ਨਿਗਮ ਨੇ ਹਾਰਟੀਕਲਚਰ ਵੇਸਟ ਚੁੱਕਣ ਲਈ ਚਲਾਈ ਖਾਸ ਮੁਹਿੰਮ, 18 ਟਰਾਲੀਆਂ ਨੂੰ ਕੀਤਾ ਰਵਾਨਾ
Monday, Aug 10, 2020 - 06:37 PM (IST)

ਜਲੰਧਰ(ਖੁਰਾਣਾ) - ਸ਼ਹਿਰ ਦੇ ਵੱਖ-ਵੱਖ ਵਾਰਡਾਂ ’ਚ ਸਥਿਤ ਪਾਰਕਾਂ ’ਚੋਂ ਹਾਰਟੀਕਲਚਰ ਵੇਸਟ ਚੁੱਕਣ ਲਈ ਨਗਰ ਨਿਗਮ ਨੇ ਅੱਜ ਖਾਸ ਮੁਹਿੰਮ ਚਲਾਈ, ਜਿਸ ਦੀ ਅਗਵਾਈ ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ, ਜੁਆਇੰਟ ਕਮਿਸ਼ਨਰ ਸ਼ਾਇਰੀ ਮਲਹੋਤਰਾ ਅਤੇ ਮੇਅਰ ਜਗਦੀਸ਼ ਰਾਜਾ ਨੇ ਕੀਤੀ। ਇਨ੍ਹਾਂ ਤਿੰਨਾਂ ਨੇ ਇਸ ਮੁਹਿੰਮ ’ਚ ਲੱਗੀਆਂ 18 ਟਰੈਕਟਰ-ਟਰਾਲੀਆਂ ਨੂੰ ਇਕੱਠੀਆਂ ਤੋਰਿਆ। ਇਸ ਮੌਕੇ ਨਿਗਮ ਦੇ ਹੈਲਥ ਅਫਸਰ ਡਾ. ਕ੍ਰਿਸ਼ਨ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਜੁਆਇੰਟ ਕਮਿਸ਼ਨਰ ਸ਼ਾਇਰੀ ਮਲਹੋਤਰਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਲਿੰਕ ਰੋਡ ਪਰਸ਼ੂਰਾਮ ਮਾਰਗ, ਗੁਰੂ ਨਾਨਕ ਮਿਸ਼ਨ ਚੌਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ, ਰਣਜੀਤ ਨਗਰ, ਪੁਰਾਣੀ ਬਰਾਦਰੀ, ਮੋਤਾ ਸਿੰਘ ਨਗਰ ਦੇ ਪਾਰਕ, ਗ੍ਰੀਨ ਪਾਰਕ, ਡਿਫੈਂਸ ਕਾਲੋਨੀ ਦੇ ਪਾਰਕ, ਜੀ. ਟੀ. ਬੀ. ਨਗਰ ਦੇ ਪਾਰਕ, ਐੱਫ. ਸੀ. ਆਈ. ਕਾਲੋਨੀ ਦੇ ਪਾਰਕ, ਮਾਡਲ ਟਾਊਨ ਦੇ ਪਾਰਕ, ਅਰਬਨ ਅਸਟੇਟ ਫੇਜ਼ ਵਨ ਅਤੇ ਟੂ ਦੇ ਪਾਰਕ, ਕੌਂਸਲਰ ਰੋਹਨ ਸਹਿਗਲ ਦੇ ਵਾਰਡ ਦੇ ਪਾਰਕ, ਡਾ. ਜਸਲੀਨ ਸੇਠੀ ਦੇ ਵਾਰਡ ’ਚ ਆਉਂਦੇ ਨਿਊ ਜਵਾਹਰ ਨਗਰ ਦੇ ਪਾਰਕ, ਬਦਰੀ ਦਾਸ ਕਾਲੋਨੀ ਪਾਰਕ, ਗੀਤਾ ਮੰਦਰ ਰੋਡ, ਮਾਡਲ ਟਾਊਨ ਮਾਲ ਰੋਡ ਅਤੇ ਜੇ. ਪੀ. ਨਗਰ ਦੇ ਪਾਰਕ ਕਵਰ ਕੀਤੇ ਗਏ, ਜਿੱਥੇ ਪਈ ਹਾਰਟੀਕਲਚਰ ਵੇਸਟ ਦੇ ਨਾਲ-ਨਾਲ ਘਾਹ-ਬੂਟੀ ਅਤੇ ਕਾਂਗਰਸ ਘਾਹ ਨੂੰ ਵੀ ਸਾਫ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਮਿਸ਼ਨਰ ਕਰਣੇਸ਼ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਹ ਮੁਹਿੰਮ ਬਰਸਾਤੀ ਸੀਜ਼ਨ ’ਚ ਜਾਰੀ ਰਹੇਗੀ।