ਕਤਲ ਤੋਂ 6ਵੇਂ ਦਿਨ ਬਾਅਦ ਹੋਇਆ ਕਾਂਗਰਸੀ ਆਗੂ ਦਾ ਅੰਤਿਮ ਸੰਸਕਾਰ

05/09/2020 12:45:16 AM

ਕਾਲਾ ਸੰਘਿਆਂ,(ਨਿੱਝਰ): ਆਲਮਗੀਰ( ਕਾਲਾ ਸੰਘਿਆਂ) ਦੇ ਕਾਂਗਰਸੀ ਆਗੂ ਬਲਕਾਰ ਸਿੰਘ ਉਰਫ਼ ਮੰਤਰੀ ਜਿਸ ਦਾ ਬੀਤੀ 3 ਮਈ ਸ਼ਾਮ ਨੂੰ ਕਰੀਬ 6 ਵਜੇ ਉਨ੍ਹਾਂ ਦੀ ਦੁਕਾਨ 'ਤੇ ਪਿੰਡ ਦੇ ਹੀ ਕੁਝ ਲੋਕਾਂ ਵੱਲੋ ਕਤਲ ਕਰ ਦਿੱਤਾ ਗਿਆ ਸੀ, ਦੀ ਮ੍ਰਿਤਕ ਦੇਹ ਦਾ ਸ਼ੁੱਕਰਵਾਰ ਕਤਲ ਤੋਂ ਛੇਵੇਂ ਦਿਨ ਪਿੱਛੋਂ ਕਰੀਬ 115 ਘੰਟੇ ਬਾਅਦ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ । ਮ੍ਰਿਤਕ ਦੀ ਦੇਹ, ਜੋ ਕਿ ਸਥਾਨਕ ਨੰਦ ਚੰਦ ਮੋਰਚਰੀ 'ਚ ਪੁਲਸ ਪਹਿਰੇ ਹੇਠ ਰੱਖੀ ਹੋਈ ਸੀ, ਨੂੰ ਕਰੀਬ ਪੌਣੇ ਬਾਰਾਂ ਵਜੇ ਉਨ੍ਹਾਂ ਦੇ ਘਰ ਲਿਆਂਦਾ ਗਿਆ, ਜਿੱਥੋਂ ਲਾਕਡਾਊਨ ਦੇ ਚੱਲਦਿਆਂ ਸੈਂਕੜਿਆਂ ਦੀ ਤਾਦਾਦ ਵਿਚ ਇਕੱਤਰ ਹੋਏ ਲੋਕਾਂ ਦੀ ਮੌਜ਼ੂਦਗੀ 'ਚ ਸ਼ਮਸ਼ਾਨਘਾਟ ਵਿਖੇ ਲਿਜਾਇਆ ਗਿਆ, ਜਿੱਥੇ ਦੁਪਹਿਰ ਪੌਣੇ ਇਕ ਵਜੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਭਰਾ ਨਿਰਮਲ ਸਿੰਘ ਵੱਲੋਂ ਦਿੱਤੀ ਗਈ ।

ਜ਼ਿਕਰਯੋਗ ਹੈ ਕਿ ਕਾਂਗਰਸੀ ਆਗੂ 'ਮੰਤਰੀ' ਦੇ ਕਤਲ ਦੇ ਸਬੰਧ 'ਚ ਦੋ ਔਰਤਾਂ ਸਮੇਤ 22 ਲੋਕਾਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਪੁਲਿਸ ਥਾਣਾ ਸਦਰ ਕਪੂਰਥਲਾ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਪਰ ਲੰਬਾ ਸਮਾਂ ਬੀਤਣ ਦੇ ਬਾਵਜੂਦ ਕੋਈ ਵੀ ਦੋਸ਼ੀ ਗ੍ਰਿਫਤਾਰ ਨਾ ਕਰਨ ਦੇ ਰੋਸ ਵਜੋਂ ਪਰਿਵਾਰ ਵੱਲੋਂ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਨੂੰ ਲੈ ਕੇ ਆਨਾਕਾਨੀ ਕੀਤੀ ਜਾ ਰਹੀ ਸੀ । ਜਿਸ ਤੋਂ ਬਾਅਦ ਪੁਲਸ ਵੱਲੋਂ ਦੋ ਕਥਿਤ ਮੁਲਜ਼ਮਾਂ ਭੁਪਿੰਦਰ ਸਿੰਘ ਸ਼ੇਰਾ ਪੁੱਤਰ ਅਮਰੀਕ ਸਿੰਘ ਤੇ ਭੁੱਲਾ ਪੁੱਤਰ ਬਲਦੇਵ ਸਿੰਘ ਦੇਬੀ ਨੂੰ ਬੀਤੇ ਦਿਨ ਕਾਬੂ ਕਰ ਲਏ ਜਾਣ ਉਪਰੰਤ ਜ਼ਿਲ੍ਹਾ ਪੁਲਸ ਮੁਖੀ ਸਤਿੰਦਰ ਸਿੰਘ ਵੱਲੋਂ ਮ੍ਰਿਤਕ ਮੰਤਰੀ ਦੇ ਭਰਾ ਨੰਬਰਦਾਰ ਤੀਰਥ ਸਿੰਘ ਨੂੰ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਦਿੱਤੇ ਭਰੋਸੇ ਉਪਰੰਤ ਪਰਿਵਾਰ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਲਈ ਰਾਜ਼ੀ ਹੋ ਗਿਆ ਸੀ ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵਾਂ ਮੁਲਜ਼ਮਾਂ ਨੂੰ ਇਕ ਦਲਿਤ ਆਗੂ ਵੱਲੋਂ ਪੁਲਸ ਪਾਸ ਪੇਸ਼ ਕਰਵਾਇਆ ਗਿਆ ਹੈ ਤੇ ਉਨ੍ਹਾਂ ਪਾਸੋਂ ਕਤਲ ਦੀ ਵਾਰਦਾਤ ਲਈ ਵਰਤਿਆ ਗਿਆ ਨਾਜਾਇਜ਼ ਪਿਸਤੌਲ ਵੀ ਪੁਲਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ। ਪੁਲਸ ਵੱਲੋਂ ਦੋਸ਼ੀਆਂ ਨੂੰ ਡਿਊਟੀ ਮੈਜਿਸਟਰੇਟ ਕੋਲ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਲੈ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ । ਮ੍ਰਿਤਕ ਮੰਤਰੀ ਵੱਲੋਂ ਕੁਝ ਸਮਾਂ ਪਹਿਲਾਂ ਫੇਸਬੁੱਕ ਰਾਹੀਂ ਜਾਰੀ ਕੀਤੀ ਇਕ ਵੀਡੀਓ ਵਿਚ ਆਪਣੀ ਹੱਤਿਆ ਦਾ ਤੌਖਲਾ ਪ੍ਰਗਟ ਕੀਤਾ ਗਿਆ ਸੀ, ਜੋ ਕਿ ਕੁਝ ਹੀ ਮਹੀਨਿਆਂ ਬਾਅਦ ਸੱਚ ਸਾਬਿਤ ਹੋ ਗਿਆ ।


Deepak Kumar

Content Editor

Related News