ਕੋਲਡ ਡ੍ਰਿੰਕ ''ਚ ਨਸ਼ੀਲਾ ਪਦਾਰਥ ਮਿਲਾ ਕੇ ਗੱਡੀਆਂ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼

09/29/2019 9:17:43 PM

ਭੋਗਪੁਰ (ਸੂਰੀ)-ਭੋਗਪੁਰ ਦੀ ਪੁਲਸ ਚੌਕੀ ਪਚੰਰਗਾ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਵੱਲੋਂ ਇਕ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਵੱਖ-ਵੱਖ ਸੂਬਿਆਂ 'ਚੋਂ ਧੋਖਾਦੇਹੀ ਨਾਲ ਗੱਡੀਆਂ ਲੁੱਟ ਕੇ ਜੰਮੂ-ਕਸ਼ਮੀਰ ਵਿਚ ਵੇਚਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਜੀਜਾ-ਸਾਲਾ ਸਮੇਤ ਸੱਤ ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਦੋ ਮੁਲਜ਼ਮਾਂ ਨੂੰ ਲੁੱਟੀ ਗਈ ਇਨੋਵਾ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ।

ਪੁਲਸ ਵੱਲੋਂ ਥਾਣਾ ਭੋਗਪੁਰ ਵਿਚ ਇਸ ਮਾਮਲੇ ਸਬੰਧੀ ਦਰਜ ਕੀਤੀ ਗਈ ਐੱਫ. ਆਈ. ਆਰ. ਅਨੁਸਾਰ ਪੁਲਸ ਚੌਕੀ ਪਚਰੰਗਾ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਚੌਕੀ ਦੀ ਪੁਲਸ ਪਾਰਟੀ ਅਤੇ ਹਾਈਵੇ ਪੈਟਰੋਲਿੰਗ ਗੱਡੀ ਨੰਬਰ 16 ਦੇ ਥਾਣੇਦਾਰ ਰਣਜੀਤ ਸਿੰਘ ਅਤੇ ਹੈੱਡ ਕਾਂਸਟੇਬਲ ਰਣਧੀਰ ਸਿੰਘ ਨਾਲ ਅੱਡਾ ਪਚਰੰਗਾ ਵਿਚ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੌਰਾਨ ਕਿਸੇ ਮੁਖਬਰ ਨੇ ਆ ਕੇ ਇਤਲਾਹ ਦਿੱਤੀ ਕਿ ਮਹਿੰਦਰ ਸ਼ਰਮਾ ਪੁੱਤਰ ਭਗਵੰਤ ਪ੍ਰਸਾਦ ਵਾਸੀ ਦਿੱਲੀ, ਜੋ ਕਿ ਗੱਡੀਆਂ ਲੁੱਟਣ ਵਾਲੇ ਇਕ ਗੈਂਗ ਦਾ ਲੀਡਰ ਹੈ, ਜਿਸ ਦੇ ਸਾਥੀ ਸੰਜੀਵ ਕਪੂਰ ਪੁੱਤਰ ਅਸ਼ੋਕ ਕਪੂਰ, ਲਲਿਤ ਕੁਮਾਰ ਪੁੱਤਰ ਗੋਕਲ ਪ੍ਰਸਾਦ, ਸੌਰਭ ਅਤੇ ਰਾਹੁਲ (ਦਿੱਲੀ ਵਾਸੀ) ਅਤੇ ਇਨ੍ਹਾਂ ਦੇ ਨਾਲ ਮੁਹੰਮਦ ਇਫਤਿਆਕ ਅਤੇ ਉਸ ਦਾ ਜੀਜਾ ਮੁਹੰਮਦ ਜਾਫਰ ਦੋਵੇਂ ਵਾਸੀ ਲਾਲ ਚੌਕ ਸ਼੍ਰੀਨਗਰ ਹਨ। ਇਹ ਗੈਂਗ ਦਿੱਲੀ ਅਤੇ ਯੂ. ਪੀ. ਦੇ ਸ਼ਹਿਰਾਂ ਵਿਚੋਂ ਜੰਮੂ ਵੱਲ ਜਾਣ ਦੇ ਬਹਾਨੇ ਨਾਲ ਗੱਡੀਆਂ ਕਿਰਾਏ 'ਤੇ ਲੈ ਜਾਂਦਾ ਹੈ ਅਤੇ ਰਸਤੇ ਵਿਚ ਗੱਡੀ ਦੇ ਡਰਾਈਵਰ ਨੂੰ ਕੋਲਡ ਡਰਿੰਕ ਵਿਚ ਕੋਈ ਨਸ਼ੇ ਵਾਲੀ ਵਸਤੂ ਮਿਲਾ ਕੇ ਪਿਲਾਉਣ ਤੋਂ ਬਾਅਦ ਬੇਹੋਸ਼ ਕਰ ਕੇ ਡਰਾਈਵਰ ਨੂੰ ਗੱਡੀ ਵਿਚੋਂ ਬਾਹਰ ਸੁੱਟ ਕੇ ਲੁੱਟੀ ਹੋਈ ਗੱਡੀ ਸਮੇਤ ਫਰਾਰ ਹੋ ਜਾਂਦੇ ਹਨ ਅਤੇ ਲੁੱਟੀਆਂ ਹੋਈਆਂ ਗੱਡੀਆਂ ਨੂੰ ਮੁਹੰਮਦ ਇਫਤਿਆਕ ਅਤੇ ਉਸ ਦਾ ਜੀਜਾ ਮੁਹੰਮਦ ਜਾਫਰ ਦੋਵੇਂ ਸ਼੍ਰੀਨਗਰ ਵਿਚ ਲਿਜਾ ਕੇ ਵੇਚ ਦਿੰਦੇ ਹਨ।

