ਮੋਟਰਸਾਈਕਲਾਂ ਦੀ ਆਹਮਣੋ-ਸਾਹਮਣੇ ਹੋਈ ਜ਼ਬਰਦਸਤ ਟੱਕਰ, ਨੌਜਵਾਨ ਦੀ ਮੌਤ
Monday, Jan 22, 2024 - 03:01 PM (IST)
ਨੂਰਪੁਰਬੇਦੀ (ਸੰਜੀਵ ਭੰਡਾਰੀ)- ਨੂਰਪੁਰਬੇਦੀ-ਗਡ਼੍ਹਸ਼ੰਕਰ ਮੁੱਖ ਮਾਰਗ ’ਤੇ ਦੇਰ ਸ਼ਾਮ ਪੁਲਸ ਚੌਂਕੀ ਕਲਵਾਂ ਅਧੀਨ ਪੈਂਦੇ ਪਿੰਡ ਹੀਰਪੁਰ ਲਾਗੇ ਵਾਪਰੇ ਇਕ ਸਡ਼ਕ ਹਾਦਸੇ ਦੌਰਾਨ 2 ਮੋਟਰਸਾਈਕਲਾਂ ਦੀ ਹੋਈ ਆਹਮਣੋ-ਸਾਹਮਣੇ ਟੱਕਰ ’ਚ ਇਕ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਗਈ। ਜਦਕਿ ਦੂਜਾ ਮੋਟਰਸਾਈਕਲ ਸਵਾਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ ਹੈ। ਉਕਤ ਹਾਦਸਾ ਇਕ ਟਰੱਕ ਨੂੰ ਓਵਰਟੇਕ ਕਰਦੇ ਸਮੇਂ ਵਾਪਰਿਆ ਦੱਸਿਆ ਜਾਂਦਾ ਹੈ।
ਇਸ ਸਬੰਧੀ ਚੌਂਕੀ ਕਲਵਾਂ ਦੇ ਇੰਚਾਰਜ ਏ.ਐੱਸ.ਆਈ. ਜਸਮੇਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮੀਂ ਕਰੀਬ ਸਵਾ 8 ਕੁ ਵਜੇ ਪਰਮਜੀਤ ਸਿੰਘ (35) ਪੁੱਤਰ ਚੰਨਣ ਰਾਮ ਨਿਵਾਸੀ ਪਿੰਡ ਕਲਵਾਂ, ਥਾਣਾ ਨੂਰਪੁਰਬੇਦੀ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਡੂਮੇਵਾਲ ਦੀ ਤਰਫ਼ੋਂ ਆਪਣੇ ਪਿੰਡ ਕਲਵਾਂ ਨੂੰ ਵਾਪਸ ਪਰਤ ਰਿਹਾ ਸੀ। ਇਸ ਦੌਰਾਨ ਘਰ ਤੋਂ ਕੁਝ ਦੂਰੀ ਪਹਿਲਾਂ ਅੱਡਾ ਹੀਰਪੁਰ ਲਾਗੇ ਇਕ ਟਰੱਕ ਨੂੰ ਓਵਰਟੇਕ ਕਰਦੇ ਸਮੇਂ ਉਸ ਦੀ ਸਾਹਮਣੇ ਦੀ ਦਿਸ਼ਾ ਤੋਂ ਆ ਰਹੇ ਇਕ ਹੋਰ ਤੇਜ਼ ਰਫ਼ਤਾਰ ਮੋਟਰਸਾਈਕਲ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਪਰਮਜੀਤ ਸਿੰਘ ਦੇ ਗੰਭੀਰ ਜ਼ਖ਼ਮੀ ਹੋਣ ’ਤੇ ਮੌਤ ਹੋ ਗਈ। ਜਦਕਿ ਦੂਜਾ ਮੋਟਰਸਾਈਕਲ ਚਾਲਕ ਜਿਸ ਦੀ ਪਛਾਣ ਜਗਵੀਰ ਸਿੰਘ ਪੁੱਤਰ ਕੇਵਲ ਸਿੰਘ ਨਿਵਾਸੀ ਪਿੰਡ ਉੱਪਰਲੀ ਨਲਹੋਟੀ ਵਜੋਂ ਹੋਈ ਹੈ, ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਇਲਾਜ ਲਈ ਤੁਰੰਤ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਅਪਰਾਧੀਆਂ ਨੂੰ ਨਹੀਂ ਹੈ ਪੁਲਸ ਦਾ ਡਰ, ਜਲੰਧਰ 'ਚ 20 ਦਿਨਾਂ ’ਚ ਹੋਏ 4 ਕਤਲ, ਦਹਿਸ਼ਤ ਦਾ ਮਾਹੌਲ
ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਪਰਮਜੀਤ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਦੇ ਬਿਆਨਾਂ ’ਤੇ ਜ਼ਖ਼ਮੀ ਹੋਏ ਮੋਟਰਸਾਈਕਲ ਚਾਲਕ ਜਗਵੀਰ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ। ਮ੍ਰਿਤਕ ਅਤੇ ਜ਼ਖ਼ਮੀ ਹੋਇਆ ਨੌਜਵਾਨ ਗ਼ਰੀਬ ਪਰਿਵਾਰਾਂ ਨਾਲ ਸਬੰਧਤ ਦੱਸੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਹਾਦਸਾਗ੍ਰਸਤ ਵਾਹਨਾਂ ਨੂੰ ਪੁਲਸ ਵੱਲੋਂ ਕਬਜ਼ੇ ’ਚ ਲੈ ਲਿਆ ਗਿਆ ਹੈ ਅਤੇ ਲਾਸ਼ ਨੂੰ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਸ਼੍ਰੀ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਅੱਜ, AI ਬੇਸਡ ਹੈ ਹਾਈਟੈੱਕ ਸਕਿਓਰਿਟੀ, ਅਯੁੱਧਿਆ 'ਚ ਲੱਗੇ 10 ਹਜ਼ਾਰ CCTV ਕੈਮਰੇ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।