12 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਔਰਤ ਸਣੇ 3 ਖ਼ਿਲਾਫ਼ ਮਾਮਲਾ ਦਰਜ

08/18/2022 6:10:48 PM

ਭੋਗਪੁਰ (ਸੂਰੀ)-ਭੋਗਪੁਰ ਵਾਸੀ ਇਕ ਔਰਤ ਦੀ ਸ਼ਿਕਾਇਤ ’ਤੇ ਉਸ ਨਾਲ 12 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਇਕ ਔਰਤ ਸਣੇ 3 ਲੋਕਾਂ ਖ਼ਿਲਾਫ਼ ਥਾਣਾ ਭੋਗਪੁਰ ’ਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਠੱਗੀ ਦੀ ਸ਼ਿਕਾਰ ਹੋਈ ਔਰਤ ਨੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੂੰ ਇਕ ਸ਼ਿਕਾਇਤ ਦਿੱਤੀ ਹੈ। ਇਸ ’ਚ ਉਸ ਨੇ ਦੱਸਿਆ ਸੀ ਕਿ ਉਸ ਨੇ ਇਕ ਆਨਲਾਈਨ ਟਰਮ ਪਲਾਨ ਲਿਆ ਸੀ, ਜੋ ਸਹੀ ਨਿਕਲਿਆ, ਜਿਸ ਤੋਂ ਬਾਅਦ ਇਸ ਕੰਪਨੀ ਤੋਂ ਹੀ ਫੋਨ ਆਇਆ ਕਿ ਅਸੀਂ ਤੁਹਾਨੂੰ ਇਕ ਹੋਰ ਵਧੀਆ ਤੇ ਬਿਨਾਂ ਰਕਮ ਲਾਏ ਐਕਸੀਡੈਂਟ ਪਲਾਨ ਦੇ ਰਹੇ ਹਾਂ, ਜਿਸ ’ਚ ਆਪ ਨੇ ਕੋਈ ਵੀ ਰਕਮ ਨਹੀਂ ਲਾਉਣੀ ਹੈ, ਕੰਪਨੀਆਂ ਆਪ ਨੂੰ 1 ਕਰੋੜ ਦਾ ਐਕਸੀਡੈਂਟਲ ਕਵਰ ਦੇਵੇਗੀ ਤੇ ਇਸ ਝਾਂਸੇ ’ਚ ਆ ਕੇ ਪੀੜਤਾ ਨੇ ਹਾਂ ਕਰ ਦਿੱਤੀ। ਠੱਗਾਂ ਨੇ ਔਰਤ ਨੂੰ ਕੰਪਨੀ ਦੀ ਸੈਟਲਮੈਂਟ ਨਾਲ ਬਿਨਾਂ ਐਕਸੀਡੈਂਟ ਤੋਂ 50 ਲੱਖ ਰੁਪਏ ਦੇਣ ਦਾ ਝਾਂਸਾ ਦਿੱਤਾ। ਦੋਸ਼ੀਆਂ ਨੇ ਵੱਖ-ਵੱਖ ਖਾਤਿਆਂ ’ਚ ਪੀਡ਼ਤ ਔਰਤ ਤੋਂ 12 ਲੱਖ ਰੁਪਏ ਜਮ੍ਹਾ ਕਰਵਾ ਲਏ। ਇਸ ਠੱਗੀ ਦਾ ਪੀੜਤਾ ਨੂੰ ਬਾਅਦ ’ਚ ਪਤਾ ਲੱਗਾ ਕਿ ਉਸ ਨੂੰ ਕੰਪਨੀ ਵੱਲੋਂ ਕੋਈ ਫੋਨ ਨਹੀਂ ਆਇਆ ਬਲਕਿ ਅਣਪਛਾਤੇ ਵਿਅਕਤੀਆਂ ਵੱਲੋਂ ਕੰਪਨੀ ਦੇ ਨਾਂ ਦਾ ਸਹਾਰਾ ਲੈ ਕੇ ਠੱਗੀ ਮਾਰੀ ਗਈ ਹੈ।

