ਤਣਾਅ ਦੀ ਸਥਿਤੀ 'ਚ ਸਰਹੱਦੀ ਪਿੰਡਾਂ ਦੇ ਲੋਕ ਹੋਏ ਤਕੜੇ, ਕਿਹਾ- ਜ਼ਰੂਰਤ ਪਈ ਤਾਂ ਚੱਕਾਂਗੇ ਬੰਦੂਕਾਂ

Thursday, May 08, 2025 - 02:36 PM (IST)

ਤਣਾਅ ਦੀ ਸਥਿਤੀ 'ਚ ਸਰਹੱਦੀ ਪਿੰਡਾਂ ਦੇ ਲੋਕ ਹੋਏ ਤਕੜੇ, ਕਿਹਾ- ਜ਼ਰੂਰਤ ਪਈ ਤਾਂ ਚੱਕਾਂਗੇ ਬੰਦੂਕਾਂ

ਅੰਮ੍ਰਿਤਸਰ (ਨੀਰਜ)- ਇਕ ਪਾਸੇ ਸ਼ਹਿਰੀ ਖੇਤਰਾਂ ਵਿਚ ਕਰਿਆਨੇ, ਸਬਜ਼ੀਆਂ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ’ਤੇ ਲੋਕਾਂ ਦੀ ਭਾਰੀ ਭੀੜ ਦੇਖੀ ਗਈ ਅਤੇ ਲੋਕ ਜਮ੍ਹਾਖੋਰੀ ਕਰਦੇ ਦੇਖੇ ਗਏ, ਜਦਕਿ ਦੂਜੇ ਪਾਸੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੇ ਚਿਹਰਿਆਂ ’ਤੇ ਇਕ ਵੀ ਝੁਰੜੀ ਦਿਖਾਈ ਨਹੀਂ ਦੇ ਰਹੀ ਸੀ। ਇਨ੍ਹਾਂ ਪਿੰਡਾਂ ਵਿਚ ਅਟਾਰੀ, ਮੋਦੇ, ਧਨੋਆ, ਨੇਸ਼ਟਾ, ਰਾਜਾਤਾਲ, ਰਤਨਖੁਰਦ, ਧਨੋਆ ਖੁਰਦ ਆਦਿ ਸ਼ਾਮਲ ਹਨ ਜੋ ਸਰਹੱਦੀ ਕੰਡਿਆਲੀ ਤਾਰ ਤੋਂ 100 ਤੋਂ 200 ਮੀਟਰ ਦੀ ਦੂਰੀ ਸਥਿਤ ਹਨ ਅਤੇ ਇੱਥੋਂ ਦੇ ਘਰਾਂ ਦੀਆਂ ਛੱਤਾਂ ਤੋਂ ਪਾਕਿਸਤਾਨ ਦੇਖਿਆ ਜਾ ਸਕਦਾ ਹੈ ਪਰ ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਕੁਝ ਵੀ ਹੋ ਜਾਵੇ, ਉਹ ਆਪਣਾ ਪਿੰਡ ਅਤੇ ਆਪਣੀ ਜ਼ਮੀਨ ਨਹੀਂ ਛੱਡਣਗੇ ਅਤੇ ਫੌਜ ਨਾਲ ਮਿਲ ਕੇ ਪਾਕਿਸਤਾਨ ਨੂੰ ਸਖ਼ਤ ਟੱਕਰ ਦੇ ਕੇ ਉਨ੍ਹਾਂ ਨੂੰ ਸਬਕ ਸਿਖਾਉਣਗੇ।

 ਇਹ ਵੀ ਪੜ੍ਹੋ- ਤਣਾਅ ਵਿਚਾਲੇ ਪੰਜਾਬ ਦੇ ਇਸ ਜ਼ਿਲ੍ਹੇ ਤੋਂ ਵੱਡੀ ਖ਼ਬਰ, ਹੁਣ ਰੋਜ਼ ਹੋਵੇਗਾ Blackout

ਧਨੋਆ ਦੇ ਰਹਿਣ ਵਾਲੇ ਰਜਿੰਦਰ ਸਿੰਘ ਅਤੇ ਰੌੜਾਵਾਲਾ ਦੇ ਵਸਨੀਕ ਸਕੱਤਰ ਸਿੰਘ ਨੇ ਕਿਹਾ ਕਿ ਦੇਸ਼ ਦਾ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕਿਸੇ ਬਾਹਰੀ ਤਾਕਤ ਨੇ ਭਾਰਤ ’ਤੇ ਹਮਲਾ ਕੀਤਾ ਹੈ ਤਾਂ ਪੰਜਾਬ ਅਤੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਸਭ ਤੋਂ ਪਹਿਲਾਂ ਦੁਸ਼ਮਣ ਦਾ ਸਾਹਮਣਾ ਕੀਤਾ ਹੈ ਅਤੇ ਹਮੇਸ਼ਾ ਦੁਸ਼ਮਣ ਨੂੰ ਸਖ਼ਤ ਟੱਕਰ ਦਿੱਤੀ ਹੈ। ਅਸੀਂ ਸਰਹੱਦੀ ਪਿੰਡਾਂ ਦੇ ਉਹ ਲੋਕ ਹਾਂ ਜੋ ਆਪਣੀ ਪਿੱਠ ਦਿਖਾਉਣਾ ਨਹੀਂ ਜਾਣਦੇ ਅਤੇ ਦੁਸ਼ਮਣ ਦੀ ਛਾਤੀ ਵਿਚ ਹੀ ਗੋਲੀ ਮਾਰਦੇ ਹਾਂ। ਫੌਜ ਨਾਲ ਮਿਲ ਕੇ ਜਿੱਥੇ ਸੈਨਾ ਦੇ ਖਾਣ-ਪੀਣ ਅਤੇ ਹੋਰ ਸਾਮਾਨ ਨਾਲ ਸਹਿਯੋਗ ਦਿੱਤਾ ਜਾਵੇਗਾ, ਉਥੇ ਸਮੇਂ ਆਉਣ ’ਤੇ ਬੰਦੂਕਾਂ ਦੀ ਵਰਤੋਂ ਵੀ ਕੀਤੀ ਜਾਵੇਗੀ।

