ਮੁੱਖ ਮੰਤਰੀ ਜੀ, ਤੁਸੀਂ ਜਲੰਧਰ ਆਉਂਦੇ-ਜਾਂਦੇ ਰਿਹਾ ਕਰੋ, ਤਾਂ ਹੀ ਨਗਰ ਨਿਗਮ ਵੀ ਸ਼ਹਿਰ ਦੀ ਸਫ਼ਾਈ ਕਰਵਾਉਂਦਾ ਰਹੇਗਾ
Monday, Jun 19, 2023 - 03:03 PM (IST)
![ਮੁੱਖ ਮੰਤਰੀ ਜੀ, ਤੁਸੀਂ ਜਲੰਧਰ ਆਉਂਦੇ-ਜਾਂਦੇ ਰਿਹਾ ਕਰੋ, ਤਾਂ ਹੀ ਨਗਰ ਨਿਗਮ ਵੀ ਸ਼ਹਿਰ ਦੀ ਸਫ਼ਾਈ ਕਰਵਾਉਂਦਾ ਰਹੇਗਾ](https://static.jagbani.com/multimedia/2023_6image_15_02_304405729untitled-16copy.jpg)
ਜਲੰਧਰ (ਖੁਰਾਣਾ)-ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਸੋਮਵਾਰ ਅਤੇ ਮੰਗਲਵਾਰ ਨੂੰ ਜਲੰਧਰ ’ਚ ਰਹਿਣਗੇ, ਜਿਸ ਕਾਰਨ ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਦੀ ਨੀਂਦ ਉੱਡੀ ਹੋਈ ਹੈ। ਪਿਛਲੇ ਕਈ ਦਿਨਾਂ ਤੋਂ ਜਲੰਧਰ ਨਿਗਮ ਵੱਲੋਂ ਸ਼ਹਿਰ ਵਿਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਮੁੱਖ ਮੰਤਰੀ ਨੂੰ ਸ਼ਹਿਰ ਵਿਚ ਕਿਤੇ ਵੀ ਕੂੜਾ ਨਜ਼ਰ ਨਾ ਆਵੇ। ਜ਼ਿਕਰਯੋਗ ਹੈ ਕਿ ਜਦੋਂ ਜਲੰਧਰ ’ਚ ਲੋਕ ਸਭਾ ਦੀ ਜ਼ਿਮਨੀ ਚੋਣ ਸਬੰਧੀ ਪ੍ਰਚਾਰ ਮੁਹਿੰਮ ਚੱਲ ਰਹੀ ਸੀ ਤਾਂ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੀ ਸਾਫ਼-ਸਫ਼ਾਈ ਨੂੰ ਲੈ ਕੇ ਜਲੰਧਰ ਨਿਗਮ ਦੇ ਅਧਿਕਾਰੀਆਂ ਨੂੰ ਸਖ਼ਤ ਤਾੜਨਾ ਕੀਤੀ ਸੀ ਅਤੇ ਉਸ ਸਮੇਂ ਸ਼ਹਿਰ ਦੀ ਗੰਦਗੀ ਇਕ ਵੱਡਾ ਮੁੱਦਾ ਬਣ ਕੇ ਉੱਭਰੀ ਸੀ।
ਉਸ ਸਮੇਂ ਤਾਂ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾ ਕੇ ਮੁੱਖ ਮੰਤਰੀ ਨੂੰ ਸ਼ਾਂਤ ਕਰ ਲਿਆ ਪਰ ਹੁਣ ਫਿਰ ਸੀ. ਐੱਮ. ਦੇ ਦੌਰੇ ਦੇ ਮੱਦੇਨਜ਼ਰ ਨਗਰ ਨਿਗਮ ਨੂੰ ਵਿਸ਼ੇਸ਼ ਸਫਾਈ ਮੁਹਿੰਮ ਚਲਾਉਣੀ ਪੈ ਰਹੀ ਹੈ, ਜਿਸ ਨਾਲ ਸ਼ਹਿਰ ਵਿਚ ਚਰਚਾ ਸ਼ੁਰੂ ਹੋ ਗਈ ਹੈ ਕਿ ਜੇਕਰ ਸ਼ਹਿਰ ਵਿਚ ਨਿਯਮਿਤ ਰੂਪ ਨਾਲ ਸਾਫ਼-ਸਫ਼ਾਈ ਹੁੰਦੀ ਰਹੇ ਤਾਂ ਅਜਿਹੀ ਵਿਸ਼ੇਸ਼ ਸਫਾਈ ਮੁਹਿੰਮ ਚਲਾਉਣ ਦੀ ਲੋੜ ਹੀ ਨਹੀਂ ਪਵੇਗੀ। ਲੋਕ ਤਾਂ ਇਹ ਤਰਕ ਵੀ ਦੇਣ ਲੱਗੇ ਹਨ ਕਿ ਜੇਕਰ ਮੁੱਖ ਮੰਤਰੀ ਕੁਝ ਦਿਨਾਂ ਬਾਅਦ ਜਲੰਧਰ ਆਉਂਦੇ-ਜਾਂਦੇ ਰਹਿਣ ਤਾਂ ਨਗਰ ਨਿਗਮ ਵੀ ਸਫ਼ਾਈ ਕਰਵਾਉਂਦਾ ਰਹੇਗਾ, ਜਿਸ ਨਾਲ ਲੋਕਾਂ ਨੂੰ ਵਧੀਆ ਮਾਹੌਲ ਮਿਲੇਗਾ।
