ਨਸ਼ੇ ਦੀ ਓਵਰਡੋਜ਼ ਦੇ ਕੇ ਨੌਜਵਾਨ ਦਾ ਕੀਤਾ ਕਤਲ, ਸਟਾਫ ਨਰਸ ਸਮੇਤ 3 ਮੁਲਜ਼ਮ ਗ੍ਰਿਫ਼ਤਾਰ
Thursday, Dec 19, 2024 - 09:35 AM (IST)

ਬਠਿੰਡਾ (ਵਰਮਾ) : ਜ਼ਿਲ੍ਹੇ ਦੀ ਭੁੱਚੋ ਮੰਡੀ ਦੇ ਰਹਿਣ ਵਾਲੇ ਨੌਜਵਾਨ ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਘਰ ਦੇ ਪਿੱਛੇ ਪਲਾਟ ਵਿਚ ਦੱਬਣ ਵਾਲੇ 3 ਮੁਲਜ਼ਮਾਂ ਨੂੰ ਪੁਲਸ ਨੇ ਕਾਬੂ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿਚ ਬਰਖਾਸਤ ਸਟਾਫ ਨਰਸ ਮੀਨਾਕਸ਼ੀ, ਨਛੱਤਰ ਸਿੰਘ ਅਤੇ ਯਾਦਵਿੰਦਰ ਸਿੰਘ ਸ਼ਾਮਲ ਹਨ।
ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਮਗਰੋਂ ਪੁਲਸ ਨੇ ਉਨ੍ਹਾਂ ਦੀ ਸੂਚਨਾ ’ਤੇ ਮ੍ਰਿਤਕ ਨੌਜਵਾਨ ਬਲਜਿੰਦਰ ਸਿੰਘ ਦੀ ਲਾਸ਼ ਖਾਲੀ ਪਲਾਟ ’ਚੋਂ ਬਰਾਮਦ ਕਰ ਲਈ, ਜਿੱਥੇ ਮੁਲਜ਼ਮਾਂ ਨੇ ਨੌਜਵਾਨ ਦੀ ਲਾਸ਼ ਨੂੰ ਦੱਬ ਦਿੱਤਾ ਸੀ। ਐੱਸ. ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਮੇਲਾ ਸਿੰਘ ਨਾਂ ਦੇ ਵਿਅਕਤੀ ਨੇ ਥਾਣਾ ਨਥਾਣਾ ਨੂੰ ਸ਼ਿਕਾਇਤ ਦੇ ਕੇ ਦੱਸਿਆ ਕਿ ਉਸ ਦਾ ਲੜਕਾ ਬਲਜਿੰਦਰ ਸਿੰਘ 2 ਦਸੰਬਰ ਨੂੰ ਘਰੋਂ ਅਚਾਨਕ ਲਾਪਤਾ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ।
ਐੱਸ. ਪੀ. ਸਿਟੀ ਨੇ ਦੱਸਿਆ ਕਿ ਜਦੋਂ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਬਲਜਿੰਦਰ ਸਿੰਘ ਆਖਰੀ ਸਮੇਂ ਬਰਖਾਸਤ ਸਟਾਫ ਨਰਸ ਮੀਨਾਕਸ਼ੀ ਦੇ ਘਰ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਜਾਂਚ ਦੌਰਾਨ ਜਦੋਂ ਪੁਲਸ ਨੇ ਸਾਬਕਾ ਸਟਾਫ ਨਰਸ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਕੀਤੀ ਤਾਂ ਸਾਰਾ ਮਾਮਲਾ ਸਾਹਮਣੇ ਆਇਆ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਔਰਤ ਨੇ ਪੁਲਸ ਪੁੱਛਗਿੱਛ ਦੌਰਾਨ ਦੱਸਿਆ ਕਿ ਬਲਜਿੰਦਰ ਸਿੰਘ ਅਕਸਰ ਉਸ ਕੋਲ ਆਉਂਦਾ ਰਹਿੰਦਾ ਸੀ ਅਤੇ ਉਹ, ਨਛੱਤਰ ਸਿੰਘ ਅਤੇ ਯਾਦਵਿੰਦਰ ਸਿੰਘ ਮਿਲ ਕੇ ਨਸ਼ੇ ਦਾ ਸੇਵਨ ਕਰਦੇ ਸਨ। 