260 ਗ੍ਰਾਮ ਹੈਰੋਇਨ ਸਣੇ ਸਮੱਗਲਰ ਕਾਬੂ

02/06/2020 9:52:13 PM

ਭੋਗਪੁਰ, (ਸੂਰੀ)- ਭੋਗਪੁਰ ਪੁਲਸ ਵਲੋਂ ਗਸ਼ਤ ਦੌਰਾਨ ਇਕ ਨਸ਼ਾ ਸਮੱਗਲਰ ਨੂੰ 260 ਗਰਾਮ ਹੈਰੋਇਨ ਸਮੇਤ ਕਾਬੂ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਭੋਗਪੁਰ ਪੁਲਸ ਦੀ ਇਸ ਸਫਲਤਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਰਨੈਲ ਸਿੰਘ ਨੇ ਦੱਸਿਆ ਹੈ ਕਿ ਸਬ ਇੰਸ. ਗੁਰਬਚਨ ਸਿੰਘ ਸਾਥੀ ਕਰਮਚਾਰੀਆਂ ਥਾਣੇਦਾਰ ਕਰਨੈਲ ਸਿੰਘ, ਹਰਮੀਤ ਸਿੰਘ ਆਦਿ ਨਾਲ ਹਾਈਵੇ ’ਤੇ ਗਸ਼ਤ ਕਰਦੇ ਹੋਏ ਭੋਗਪੁਰ ਤੋਂ ਪਿੰਡ ਸਨੌਰਾ ਵੱਲ ਜਾ ਰਹੇ ਸਨ। ਪੁਲਸ ਪਾਰਟੀ ਜਦੋਂ ਹਾਈਵੇ ਨਾਲ ਬਣੀ ਸਰਵਿਸ ਲੇਨ ਤੇ ਜਲੰਧਰ ਜੰਮੂ ਨੈਸ਼ਨਲ ਹਾਈਵੇ ’ਤੇ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਡ਼ੋਆ ਨੇਡ਼ੇ ਪੁੱਜੀ ਤਾਂ ਕਰਾਸਿੰਗ ਪੁਲ ਦੇ ਹੇਠੋਂ ਇਕ ਮੋਨਾ ਆਦਮੀ ਨਿਕਲਿਆ ਜੋ ਕਿ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਪਿੱਛੇ ਵੱਲ ਮੁਡ਼ ਗਿਆ। ਪੁਲਸ ਪਾਰਟੀ ਨੇ ਸ਼ੱਕ ਦੇ ਅਧਾਰ ’ਤੇ ਉਕਤ ਆਦਮੀ ਨੂੰ ਕਾਬੂ ਕਰ ਕੇ ਉਸ ਦਾ ਨਾਂ ਪਤਾ ਪੁੱਛਿਆ ਤਾਂ ਉਸ ਨੇ ਅਪਣਾ ਨਾਮ ਅਮਨਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਟੇਲ ਨਗਰ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ ਦੱਸਿਆ। ਪੁਲਸ ਵਲੋਂ ਜਦੋਂ ਇਸ ਆਦਮੀ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਪੈਂਟ ਦੀ ਜੇਬ ’ਚੋਂ ਇਕ ਪਲਾਸਟਿਕ ਲਿਫਾਫਾ ਬਰਾਮਦ ਹੋਇਆ। ਇਸ ਲਿਫਾਫੇ ਨੂੰ ਚੈੱਕ ਕਰਨ ’ਤੇ ਇਸ ’ਚੋਂ ਹੈਰੋਇਨ ਬਰਾਮਦ ਹੋਈ। ਚੈੱਕ ਕਰਨ ’ਤੇ ਇਸ ਦਾ ਵਜ਼ਨ 260 ਗਰਾਮ ਹੋਇਆ। ਪੁਲਸ ਵਲੋਂ ਅਮਨਦੀਪ ਸਿੰਘ ਖਿਲਾਫ ਮਾਮਲਾ ਦਰਜ਼ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


Bharat Thapa

Content Editor

Related News