ਇਸ ਸ਼ਿਕਾਇਤ ਦੀ ਜਾਂਚ ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡ੍ਰਨ ਵਿੰਗ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਆਪਣੀ ਰਿਪੋਰਟ ’ਚ ਲਿਖਿਆ ਕਿ ਪੀੜਤਾ ਨੂੰ 1 ਕਰੋੜ ਰੁਪਏ ਦਾ ਇੰਸ਼ੋਰੈਂਸ ਕਵਰ ਤੇ 1 ਕਰੋੜ ਦਾ ਐਕਸੀਡੈਂਟਲ ਕਵਰ ਦਿੱਤਾ ਗਿਆ ਸੀ। ਇਕ ਨਿੱਜੀ ਬੈਂਕ ਦੇ ਕਰਮਚਾਰੀ ਰਾਹੁਲ ਚੌਹਾਨ ਨਾਲ ਪੀੜਤਾ ਦੀ ਗੱਲ ਹੋਈ ਤੇ ਚੌਹਾਨ ਨੇ ਦੱਸਿਆ ਕਿ ਅਸੀਂ ਤੁਹਾਨੂੰ ਬਿਨਾਂ ਐਕਸੀਡੈਂਟ ਦੇ 47 ਲੱਖ ਰੁਪਏ ਦਿਵਾ ਸਕਦੇ ਹਾਂ ਪਰ ਇਸ ਲਈ ਸਾਨੂੰ ਬੈਂਕ ਦੇ ਅਧਿਕਾਰੀਆਂ ਨੂੰ ਪੈਸੇ ਦੇਣੇ ਪੈਣਗੇ। ਠੱਗਾਂ ਨੇ ਪੀੜਤਾਂ ਨੂੰ ਝਾਂਸਾ ਦੇ ਕੇ ਵੱਖ-ਵੱਖ 2 ਖਾਤਿਆਂ ’ਚ ਕੁੱਲ 12 ਲੱਖ ਰੁਪਏ ਦੀ ਰਾਸ਼ੀ ਜਮ੍ਹਾ ਕਰਵਾਈ। ਇਸ ਤੋਂ ਬਾਅਦ ਦੁਬਾਰਾ ਕੋਰੋਨਾ ਮਹਾਮਾਰੀ ਕਾਰਨ ਲਾਕਡਾਊਨ ਲੱਗਿਆ ਤੇ ਇਸ ਤੋਂ ਬਾਅਦ ਇਨ੍ਹਾਂ ਦਾ ਕੋਈ ਵੀ ਫੋਨ ਪੀੜਤਾ ਨੂੰ ਨਹੀਂ ਆਇਆ। ਸ਼ਿਕਾਇਤ ਦੀ ਜਾਂਚ ਦੌਰਾਨ ਪਾਇਆ ਗਿਆ ਕਿ ਰਾਹੁਲ ਚੌਹਾਨ, ਸਿਮਰਨ ਤੇ ਰਵਿੰਦਰ ਕੁਮਾਰ ਨੇ ਝੂਠ ਬੋਲ ਕੇ ਪੀੜਤਾ ਨੂੰ ਝਾਂਸੇ ’ਚ ਲੈ ਕੇ ਉਸ ਨਾਲ ਠੱਗੀ ਮਾਰੀ ਹੈ। ਪੁਲਸ ਵੱਲੋਂ ਰਾਹੁਲ ਚੌਹਾਨ ਪੁੱਤਰ ਓਮ ਪ੍ਰਕਾਸ਼ ਸਿੰਘ ਵਾਸੀ ਨਿਊ ਅਸ਼ੋਕ ਨਗਰ ਦਿੱਲੀ, ਰਵਿੰਦਰ ਕੁਮਾਰ ਵਾਸੀ ਪਾਲ ਕਾਲੋਨੀ ਇਟਾਵਾ ਯੂ. ਪੀ. ਤੇ ਸਿਮਰਨ ਖ਼ਿਲਾਫ਼ ਧੋਖਾਦੇਹੀ ਦੀਆਂ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ।


Manoj

Content Editor

Related News