 ਇਹ ਵੀ ਪੜ੍ਹੋ- ਵੱਡੀ ਖ਼ਬਰ: ਜੰਗ ਦੀ ਸਥਿਤੀ ਵਿਚਾਲੇ ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗ ਗਈ ਵੱਡੀ ਪਾਬੰਦੀ, ਵਿਆਹ-ਸ਼ਾਦੀਆਂ...

1965-71 ਦੀ ਜੰਗ ਵਿਚ ਫੌਜ ਦੇ ਨਾਲ ਖੜ੍ਹੇ ਲੋਕ 

ਸਰਹੱਦੀ ਫੈਸਿੰਗ ਦੇ ਨੇੜੇ ਰਹਿਣ ਵਾਲੇ ਸੇਵਾ ਸਿੰਘ ਅਤੇ ਜਰਨੈਲ ਸਿੰਘ ਨੇ ਕਿਹਾ ਕਿ 1965 ਅਤੇ 1971 ਦੀਆਂ ਜੰਗਾਂ ਦੌਰਾਨ, ਜਦੋਂ ਭਾਰਤੀ ਫੌਜ ਪਾਕਿਸਤਾਨ ਨਾਲ ਲੜ ਰਹੀ ਸੀ, ਪਿੰਡ ਵਾਸੀਆਂ ਨੇ ਖੁਦ ਫੌਜ ਨੂੰ ਰਾਸ਼ਨ ਅਤੇ ਪਾਣੀ ਸਪਲਾਈ ਕੀਤਾ ਅਤੇ ਫੌਜ ਦੀ ਸਪਲਾਈ ਲਾਈਨ ਨੂੰ ਮਜ਼ਬੂਤ ​​ਕੀਤਾ। ਲੋੜ ਪੈਣ ’ਤੇ ਵਲੰਟੀਅਰ ਬਣ ਕੇ ਦੁਸ਼ਮਣ ’ਤੇ ਹਥਿਆਰ ਵੀ ਚਲਾਏ ਅਤੇ ਅੱਜ ਵੀ ਸਾਰੇ ਲੋਕਾਂ ਵਿਚ ਇਹੀ ਜੱਜਬਾ ਕਾਇਮ ਹੈ।

 ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ Update, 12 ਜ਼ਿਲ੍ਹਿਆਂ ਲਈ Alert ਜਾਰੀ

ਵਿਲੇਜ਼ ਡਿਫੈਂਸ ਕਮੇਟੀਆਂ ਵੀ ਅਲਰਟ ’ਤੇ 

ਸਰਹੱਦੀ ਪਿੰਡਾਂ ਵਿਚ ਕੇਂਦਰ ਅਤੇ ਪੰਜਾਬ ਸਰਕਾਰਾਂ ਵੱਲੋਂ ਬਣਾਈਆਂ ਗਈਆਂ ਵਿਲੇਜ਼ ਡਿਫੈਂਸ ਕਮੇਟੀਆਂ ਵੀ ਇਸ ਸਮੇਂ ਪੂਰੀ ਤਰ੍ਹਾਂ ਚੌਕਸ ਹਨ ਅਤੇ ਮੁੱਖ ਤੌਰ ’ਤੇ ਰਾਤ ਨੂੰ ਪਿੰਡਾਂ ਵਿਚ ਠੀਕਰੀ ਪਹਿਰਾ ਦਿੱਤਾ ਜਾ ਰਿਹਾ ਹੈ ਅਤੇ ਆਉਣ-ਜਾਣ ਵਾਲੇ ਹਰ ਵਿਅਕਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਵਿਲੇਜ਼ ਡਿਫੈਂਸ ਕਮੇਟੀਆਂ ਨਾ ਸਿਰਫ਼ ਸਮੱਗਲਿੰਗ ਨੂੰ ਰੋਕਣ ਵਿਚ ਮਦਦਗਾਰ ਸਾਬਤ ਹੋਈਆਂ ਹਨ ਬਲਕਿ ਜੰਗ ਵਰਗੀਆਂ ਸਥਿਤੀਆਂ ਵਿਚ ਪ੍ਰਸ਼ਾਸਨ ਅਤੇ ਫੌਜ ਨੂੰ ਪੂਰਾ ਸਮਰਥਨ ਵੀ ਦੇ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News