ਸ਼ਰਾਬ ''ਚ ਟੱਲੀ ਔਰਤ ਨੇ ਸਿਵਲ ਹਸਪਤਾਲ ''ਚ ਕੀਤਾ ਨਾਗਿਨ ਡਾਂਸ, ਹੋਇਆ ਹੰਗਾਮਾ
Tuesday, Aug 07, 2018 - 12:59 AM (IST)
 
            
            ਜਲੰਧਰ,(ਸ਼ੋਰੀ)—ਸਿਵਲ ਹਸਪਤਾਲ ਦੇ ਟ੍ਰੋਮਾ ਵਾਰਡ 'ਚ ਸੋਮਵਾਰ ਨੂੰ ਦੁਪਹਿਰ ਸਮੇਂ ਸ਼ਰਾਬ ਦੇ ਨਸ਼ੇ 'ਚ ਟੱਲੀ ਨੇਪਾਲੀ ਜੋੜੇ ਨੇ ਹੰਗਾਮਾ ਕੀਤਾ। ਟ੍ਰੋਮਾ ਵਾਰਡ ਦੀ ਪਹਿਲੀ ਮੰਜ਼ਿਲ 'ਤੇ ਸਥਿਤ ਆਈ. ਸੀ. ਯੂ. ਵਾਰਡ 'ਚ ਹੰਗਾਮੇ ਕਾਰਨ ਸਟਾਫ ਤੇ ਮਰੀਜ਼ ਪਰੇਸ਼ਾਨ ਹੋਏ। ਔਰਤ ਕਦੇ ਬੈੱਡ 'ਤੇ ਬੈਠ ਕੇ ਰੌਲਾ ਪਾਉਂਦੀ ਤੇ ਕਦੇ ਜ਼ਮੀਨ 'ਤੇ ਨਾਗਿਨ ਡਾਂਸ ਕਰਦੀ। ਇਸ ਦੌਰਾਨ ਸੁਰੱਖਿਆ ਕਰਮਚਾਰੀਆਂ ਨੂੰ ਜਦ ਬੁਲਾਇਆ ਗਿਆ ਤਾਂ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਪਤੀ-ਪਤਨੀ ਉਥੋਂ ਚਲੇ ਗਏ। 
ਜਾਣਕਾਰੀ ਮੁਤਾਬਕ ਗਾਰਡਨ ਕਾਲੋਨੀ 'ਚ ਇਕ ਵਿਅਕਤੀ ਦੇ ਘਰ 'ਚ ਕੰਮ ਕਰਨ ਵਾਲੇ ਨੇਪਾਲੀ ਵਿਅਕਤੀ ਤੇ ਉਸ ਦੀ ਪਤਨੀ ਨੇ ਸਵੇਰ ਵੇਲੇ ਹੀ ਸ਼ਰਾਬ ਪੀ ਲਈ ਸੀ ਤੇ ਉਸ ਦੀ ਪਤਨੀ ਬਾਅਦ 'ਚ ਹੋਰ ਸ਼ਰਾਬ ਮੰਗਦਿਆਂ ਹੰਗਾਮਾ ਕਰਨ ਲੱਗੀ। ਪਤੀ ਨੇ ਜਦੋਂ ਪਤਨੀ ਨੂੰ ਝਿੜਕਿਆ ਤਾਂ ਉਹ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰਨ ਲੱਗੀ ਸੀ। ਪਤੀ ਨੇ ਉਸ ਨੂੰ ਤੁਰੰਤ ਚੁੱਕ ਕੇ ਆਪਣੇ ਮਾਲਕ ਦੀ ਮਦਦ ਨਾਲ ਬੇਹੋਸ਼ੀ ਦੀ ਹਾਲਤ 'ਚ ਸਿਵਲ ਹਸਪਤਾਲ ਦਾਖਲ ਕਰਵਾਇਆ ।ਜਿਥੇ ਔਰਤ ਸ਼ਰਾਬ ਦੇ ਨਸ਼ੇ 'ਚ ਸਿਵਲ ਹਸਪਤਾਲ 'ਚ ਵੀ ਆਪਣੇ ਪਤੀ ਨਾਲ ਝਗੜਾ ਕਰਦੀ ਰਹੀ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            