ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਪਰਮਜੀਤ ਸਿੰਘ ’ਤੇ ਹਮਲਾ
Thursday, Sep 13, 2018 - 02:39 AM (IST)

ਮਾਹਿਲਪੁਰ, (ਜਸਵੀਰ)- ਬਲਾਕ ਮਾਹਿਲਪੁਰ ਦੇ ਪਿੰਡ ਭਾਮ ਵਿਖੇ ਬੀਤੀ 8 ਸਤੰਬਰ ਨੂੰ ਕਰੀਬ ਰਾਤ 11.30 ਵਜੇ ਟੂਰਨਾਮੈਂਟ ਦੇਖ ਕੇ ਪਰਤ ਰਹੇ ਲੋਕਾਂ ’ਤੇ ਹੋਏ ਹਮਲੇ ਵਿਚ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਸੀ।
ਸਿਵਲ ਹਸਪਤਾਲ ਮਾਹਿਲਪੁਰ ਵਿਖੇ ਜ਼ੇਰੇ ਇਲਾਜ ਉਕਤ ਨੌਜਵਾਨ ਪਰਮਜੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਭਾਮ ਨੇ ਆਪਣੀ ਪਤਨੀ ਨੀਲਮ, ਪਰਮਜੀਤ ਕੌਰ, ਸਰਬਜੀਤ ਸਿੰਘ, ਬਲਜੀਤ ਸਿੰਘ ਪੰਚਾਇਤ ਮੈਂਬਰ ਅਤੇ ਸੁਰਿੰਦਰ ਸਿੰਘ ਦੀ ਹਾਜ਼ਰੀ ਵਿਚ ਦੱਸਿਆ ਕਿ 8 ਸਤੰਬਰ ਦੀ ਰਾਤ ਨੂੰ ਉਹ ਆਪਣੇ ਲਡ਼ਕਿਆਂ ਬੌਬੀ (16) ਤੇ ਜੱਸੀ (17) ਨਾਲ ਰਾਤਰੀ ਮੈਚ ਦੇਖ ਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਜਸਵਿੰਦਰ ਸਿੰਘ, ਸਰਬਜੀਤ ਸਿੰਘ, ਪਰਮਿੰਦਰ ਸਿੰਘ, ਗੁਰਦੀਪ ਸਿੰਘ, ਦਲਵੀਰ ਸਿੰਘ ਵਾਸੀਅਨ ਭਾਮ ਨੇ ਉਸ ਨੂੰ ਰੋਕ ਕੇ ਕੁੱਟ-ਮਾਰ ਕੀਤੀ। ਉਸ ਨੂੰ ਇਲਾਜ ਲਈ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਦਾਖਲ ਕਰਵਾਇਆ ਗਿਆ।
ਪਰਮਜੀਤ ਨੇ ਦੱਸਿਆ ਕਿ ਬੀਤੀ ਰਾਤ ਵੀ ਕੁਝ ਅਣਪਛਾਤੇ ਵਿਅਕਤੀਆਂ ਨੇ ਰਾਤ 11.30 ਦੇ ਕਰੀਬ ਹਸਪਤਾਲ ਵਿਚ ਰੋਡ਼ਿਆਂ ਨਾਲ ਹਮਲਾ ਕੀਤਾ, ਜਿਸ ਨਾਲ ਹਸਪਤਾਲ ਦਾ ਸ਼ੀਸ਼ਾ ਵੀ ਟੁੱਟ ਗਿਆ ਅਤੇ ਇਕ ਪੱਥਰ ਉਸ ਨੂੰ ਵੀ ਲੱਗਾ। ਇਸ ਸਬੰਧੀ ਸੂਚਨਾ ਥਾਣਾ ਮਾਹਿਲਪੁਰ ਨੂੰ ਦੇ ਦਿੱਤੀ ਗਈ ਹੈ। ਉਸ ਨੇ ਦੱਸਿਆ ਕਿ ਹਮਲਾਵਰ ਉਸ ਵੱਲੋਂ ਸਰਪੰਚੀ ਦੀ ਚੋਣ ਲਡ਼ਨ ਦੀ ਤਿਆਰੀ ਤੋਂ ਖਫ਼ਾ ਸਨ। ਜਾਂਚ ਅਫਸਰ ਏ. ਐੱਸ.ਆਈ. ਅਜੈਪਾਲ ਪੁਲਸ ਥਾਣਾ ਚੱਬੇਵਾਲ ਨੇ ਦੱਸਿਆ ਕਿ ਇਕ ਧਿਰ ਪਰਮਜੀਤ ਸਿੰਘ ਅਤੇ ਦੂਜੀ ਧਿਰ ਜਸਵਿੰਦਰ ਸਿੰਘ ਨੇ ਐੱਮ.ਐੱਲ.ਆਰ. ਕਟਵਾਈ ਹੋਈ ਹੈ ਅਤੇ ਬਿਆਨਾਂ ਦੇ ਆਧਾਰ ’ਤੇ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹਸਪਤਾਲ ਵਿਚ ਰੋਡ਼ੇ ਵੱਜਣ ਅਤੇ ਸ਼ੀਸ਼ਾ ਟੁੱਟਣ ਸਬੰਧੀ ਐੱਸ.ਐੱਮ. ਓ. ਡਾ. ਜਤਿੰਦਰਪਾਲ ਸਿੰਘ ਬੈਂਸ ਨੇ ਕਿਹਾ ਕਿ ਇਸ ਸਬੰਧੀ ਥਾਣਾ ਮਾਹਿਲਪੁਰ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।