ਨਾ ਵਾਅਦੇ ਚੱਲੇ, ਨਾ ਨੇਤਾਵਾਂ ਦਾ ਜਾਦੂ, ਰਾਜਗ ਦੀ ਹਨੇਰੀ ’ਚ ਤੀਲਿਆਂ ਵਾਂਗ ਖਿੱਲਰਿਆ ਮਹਾਗੱਠਜੋੜ
Saturday, Nov 15, 2025 - 06:20 PM (IST)
ਜਲੰਧਰ, (ਅਨਿਲ ਪਾਹਵਾ)- ਬਿਹਾਰ ਚੋਣਾਂ 2025 ਦੇ ਨਤੀਜਿਆਂ ਨੇ ਪੂਰੇ ਸੂਬੇ ਦੀ ਸਿਆਸੀ ਤਸਵੀਰ ਨੂੰ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਹੈ। ਰਾਜਗ ਨੇ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ ਲਗਭਗ ਪੂਰਾ ਮੈਦਾਨ ਸਮੇਟ ਲਿਆ, ਜਦਕਿ ਮਹਾਗੱਠਜੋੜ ਅਤੇ ਜਨ ਸੁਰਾਜ ਦੋਵੇਂ ਆਪਣੀਆਂ ਉਮੀਦਾਂ ਦੇ ਪ੍ਰਛਾਵੇਂ ਤੱਕ ਵੀ ਨਹੀਂ ਪਹੁੰਚ ਸਕੇ। ਤੇਜਸਵੀ ਯਾਦਵ ਨੂੰ ਚਿਹਰਾ ਬਣਾ ਕੇ ਉੱਤਰੇ ਮਹਾਗੱਠਜੋੜ ਤੋਂ ਲੋਕ ਜਿਸ ਤੇਜ਼ੀ ਅਤੇ ਬਦਲਾਅ ਦੀ ਉਮੀਦ ਕਰ ਰਹੇ ਸਨ, ਉਹ ਸਾਕਾਰ ਨਹੀਂ ਹੋ ਸਕਿਆ। ਸਭ ਤੋਂ ਵੱਡਾ ਸਵਾਲ ਇਹੀ ਹੈ-ਤੇਜਸਵੀ ਅਤੇ ਰਾਹੁਲ ਗਾਂਧੀ ਦਾ ਜਾਦੂ ਇਸ ਵਾਰ ਕਿਉਂ ਨਹੀਂ ਚੱਲਿਆ?
ਸੂਬੇ ਵਿਚ ਬੇਰੁਜ਼ਗਾਰੀ ਅਤੇ ਪ੍ਰਵਾਸ ਵਰਗੀਆਂ ਗੰਭੀਰ ਚੁਣੌਤੀਆਂ ਦੇ ਬਾਵਜੂਦ ‘‘ਹਰ ਘਰ ਨੌਕਰੀ’’ ਦਾ ਵਾਅਦਾ ਵੀ ਲੋਕਾਂ ਨੂੰ ਪੂਰੀ ਤਰ੍ਹਾਂ ਆਕਰਸ਼ਿਤ ਨਹੀਂ ਕਰ ਸਕਿਆ। ਓਧਰ, ਦੂਜੇ ਪਾਸੇ 15 ਸਾਲ ਤੋਂ ਵੱਧ ਸਮੇਂ ਦੇ ਰਾਜ ਦੇ ਬਾਵਜੂਦ ਜਨਤਾ ਵਿਚ ਨਿਤੀਸ਼ ਕੁਮਾਰ ਪ੍ਰਤੀ ਕੋਈ ਥਕਾਵਟ ਜਾਂ ਨਾਰਾਜ਼ਗੀ ਦਿਖਾਈ ਨਹੀਂ ਦਿੱਤੀ। ਇਹ ਵਿਰੋਧਾਭਾਸ ਮਹਾਗੱਠਜੋੜ ਦੀ ਹਾਰ ਦਾ ਮੂਲ ਕਾਰਨ ਸਾਬਤ ਹੋਇਆ।