ਇਹ ਵੀ ਪੜ੍ਹੋ: ਸਾਵਧਾਨ! ਸਰੀਰਕ ਸੰਬੰਧ ਬਣਾਉਣ ਦੇ ਚੱਕਰ 'ਚ ਫਸ ਰਹੇ ਨੌਜਵਾਨ, ਇਕ ਰਾਤ ਦਾ ਰੇਟ 10 ਤੋਂ 20 ਹਜ਼ਾਰ
ਸ਼ਹਿਰ ਦੇ ਅੰਦਰ ਦਾ ਗੇੜਾ ਮਾਰਨ ਤਾਂ ਮੁੱਖ ਮੰਤਰੀ ਨੂੰ ਅਸਲੀਅਤ ਪਤਾ ਲੱਗੇਗੀ
ਆਪਣੇ ਦੋ ਰੋਜ਼ਾ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੀ. ਏ. ਪੀ. ਚੌਂਕ ਵਾਲੇ ਪਾਸਿਓਂ ਸ਼ਹਿਰ ਵਿਚ ਦਾਖ਼ਲ ਹੋਣਾ ਹੈ। ਇਸ ਦੌਰਾਨ ਉਹ ਮਕਸੂਦਾਂ ਚੌਕ ਵਿਖੇ ਸੜਕਾਂ ਦੇ ਉਦਘਾਟਨ ਲਈ ਜਾਣਗੇ ਅਤੇ ਰੈਡੀਸਨ ਹੋਟਲ ਵਿਖੇ ਠਹਿਰ ਸਕਦੇ ਹਨ। ਇਕ ਦੋ ਹੋਰ ਥਾਵਾਂ ’ਤੇ ਵੀ ਮੁੱਖ ਮੰਤਰੀ ਦਾ ਪ੍ਰੋਗਰਾਮ ਬਣ ਰਿਹਾ ਹੈ ਤੇ ਮੁੱਖ ਪ੍ਰੋਗਰਾਮ ਪੀ. ਏ. ਪੀ. ਗਰਾਊਂਡ ਵਿਚ ਹੋਣਾ ਹੈ। ਇਸ ਸਾਰੇ ਰੂਟ ’ਤੇ ਜਲੰਧਰ ਨਿਗਮ ਦੇ ਸਾਰੇ ਅਧਿਕਾਰੀ ਸਾਫ਼-ਸਫ਼ਾਈ ਕਰਵਾਉਣ ਵਿਚ ਲੱਗੇ ਹੋਏ ਹਨ ਅਤੇ ਪ੍ਰਾਈਵੇਟ ਠੇਕੇਦਾਰਾਂ ਦੀ ਲੇਬਰ ਦੀ ਮਦਦ ਵੀ ਲਈ ਜਾ ਰਹੀ ਹੈ। ਸ਼ਹਿਰ ਵਿਚ ਚਰਚਾ ਹੈ ਕਿ ਜੇਕਰ ਮੁੱਖ ਮੰਤਰੀ ਆਪਣਾ ਤੈਅ ਰਸਤਾ ਛੱਡ ਕੇ ਸ਼ਹਿਰ ਦੇ ਅੰਦਰ ਹੋਰ ਥਾਵਾਂ ’ਤੇ ਚਲੇ ਜਾਣ ਤਾਂ ਉਨ੍ਹਾਂ ਨੂੰ ਸ਼ਹਿਰ ਦੀ ਸਾਫ-ਸਫ਼ਾਈ ਬਾਰੇ ਸਹਿਜੇ ਹੀ ਅੰਦਾਜ਼ਾ ਲੱਗ ਸਕਦਾ ਹੈ। ਇਸ ਸਮੇਂ ਹਰਦੇਵ ਨਗਰ ਨੇੜੇ ਨਹਿਰ ਦੇ ਕੰਢੇ ਕੂੜੇ ਦੇ ਕਈ ਟਰੱਕ ਪਏ ਹਨ। ਸੰਜੇ ਗਾਂਧੀ ਨਗਰ ਦੇ ਨਾਲ ਲੱਗਦੀ ਕੈਨਾਲ ਰੋਡ ’ਤੇ ਵਰਿਆਣਾ ਵਰਗਾ ਡੰਪ ਵਿਖਾਈ ਦੇਣ ਲੱਗਾ ਹੈ। ਪਿੰਡ ਧਾਲੀਵਾਲ ਨੂੰ ਜਾਂਦੀ ਸੜਕ ’ਤੇ ਵੀ ਕੂੜੇ ਦੇ ਢੇਰ ਆਮ ਦੇਖੇ ਜਾ ਸਕਦੇ ਹਨ। ਟਾਂਡਾ ਫਾਟਕ ਨੇੜੇ ਜੈਨ ਪੈਲੇਸ ਵਾਲੀ ਸੜਕ ਵੀ ਕੂੜੇ ਨਾਲ ਭਰੀ ਰਹਿੰਦੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ-ਜਿਹਾ ਰਹੇਗਾ ਮੌਸਮ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani