ਵਰਜਿਤ ਰੰਗਾਂ ਨਾਲ ਬਣੀ 8 ਕਿਲੋ ਕੋਕੋਨਟ ਬਰਫੀ ਕੀਤੀ ਨਸ਼ਟ, 10 ਮਠਿਅਾਈਅਾਂ ਦੇ ਭਰੇ ਸੈਂਪਲ
Wednesday, Oct 31, 2018 - 04:44 AM (IST)
ਕਪੂਰਥਲਾ/ਸੁਲਤਾਨਪੁਰ ਲੋਧੀ, (ਗੁਰਵਿੰਦਰ ਕੌਰ, ਧੀਰ, ਸੋਢੀ)- ‘ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਪੰਜਾਬ’ ਕਾਹਨ ਸਿੰਘ ਪਨੂੰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਦੀਆਂ ਹਦਾਇਤਾਂ ’ਤੇ ਜ਼ਿਲੇ ਵਿਚ ਦੁੱਧ ਅਤੇ ਦੁੱਧ ਪਦਾਰਥਾਂ ਦੀ ਵਿੱਢੀ ਗਈ ਚੈਕਿੰਗ ਮੁਹਿੰਮ ਤਹਿਤ ਫੂਡ ਐਡਮਨਿਸਟ੍ਰੇਸ਼ਨ ਕਪੂਰਥਲਾ ਦੀ ਟੀਮ ਵੱਲੋਂ ਅੱਜ ਸੁਲਤਾਨਪੁਰ ਵਿਖੇ ਮਠਿਆਈ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਸਹਾਇਕ ਕਮਿਸ਼ਨਰ ਫੂਡ ਡਾ. ਹਰਜੋਤ ਪਾਲ ਸਿੰਘ ਅਤੇ ਫੂਡ ਸੇਫਟੀ ਅਫ਼ਸਰ ਸਤਨਾਮ ਸਿੰਘ ’ਤੇ ਆਧਾਰਿਤ ਇਸ ਟੀਮ ਵੱਲੋਂ ਇਹ ਚੈਕਿੰਗ ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਦੀ ਮੌਜੂਦਗੀ ’ਚ ਕੀਤੀ ਗਈ।
ਇਸ ਦੌਰਾਨ ਟੀਮ ਵੱਲੋਂ ਇਕ ਦੁਕਾਨ ਵਿਚੋਂ ਵਰਜਿਤ ਰੰਗਾਂ ਨਾਲ ਤਿਆਰ ਕੀਤੀ ਗਈ ਕਰੀਬ 8 ਕਿਲੋ ਕੋਕੋਨਟ ਬਰਫ਼ੀ ਮੌਕੇ ’ਤੇ ਨਸ਼ਟ ਕਰ ਦਿੱਤੀ ਗਈ। ਚੈਕਿੰਗ ਦੌਰਾਨ ਵੱਖ-ਵੱਖ ਮਠਿਆਈਆਂ ਦੇ ਸੈਂਪਲ ਭਰੇ ਗਏ, ਜਿਨ੍ਹਾਂ ਵਿਚ ਰੋਸਟਡ ਖੋਆ ਬਰਫ਼ੀ, ਕਲਾਕੰਦ, ਗੁਲਾਬ ਜਾਮਣ, ਬੇਸਨ ਬਰਫ਼ੀ, ਲੱਡੂ, ਪਤੀਸਾ ਅਤੇ ਪਿੰਨੀ ਸ਼ਾਮਿਲ ਸੀ।
ਡਾ. ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਅੱਜ ਭਰੇ ਗਏ ਕੁੱਲ 10 ਸੈਂਪਲ ਜਾਂਚ ਲਈ ਸਟੇਟ ਫੂਡ ਲੈਬਾਰਟਰੀ, ਖਰਡ਼ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੈਂਪਲ ਫੇਲ ਹੋਣ ਦੀ ਸੂਰਤ ਵਿਚ ਦੋਸ਼ੀਆਂ ਖਿਲਾਫ਼ ਫੂਡ ਸੇਫਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮਠਿਆਈ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਠਿਆਈ ਤਿਆਰ ਕਰਨ ਲਈ ਉੱਚ ਗੁਣਵੱਤਾ ਵਾਲੇ ਖੋਏ ਦੀ ਵਰਤੋਂ ਕਰਨ ਅਤੇ ਹੋਰਨਾਂ ਸੂਬਿਆਂ ਤੋਂ ਆਏ ਖੋਏ ਦੀ ਖ਼ਰੀਦ ਨਾ ਕਰਨ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਮਠਿਆਈ ਲਈ ਵਰਤਿਆ ਜਾਣ ਵਾਲਾ ਖੋਆ ਕੋਲਡ ਸਟੋਰ ਵਿਚ ਨਾ ਰੱਖਿਆ ਜਾਵੇ ਬਲਕਿ ਮਠਿਆਈ ਕਾਰੋਬਾਰੀ ਇਸ ਨੂੰ ਆਪਣੀਆਂ ਦੁਕਾਨਾਂ ’ਤੇ ਹੀ ਕੰਟਰੋਲ ਤਾਪਮਾਨ ਹੇਠ ਰੱਖਣ।
ਇਸੇ ਤਰ੍ਹਾਂ ਉਨ੍ਹਾਂ ਨੂੰ ਮਠਿਆਈ ਵਿਚ ਵਰਜਿਤ ਰੰਗਾਂ ਦੀ ਵਰਤੋਂ ਨਾ ਕਰਨ ਅਤੇ ਸ਼ੁੱਧ ਚਾਂਦੀ ਦੇ ਵਰਕ ਦੀ ਵਰਤੋਂ ਕਰਨ ਦੀ ਹਦਾਇਤ ਵੀ ਕੀਤੀ ਗਈ।
ਇਸ ਮੌਕੇ ਐੱਸ. ਡੀ. ਐੱਮ. ਡਾ. ਚਾਰੂਮਿਤਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਲੋਕਾਂ ਨੂੰ ਸ਼ੁੱਧ ਅਤੇ ਮਿਲਾਵਟ ਰਹਿਤ ਭੋਜਨ ਪਦਾਰਥ ਮੁਹੱਈਆ ਕਰਵਾਉਣਾ ਹੈ ਅਤੇ ਚੱਲ ਰਹੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ।