ਮੁੱਦਿਆਂ ਦੀ ਲੜਾਈ ’ਚ ਪਛੜਿਆ ਮਹਾਗੱਠਜੋੜ
ਮਹਾਗੱਠਜੋੜ ਬੇਰੁਜ਼ਗਾਰੀ, ਸਿੱਖਿਆ, ਖੇਤੀਬਾੜੀ ਅਤੇ ਮਹਿੰਗਾਈ ਵਰਗੇ ਮੁੱਦਿਆਂ ਨੂੰ ਚੁੱਕਣ ਲਈ ਤਾਂ ਮੈਦਾਨ ਵਿਚ ਉਤਰਿਆ ਪਰ ਉਨ੍ਹਾਂ ਨੂੰ ਇਕ ਠੋਸ ਨੈਰੇਟਿਵ ਵਿਚ ਨਹੀਂ ਬਦਲ ਸਕਿਆ। ਓਧਰ, ਰਾਜਗ ਨੇ ਵਿਕਾਸ, ਸੁਰੱਖਿਆ ਅਤੇ ਸਥਿਰ ਸ਼ਾਸਨ ਦੇ ਆਪਣੇ ਸੰਦੇਸ਼ ਨੂੰ ਜ਼ੋਰਦਾਰ ਢੰਗ ਨਾਲ ਹਰ ਗਲੀ-ਮੁਹੱਲੇ ਵਿਚ ਪਹੁੰਚਾਇਆ। ਤੇਜਸਵੀ ਯਾਦਵ ਦੀਆਂ ਰੈਲੀਆਂ ਵਿਚ ਵੀ ਉਹੀ ਪੁਰਾਣੇ ਵਾਅਦੇ ਸੁਣਾਈ ਦਿੱਤੇ, ਜਿਨ੍ਹਾਂ ’ਤੇ ਨੌਜਵਾਨ ਵੋਟਰ ਭਰੋਸਾ ਨਹੀਂ ਪ੍ਰਗਟਾ ਸਕੇ। ਤੇਜਸਵੀ ਯਾਦਵ ਨੇ ਰੁਜ਼ਗਾਰ ਨੂੰ ਚੋਣਾਂ ਦੇ ਕੇਂਦਰ ਵਿਚ ਰੱਖਿਆ ਜੋ ਕਿ ਬਿਹਾਰ ਦੀ ਸਭ ਤੋਂ ਵੱਡੀ ਸਮੱਸਿਆ ਹੈ। ਪਰ ਸਰਕਾਰੀ ਨੌਕਰੀ ਹਰ ਘਰ ਤੱਕ ਪਹੁੰਚਾਉਣ ਦਾ ਵਾਅਦਾ ਕਈ ਵੋਟਰਾਂ ਨੂੰ ਅਵਿਹਾਰਕ ਲੱਗਾ। ਲੋਕਾਂ ਨੂੰ ਇਸਦਾ ਠੋਸ ਖਾਕਾ ਨਹੀਂ ਦਿੱਸਿਆ ਅਤੇ ਵਾਅਦਾ ਜਿੰਨਾ ਵੱਡਾ ਸੀ , ਓਨੇ ਹੀ ਖਦਸ਼ੇ ਵੀ ਸਨ। ਨਤੀਜਾ ਇਹ ਹੋਇਆ ਕਿ ਨੌਜਵਾਨ ਵੋਟਰਾਂ ਦਰਮਿਆਨ ਇਹ ਮੁੱਦਾ ਬਲ ਲੈਣ ਦਾ ਬਜਾਏ ਉਲਟਾ ਅਸਰ ਛੱਡ ਗਿਆ।
ਜੰਗਲ ਰਾਜ ਦੇ ਪ੍ਰਛਾਵੇਂ ਤੋਂ ਉੱਭਰ ਨਾ ਸਕੇ
ਰਾਜਗ ਨੇ ਪੂਰੀਆਂ ਚੋਣਾਂ ਦੌਰਾਨ ‘ਜੰਗਲ ਰਾਜ’ ਦੀ ਯਾਦ ਤਾਜ਼ਾ ਰੱਖੀ। ਹਾਲਾਂਕਿ ਜਿਹੜੇ ਦਿਨਾਂ ਦੀ ਗੱਲ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਯਾਦ ਕਰਨ ਵਾਲੇ ਘੱਟ ਹਨ ਪਰ ਰਾਜਗ ਦੇ ਅਕਸ ’ਤੇ ਇਹ ਠੱਪਾ ਅੱਜ ਵੀ ਭਾਰੀ ਪੈਂਦਾ ਹੈ। ਇਹ ਮੁੱਦਾ ਸਾਲਾਂ ਤੋਂ ਰਾਜਦ ਦੇ ਵੋਟ ਬੈਂਕ ਨੂੰ ਕੱਟਦਾ ਆਇਆ ਹੈ ਅਤੇ ਇਸ ਵਾਰ ਵੀ ਅਸਰ ਸਪੱਸ਼ਟ ਦਿੱਸਿਆ।
ਸੀਟਾਂ ਦੀ ਵੰਡ ਨੇ ਵਿਗਾੜੀ ਖੇਡ
ਪਹਿਲੇ ਪੜਾਅ ਲਈ ਨਾਮਜ਼ਦਗੀਆਂ ਸ਼ੁਰੂ ਹੁੰਦੇ ਹੀ ਮਹਾਗੱਠਜੋੜ ਦੀਆਂ ਅੰਦਰੂਨੀ ਤਰੇੜਾਂ ਸਾਹਮਣੇ ਆਉਣੀਆਂ ਆਉਣ ਲੱਗੀਆਂ। ਕੁਟੁੰਬਾ, ਲਾਲਗੰਜ, ਵੈਸ਼ਾਲੀ ਅਤੇ ਬੱਛਵਾੜਾ ਵਰਗੀਆਂ ਸੀਟਾਂ ’ਤੇ ਤਾਲਮੇਲ ਹੀ ਨਹੀਂ ਬਣ ਸਕਿਆ। ਦੋਸਤਾਨਾ ਮੁਕਾਬਲੇ ਅਤੇ ਆਪਸੀ ਭਰਮ ਨੇ ਜਨਤਾ ਦੇ ਦਰਮਿਆਨ ਇਹ ਸੰਦੇਸ਼ ਦਿੱਤਾ ਕਿ ਗਠਜੋੜ ਖੁਦ ਹੀ ਇਕਜੁੱਟ ਨਹੀਂ ਹੈ। ਭਰੋਸੇਯੋਗਤਾ ’ਤੇ ਇਸ ਦਾ ਸਿੱਧਾ ਅਸਰ ਪਿਆ। ਚੋਣਾਂ ਦੌਰਾਨ ਅਚਾਨਕ ਹੀ ਵੀ. ਆਈ. ਪੀ. ਮੁਖੀ ਮੁਕੇਸ਼ ਸਾਹਨੀ ਦੀਆਂ ਰੈਲੀਆਂ ਦਾ ਰੱਦ ਹੋਣਾ ਅਤੇ ਸੋਸ਼ਲ ਮੀਡੀਆ ’ਤੇ ਤੇਜਸਵੀ-ਸਾਹਨੀ ਵਿਚਕਾਰ ਮਤਭੇਦਾਂ ਦੀਆਂ ਖਬਰਾਂ ਮਹਾਗਠਜੋੜ ਦੇ ਅੰਦਰ ਅਸਥਿਰਤਾ ਦਾ ਸੰਕੇਤ ਬਣ ਗਈਆਂ।
ਕਈ ਸੀਟਾਂ ’ਤੇ ਉਮੀਦਵਾਰ ਬਦਲਣ ਨਾਲ ਸਥਾਨਕ ਪੱਧਰ ’ਤੇ ਨਾਰਾਜ਼ਗੀ ਖੁੱਲ੍ਹੇਆਮ ਦਿਸੀ। ਰਾਜਦ ਦੇ ਰਵਾਇਤੀ ਗੜ੍ਹਾਂ ਵਿਚ ਵੀ ਬੂਥ ਸੰਚਾਲਨ ਕਮਜ਼ੋਰ ਪਿਆ। ਕਾਂਗਰਸ ਦੇ ਕਈ ਉਮੀਦਵਾਰਾਂ ਨੂੰ ਜਨਤਾ ਪਛਾਣ ਨਹੀਂ ਸਕੀ-ਭਰੋਸੇਯੋਗਤਾ ਤਾਂ ਦੂਰ ਦੀ ਗੱਲ ਰਹੀ। ਨੌਜਵਾਨਾਂ, ਔਰਤਾਂ ਅਤੇ ਨਵੇਂ ਵੋਟ ਸਮੂਹਾਂ ਤੱਕ ਪਹੁੰਚ ਬਨਾਉਣ ਵਿਚ ਵੀ ਮਹਾਗੱਠਜੋੜ ਪਛੜ ਗਿਆ। ਜਿਵੇਂ ਸਿਆਣੇ ਕਹਿੰਦੇ ਹਨ ਕਿ ਜ਼ਮੀਨ ਦੀ ਪਕੜ ਢਿੱਲੀ- ਅਤੇ ਹਾਰ ਪੱਕੀ। ਇਹ ਚੋਣਾਂ ਮਹਾਗੱਠਜੋੜ ਨੂੰ ਸਪੱਸ਼ਟ ਸੰਕੇਤ ਦੇ ਗਈਆਂ ਕਿ ਕੇਵਲ ਪੁਰਾਣੇ ਨਾਅਰੇ, ਪੁਰਾਣੀਆਂ ਜਾਤੀ ਗਣਨਾਵਾਂ ਅਤੇ ਕਾਗਜ਼ੀ ਗਠਜੋੜ ਹੁਣ ਜਿੱਤ ਦੀ ਗਰੰਟੀ ਨਹੀਂ ਹਨ। ਅੱਜ ਦੇ ਵੋਟਰ ਨੂੰ ਸਪੱਸ਼ਟ ਲੀਡਰਸ਼ਿਪ, ਮਜ਼ਬੂਤ ਸੰਗਠਨ ਅਤੇ ਭਰੋਸੇਮੰਦ ਸਿਆਸੀ-ਕਹਾਣੀ ਚਾਹੀਦੀ-ਜੋ ਵਿਰੋਧੀ ਧਿਰ ਤਿਆਰ ਨਹੀਂ ਕਰ ਸਕੀ।
ਰਾਜਦ ਦਾ ਜਾਤੀ ਸੰਤੁਲਨ ਵਿਘੜਿਆ
ਰਾਜਦ ਵੱਲੋਂ 52 ਯਾਦਵ ਉਮੀਦਵਾਰਾਂ ਨੂੰ ਉਤਾਰਨ ਨਾਲ ਪਾਰਟੀ ’ਤੇ ਜਾਤੀਵਾਦੀ ਅਕਸ ਦਾ ਦੋਸ਼ ਹੋਰ ਮਜ਼ਬੂਤ ਹੋਇਆ। ਹੇਠਲੇ ਵਰਗਾਂ ਅਤੇ ਬਹੁਤ ਹੀ ਪਛੜੇ ਭਾਈਚਾਰਿਆਂ ਦੇ ਵੋਟਰਾਂ ਨੂੰ ਜਾਪਿਆ ਕਿ ਉਨ੍ਹਾਂ ਲਈ ਜਗ੍ਹਾ ਸੁੰਗੜ ਰਹੀ ਹੈ, ਜਿਸ ਕਾਰਨ ਸਿਆਸੀ ਸੰਤੁਲਨ ਵਿਗੜਿਆ ਅਤੇ ਮਹਾਗੱਠਜੋੜ ਵਿਆਪਕ ਸਮਰਥਨ ਪ੍ਰਾਪਤ ਕਰਨ ਵਿਚ ਅਸਫਲ ਰਿਹਾ। ਬਿਹਾਰ ਦੀ ਸਮਾਜਿਕ ਸਿਆਸਤ ਸਿਰਫ ਅੰਕੜਿਆਂ ਦੀ ਖੇਡ ਨਹੀਂ ਹੁੰਦੀ-ਇਹ ਭਰੋਸੇ, ਸੰਪਰਕ ਅਤੇ ਸਮੇਂ ਸਿਰ ਡਿਲੀਵਰੀ ’ਤੇ ਟਿਕਦੀ ਹੈ। ਇਸ ਵਾਰ ਮਹਾਗੱਠਜੋੜ ਜਾਤੀ ਗਣਨਾਵਾਂ ਵਿਚ ਇੰਨਾ ਵਿਸ਼ਵਾਸੀ ਹੋ ਗਿਆ ਕਿ ਇਹ ਬਦਲਦੇ ਸਮਾਜਿਕ ਮਾਹੌਲ ਨੂੰ ਸਮਝਣ ਵਿਚ ਅਸਫਲ ਰਿਹਾ। ਹੇਠਲੇ ਵਰਗਾਂ, ਪਛੜੀਆਂ ਜਾਤੀਆਂ, ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਅਤੇ ਔਰਤਾਂ ਵਿਚ ਇਕ ਨਵੀਂ ਸਿਆਸੀ ਸਮਝ ਵਿਕਸਤ ਹੋ ਰਹੀ ਸੀ, ਜਿਸਦਾ ਫਾਇਦਾ ਰਾਜਗ ਨੇ ਬਰੀਕੀ ਨਾਲ ਉਠਾਇਆ। ਓਧਰ, ਮਹਾਗਠਜੋੜ ਪੁਰਾਣੇ ਵੋਟ ਬੈਂਕ ਦੇ ਸਹਾਰੇ ਚੋਣਾਂ ਵਾਲੀ ਬੇੜੀ ਪਾਰ ਲਾਉਣੀ ਚਾਹੁੰਦਾ ਰਿਹਾ, ਜਦਕਿ ਜਨਤਾ ਨਵੇਂ ਬਦਲਾਂ ਅਤੇ ਸਥਿਰ ਲੀਡਰਸ਼ਿਪ ਦੀ ਭਾਲ ਵਿਚ ਸੀ।