ਸ਼ੁੱਕਰਵਾਰ ਸ਼ਾਮ ਇਨ੍ਹਾਂ ਮੁਲਜ਼ਮਾਂ ਨੇ ਇਕ ਇਨੋਵਾ ਗੱਡੀ ਨੰਬਰ ਯੂ ਪੀ 32 ਐੱਫ ਯੂ 4333 ਮੁਰਾਦਾਬਾਦ ਤੋਂ ਜੰਮੂ ਜਾਣ ਲਈ ਕਿਰਾਏ 'ਤੇ ਕੀਤੀ ਸੀ। ਸ਼ੁੱਕਰਵਾਰ ਤੜਕਸਾਰ ਜਦੋਂ ਇਹ ਗੱਡੀ ਸ਼ੰਭੂ ਬਾਰਡਰ ਕੋਲ ਪੁੱਜੀ ਤਾਂ ਗੱਡੀ ਵਿਚ ਸਵਾਰ ਮੁਲਜ਼ਮਾਂ ਨੇ ਡਰਾਈਵਰ ਨੂੰ ਕੋਲਡ ਡਰਿੰਕ ਵਿਚ ਨਸ਼ੇ ਵਾਲੀ ਵਸਤੂ ਪਿਲਾ ਕੇ ਉਸ ਨੂੰ ਗੱਡੀ ਵਿਚੋਂ ਬਾਹਰ ਸੁੱਟ ਦਿੱਤਾ ਅਤੇ ਲੁੱਟੀ ਹੋਈ ਗੱਡੀ ਲੈ ਕੇ ਜੰਮੂ ਵੱਲ ਜਾ ਰਹੇ ਹਨ। ਮਾਮਲੇ ਦੀ ਜਾਣਕਾਰੀ ਪੁਖਤਾ ਹੋਣ 'ਤੇ ਸੱਤਾਂ ਮੁਲਜ਼ਮਾਂ ਖਿਲਾਫ ਥਾਣਾ ਭੋਗਪੁਰ ਵਿਚ ਮਾਮਲਾ ਦਰਜ ਕਰ ਕੇ ਪੁਲਸ ਵੱਲੋਂ ਅੱਡਾ ਪਚਰੰਗਾ ਵਿਚ ਨਾਕਾਬੰਦੀ ਸ਼ੁਰੂ ਦਿੱਤੀ ਗਈ। ਚੌਕੀ ਇੰਚਾਰਜ ਸੁਖਜੀਤ ਸਿੰਘ ਬੈਂਸ ਅਤੇ ਹਾਈਵੇ ਪੈਟਰੋਲਿੰਗ ਗੱਡੀ ਵੱਲੋਂ ਹਾਈਵੇ 'ਤੇ ਸਥਿਤ ਢਾਬਿਆਂ 'ਤੇ ਚੈਕਿੰਗ ਸ਼ੁਰੂ ਕੀਤੀ ਗਈ। ਜਦੋਂ ਪੁਲਸ ਪਾਰਟੀ ਭੋਗਪੁਰ ਨੇੜਲੇ ਪਿੰਡ ਸੱਧਾ ਚੱਕ ਦੇ ਦੀਪ ਢਾਬੇ 'ਤੇ ਪੁੱਜੀ ਤਾਂ ਇਕ ਗੱਡੀ ਸਵਾਰ ਲੋਕ ਢਾਬੇ ਦੇ ਬਾਹਰ ਪੰਕਚਰ ਹੋਣ ਕਾਰਨ ਗੱਡੀ ਨੂੰ ਪੰਕਚਰ ਲਗਵਾ ਰਹੇ ਸਨ। ਪੁਲਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਗੱਡੀ ਵਿਚ ਬੈਠੇ ਲੁਟੇਰਾ ਗੈਂਗ ਦੇ ਦੋ ਮੈਂਬਰਾਂ ਸੰਜੀਵ ਕਪੂਰ ਅਤੇ ਲਲਿਤ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਗੈਂਗ ਦਾ ਸਰਗਣਾ ਮਹਿੰਦਰ ਸ਼ਰਮਾ ਪੁੱਤਰ ਭਗਵੰਤ ਪ੍ਰਸਾਦ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਿਆ। ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਸੂਤਰਾਂ ਅਨੁਸਾਰ ਗ੍ਰਿਫਤਾਰ ਕੀਤੇ ਗਏ ਲੁਟੇਰਾ ਗੈਂਗ ਦੇ ਦੋ ਮੈਂਬਰਾਂ ਨੇ ਹੋਰ ਲੁੱਟੀਆਂ ਗਈਆਂ ਗੱਡੀਆਂ ਬਾਰੇ ਜਾਣਕਾਰੀ ਦਿੱਤੀ ਹੈ। ਪੁਲਸ ਵੱਲੋਂ ਜਲਦ ਹੀ ਇਸ ਗਿਰੋਹ ਵੱਲੋਂ ਅੰਜਾਮ ਦਿੱਤੀਆਂ ਗਈਆਂ ਵਾਰਦਾਤਾਂ ਬਾਰੇ ਵੱਡਾ ਖੁਲਾਸਾ ਕੀਤੇ ਜਾਣ ਦੀ ਆਸ ਹੈ।


Karan Kumar

Content Editor

Related News