲਾਇਸੈਂਸ ਬਣਵਾਉਣ ਲਈ ਕਹਿ ਦਿੱਤਾ ਗਿਆ ਹੈ। ਵਾਲੀਆ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਦੇ ਨਿਰਦੇਸ਼ਾਂ ’ਤੇ ਆਉਣ ਵਾਲੇ ਸਮੇਂ ਵਿਚ ਵੀ ਇਹ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਸ਼ਹਿਰ ਦੇ ਸਾਰੇ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਸਮਾਂ ਰਹਿੰਦੇ ਇਹ ਟਰੇਡ ਲਾਇਸੈਂਸ ਜ਼ਰੂਰ ਬਣਵਾ ਲੈਣ।

ਇਹ ਵੀ ਪੜ੍ਹੋ- ਫਿਲੌਰ 'ਚ ਵੱਡੀ ਵਾਰਦਾਤ, ਸ਼ਰਾਬ ਪਿਲਾਉਣ ਤੋਂ ਮਨ੍ਹਾ ਕਰਨ 'ਤੇ ਵਿਅਕਤੀ ਨੂੰ ਇੱਟਾਂ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ

ਕਪਲਿਸ਼ ਨੇ ਕੀਤਾ ਸੀ ਬ੍ਰਾਂਚ ਨੂੰ ਐਕਟਿਵ
ਨਗਰ ਨਿਗਮ ਦੇ ਸਾਬਕਾ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਨਿਗਮ ਦੀ ਲਾਇਸੈਂਸ ਬ੍ਰਾਂਚ ਨੂੰ ਕਾਫ਼ੀ ਐਕਟਿਵ ਕਰ ਦਿੱਤਾ ਸੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਸ਼ਹਿਰ ਦੇ 7-8 ਹਜ਼ਾਰ ਦੁਕਾਨਦਾਰ ਹੀ ਨਿਗਮ ਕੋਲੋਂ ਟਰੇਡ ਲਾਇਸੈਂਸ ਲੈਂਦੇ ਹਨ ਅਤੇ ਇਸ ਵਿਭਾਗ ਤੋਂ ਨਿਗਮ ਨੂੰ ਬਹੁਤ ਘੱਟ ਆਮਦਨ ਪ੍ਰਾਪਤ ਹੁੰਦੀ ਸੀ। ਕਪਲਿਸ਼ ਨੇ ਜਦੋਂ ਜੀ. ਐੱਸ. ਟੀ. ਵਿਭਾਗ ਤੋਂ ਸ਼ਹਿਰ ਦੇ ਕਾਰੋਬਾਰੀਆਂ ਦਾ ਡਾਟਾ ਲਿਆ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਸ਼ਹਿਰ ਦੇ 50 ਹਜ਼ਾਰ ਤੋਂ ਵੱਧ ਕਾਰੋਬਾਰੀਆਂ, ਵਪਾਰੀਆਂ ਅਤੇ ਉਦਯੋਗਪਤੀਆਂ ਕੋਲ ਜੀ. ਐੱਸ. ਟੀ. ਨੰਬਰ ਹੈ। ਇਸ ਫਰਕ ਦੇ ਆਧਾਰ ’ਤੇ ਉਨ੍ਹਾਂ ਸ਼ਹਿਰ ਦੇ ਹਜ਼ਾਰਾਂ ਕਾਰੋਬਾਰੀਆਂ ਨੂੰ ਨਿਗਮ ਵੱਲੋਂ ਨੋਟਿਸ ਭੇਜੇ ਸਨ, ਜਿਸ ਤੋਂ ਬਾਅਦ ਇਸ ਬ੍ਰਾਂਚ ਦੀ ਆਮਦਨ ਵਿਚ ਕਾਫ਼ੀ ਸੁਧਾਰ ਹੋਇਆ ਸੀ। ਅਭਿਜੀਤ ਕਪਲਿਸ਼ ਦੇ ਤਬਾਦਲੇ ਤੋਂ ਬਾਅਦ ਕਿਸੇ ਕਮਿਸ਼ਨਰ ਨੇ ਇਸ ਬ੍ਰਾਂਚ ਵੱਲ ਧਿਆਨ ਨਹੀਂ ਦਿੱਤਾ ਪਰ ਹੁਣ ਇਹ ਬ੍ਰਾਂਚ ਇਕ ਵਾਰ ਫਿਰ ਐਕਟਿਵ ਹੁੰਦੀ ਦਿਸ ਰਹੀ ਹੈ। ਇਸ ਬ੍ਰਾਂਚ ਦੀ ਇਹ ਮੁਹਿੰਮ ਜੇਕਰ ਜਾਰੀ ਰਹਿੰਦੀ ਹੈ ਤਾਂ ਨਿਗਮ ਦੀ ਆਮਦਨੀ ਵਿਚ ਵਾਧਾ ਵੀ ਹੋ ਸਕਦਾ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਰੈਣਕ ਬਾਜ਼ਾਰ ਦੇ ਕਾਰੋਬਾਰੀ ਦੇ ਸਿਰ 'ਚ ਲੱਗੀ ਗੋਲ਼ੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News