2 ਦਸੰਬਰ ਨੂੰ ਜਦੋਂ ਬਲਜਿੰਦਰ ਉਸਦੇ ਘਰ ਆਇਆ ਤਾਂ ਉਸਨੇ ਨਸ਼ੇ ਦੀ ਓਵਰਡੋਜ਼ ਲੈ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਸ ਨੇ ਆਪਣੇ ਦੋ ਸਾਥੀਆਂ ਯਾਦਵਿੰਦਰ ਸਿੰਘ ਅਤੇ ਨਛੱਤਰ ਸਿੰਘ ਨਾਲ ਮਿਲ ਕੇ ਬਲਜਿੰਦਰ ਸਿੰਘ ਦੀ ਲਾਸ਼ ਨੂੰ ਉਸਦੇ ਘਰ ਦੇ ਪਿੱਛੇ ਪਲਾਟ ਵਿਚ ਦਫਨਾ ਦਿੱਤਾ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ।
ਇਹ ਵੀ ਪੜ੍ਹੋ : ਫਲਾਈਓਵਰ ’ਤੇ ਚੱਲਦੇ ਹੋਏ ਟੈਂਪੂ ’ਚ ਅਚਾਨਕ ਲੱਗੀ ਅੱਗ, ਡਰਾਈਵਰ ਨੇ ਛਾਲ ਮਾਰ ਕੇ ਬਚਾਈ ਜਾਨ
ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਔਰਤ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਸ ਨੇ ਬਾਕੀ ਦੋ ਸਾਥੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਮ੍ਰਿਤਕ ਨੌਜਵਾਨ ਦੀ ਲਾਸ਼ ਪਲਾਟ ’ਚੋਂ ਬਰਾਮਦ ਕਰ ਲਈ। ਪੁਲਸ ਨੇ ਤਿੰਨਾਂ ਮੁਲਜ਼ਮਾਂ ਖਿਲਾਫ ਥਾਣਾ ਨਥਾਣਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਔਰਤ ਮੀਨਾਕਸ਼ੀ ਭੁੱਚੋ ਮੰਡੀ ਦੇ ਸਰਕਾਰੀ ਹਸਪਤਾਲ ’ਚ ਸਟਾਫ ਨਰਸ ਵਜੋਂ ਕੰਮ ਕਰਦੀ ਸੀ। ਜਦੋਂ ਉਹ ਨਸ਼ੇ ਦਾ ਆਦੀ ਹੋ ਗਿਆ ਤਾਂ ਉਹ ਅਕਸਰ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਲੱਗ ਪਿਆ, ਜਿਸ ਕਾਰਨ ਸਿਹਤ ਵਿਭਾਗ ਨੇ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਉਪਰੋਕਤ ਮਾਮਲੇ ਨਾਲ ਸਬੰਧਤ ਬਾਕੀ ਦੋ ਮੁਲਜ਼ਮ ਨਛੱਤਰ ਸਿੰਘ ਅਤੇ ਯਾਦਵਿੰਦਰ ਸਿੰਘ ਸਕੇ ਭਰਾ ਹਨ। ਦੋਵੇਂ ਨਸ਼ੇ ਦੇ ਆਦੀ ਸਨ, ਜਿਸ ਕਾਰਨ ਉਹ ਮੀਨਾਕਸ਼ੀ ਦੇ ਘਰ ਜਾ ਕੇ ਨਸ਼ੇ ਦਾ ਸੇਵਨ ਕਰਦੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8