ਸੜਕ ਪਾਰ ਕਰ ਰਹੀ ਬੱਚੀ ਨੂੰ ਆਟੋ ਨੇ ਮਾਰੀ ਟੱਕਰ, ਮੌਤ
Friday, Dec 13, 2024 - 01:29 PM (IST)
ਮੋਹਾਲੀ (ਸੰਦੀਪ) : ਸੈਕਟਰ-69 ਦੇ ਰਿਹਾਇਸ਼ੀ ਇਲਾਕੇ ’ਚ ਪਾਰਕ ਦੇ ਨੇੜੇ ਸੜਕ ਪਾਰ ਕਰ ਰਹੀ 7 ਸਾਲਾ ਮਾਸੂਮ ਨੂੰ ਤੇਜ਼ ਰਫ਼ਤਾਰ ਆਟੋ ਨੇ ਟੱਕਰ ਮਾਰ ਦਿੱਤੀ। ਹਾਦਸੇ ’ਚ ਜ਼ਖ਼ਮੀ ਅਰਾਧਿਆ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਫੇਜ਼-8 ਥਾਣਾ ਪੁਲਸ ਨੇ ਮ੍ਰਿਤਕ ਦੇ ਦਾਦਾ ਮੂਲ ਰੂਪ ਤੋਂ ਹਿਮਾਚਲ ਦੇ ਬਿਲਾਸਪੁਰ ਦੇ ਬਲਦੇਵ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਆਟੋ ਚਾਲਕ ਮੁਕਤਸਰ ਦੇ ਲਵਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਬਲਦੇਵ ਸਿੰਘ ਨੇ ਦੱਸਿਆ ਕਿ ਉਹ ਪੀ. ਡਬਲਿਊ. ਡੀ. ਹਿਮਾਚਲ ਤੋਂ ਸੇਵਾਮੁਕਤ ਹੈ। ਬੇਟਾ ਇੰਡੀਅਨ ਕੋਸਟ ਗਾਰਡ ਵਿਸ਼ਾਖਾਪਟਨਮ ’ਚ ਕਮਾਂਡੈਂਟ ਹੈ ਤੇ ਨੂੰਹ ਦੋ ਬੱਚਿਆਂ ਨਾਲ ਸੈਕਟਰ 69 ’ਚ ਕਿਰਾਏ ’ਤੇ ਰਹਿੰਦੀ ਹੈ। ਬੁੱਧਵਾਰ ਸ਼ਾਮ ਨੂੰ ਉਹ 9 ਸਾਲ ਦੇ ਪੋਤੇ ਅਤੇ 7 ਸਾਲ ਦੀ ਪੋਤੀ ਅਰਾਧਿਆ ਨਾਲ ਘਰ ਦੇ ਸਾਹਮਣੇ ਪਾਰਕ ’ਚ ਘੁੰਮਣ ਗਏ ਸਨ। ਅਰਾਧਿਆ ਅਚਾਨਕ ਘਰ ਵੱਲ ਤੁਰ ਪਈ। ਉਹ ਪੋਤੇ ਨਾਲ ਉਸ ਦੇ ਪਿੱਛੇ ਜਾਣ ਲੱਗੇ। ਜਿਵੇਂ ਹੀ ਅਰਾਧਿਆ ਸੜਕ ਪਾਰ ਕਰਨ ਲੱਗੀ ਤਾਂ ਤੇਜ਼ ਰਫ਼ਤਾਰ ਆਟੋ ਨੇ ਉਸ ਨੂੰ ਟੱਕਰ ਮਾਰ ਦਿੱਤੀ। ਸਿਰ ’ਤੇ ਸੱਟ ਲੱਗਣ ਕਾਰਨ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਬਲਦੇਵ ਸਿੰਘ ਸਦਮੇ ’ਚ ਹਨ। ਅਰਾਧਿਆ ਦੀ ਅਵਾਜ਼ ਨਾਲ ਗੂੰਜਣ ਵਾਲੇ ਘਰ ’ਚ ਹੁਣ ਸੰਨਾਟਾ ਛਾ ਗਿਆ ਹੈ।