ਤੇਜਸਵੀ ਦੀ ਕਮਜ਼ੋਰ ਰਣਨੀਤੀ
ਪੂਰੇ ਸੂਬੇ ਵਿਚ ਦੌਰੇ ਕਰਨ ਅਤੇ ਦਰਜਨਾਂ ਰੈਲੀਆਂ ਦੇ ਬਾਵਜੂਦ ਤੇਜਸਵੀ ਯਾਦਵ ਚੋਣ ਸੰਚਾਲਨ ਦੀ ਅਸਲ ਪ੍ਰੀਖਿਆ ਵਿਚ ਤਿਲਕਦੇ ਦਿਸੇ। ਇਕ ਪਾਸੇ ਜਿੱਥੇ ਭਾਜਪਾ ਦੇ ਚਾਣਕਿਆ ਕਹੇ ਜਾਂਦੇ ਅਮਿਤ ਸ਼ਾਹ ਬਿਹਾਰ ਦੇ ਲਈ ਰਣਨੀਤੀ ਵਿਚ ਸ਼ਾਮਲ ਸਨ, ਓਧਰ ਦੂਜੇ ਪਾਸੇ ਤੇਜਸਵੀ ਉਸ ਪੱਧਰ ਦੀ ਰਣਨੀਤੀ ਨਹੀਂ ਬਣਾ ਸਕੇ। ਤੇਜਸਵੀ ਦੀ ਆਵਾਜ਼ ਬਿਹਾਰ ਵਿਚ ਗੂੰਜਦੀ ਰਹੀ ਪਰ ਸਹਿਯੋਗੀ ਪਾਰਟੀਆਂ ਨਾਲ ਤਾਲਮੇਲ ਦੀ ਨੀਂਹ ਕਮਜ਼ੋਰ ਰਹੀ। ਸੀਟਾਂ ਅਤੇ ਮੁੱਦਿਆਂ ’ਤੇ ਸਾਂਝੀ ਰਣਨੀਤੀ ਦੀ ਘਾਟ ਨੇ ਪੂਰੀ ਮੁਹਿੰਮ ਨੂੰ ਖੰਡਿਤ ਕਰ ਦਿੱਤਾ।
ਕਾਂਗਰਸ ਬਣੀ ਕਮਜ਼ੋਰ ਕੜੀ
ਗੱਠਜੋੜ ਦੀ ਵੱਡੀ ਭਾਈਵਾਲ ਹੁੰਦੇ ਹੋਏ ਵੀ ਕਾਂਗਰਸ ਇਸ ਚੋਣ ਵਿਚ ਸਭ ਤੋਂ ਭਾਰੀ ਬੋਝ ਸਾਬਤ ਹੋਈ। ਟਿਕਟਾਂ ਦੀ ਵੰਡ ’ਤੇ ਨਾਰਾਜ਼ਗੀ, ਕਈ ਸੀਟਾਂ ’ ਤੇ ਗਲਤ ਉਮੀਦਵਾਰ, ਸੰਘਠਨ ਦਾ ਸੁਸਤ ਢਾਂਚਾ-ਇਨ੍ਹਾਂ ਸਾਰਿਆਂ ਨੇ ਮਾਹੌਲ ਵਿਗਾੜਿਆ। ਰਾਜਦ ਅਤੇ ਕਾਂਗਰਸ ਦੇ ਦਰਮਿਆਨ ਸੀਟਾਂ ਦੀ ਵੰਡ ਉਤੇ ਖਿੱਚੋਤਾਣ ਸ਼ੁਰੂਆਤੀ ਦੌਰ ਤੋਂ ਹੀ ਸਪੱਸ਼ਟ ਸੀ, ਜਿਸ ਦਾ ਅਸਰ ਪੂਰੀ ਚੋਣ ਮੁਹਿੰਮ ’ਤੇ ਪਿਆ। ਕਾਂਗਰਸੀ ਪ੍ਰਚਾਰ ਵਿਚ ਵੀ ਇਕਰੂਪਤਾ ਨਹੀਂ ਦਿਸੀ ਅਤੇ ਵਰਕਰਾਂ ਵਿਚ ਜੋਸ਼ ਦੀ ਘਾਟ ਸਾਫ ਮਹਿਸੂਸ ਹੋਈ।
