ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਨੌਜਵਾਨ ਦੀ ਮੌਤ

Tuesday, Dec 17, 2024 - 04:07 PM (IST)

ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਨੌਜਵਾਨ ਦੀ ਮੌਤ

ਗੁਰੂਹਰਸਹਾਏ (ਸਿਕਰੀ) : ਗੁਰੂਹਰਸਹਾਏ ਦੇ ਟੈਕਸੀ ਸਟੈਂਡ ਦੇ ਕੋਲ ਕਾਰ ਅਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਨੌਜਵਾਨ ਦੀ ਮੌਤ ਅਤੇ ਇਕ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧ 'ਚ ਥਾਣਾ ਗੁਰੂਹਰਸਹਾਏ ਪੁਲਸ ਨੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਲਵਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਮੁਹੱਲਾ ਮਿਸਤਰੀਆਂ ਵਾਲਾ ਗੁਰੂਹਰਸਹਾਏ ਨੇ ਦੱਸਿਆ ਕਿ ਉਸ ਦਾ ਭਰਾ ਮਨਪ੍ਰੀਤ ਸਿੰਘ (24 ਸਾਲ) ਆਪਣੇ ਸਾਥੀ ਪ੍ਰੀਤਮ ਸਿੰਘ ਨੂੰ ਉਸ ਦੇ ਘਰ ਰੇਲਵੇ ਬਸਤੀ ਗੁਰੂਹਰਸਹਾਏ ਛੱਡਣ ਲਈ ਜਾ ਰਿਹਾ ਸੀ।

ਜਦ ਉਹ ਰੇਲਵੇ ਪੁਲ ਤੋਂ ਪਿੱਛੇ ਹੀ ਟੈਕਸੀ ਸਟੈਂਡ ਦੇ ਸਾਹਮਣੇ ਪੁੱਜੇ ਤਾਂ ਸਾਹਮਣੇ ਤੋਂ ਇਕ ਮਾਰੂਤੀ ਕਾਰ ਆਈ, ਜਿਸ ਨੂੰ ਦੋਸ਼ੀ ਲਖਵੀਰ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਮਾਦੀ ਕੇ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ। ਉਸ ਨੇ ਕਾਰ ਲਿਆ ਕੇ ਮਨਪ੍ਰੀਤ ਸਿੰਘ ਹੋਰਾਂ ਦੇ ਮੋਟਰਸਾਈਕਲ ਵਿਚ ਮਾਰੀ। ਇਸ ਹਾਦਸੇ ਵਿਚ ਮਨਪ੍ਰੀਤ ਸਿੰਘ ਤੇ ਪ੍ਰੀਤਮ ਸਿੰਘ ਜ਼ਖਮੀ ਹੋ ਗਏ ਤੇ ਪੀ. ਜੀ. ਆਈ. ਚੰਡੀਗੜ੍ਹ ਵਿਖੇ ਲਿਜਾਂਦੇ ਸਮੇਂ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ। ਲਵਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰੀਤਮ ਸਿੰਘ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
 


author

Babita

Content Editor

Related News