ਪਤੰਗ ਲੁੱਟਣੀ ਨਾਬਾਲਗ ਨੂੰ ਪਈ ਮਹਿੰਗੀ, ਕੁੱਟਮਾਰ ਕਰਕੇ ਕੀਤਾ ਅੱਧਮਰਿਆ
Thursday, Dec 26, 2019 - 11:50 AM (IST)

ਜਲੰਧਰ (ਗੁਲਸ਼ਨ)— ਪਤੰਗ ਲੁੱਟਣੀ ਇਕ ਨਾਬਾਲਗ ਲੜਕੇ ਨੂੰ ਇੰਨੀ ਮਹਿੰਗੀ ਪੈ ਗਈ ਕਿ ਕੁਝ ਨੌਜਵਾਨਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਨੂੰ ਹਸਪਤਾਲ ਪਹੁੰਚਾ ਦਿੱਤਾ। ਬੁੱਧਵਾਰ ਸ਼ਾਮ ਲੱਕੜ ਵਾਲੇ ਪੁਲ ਤੋਂ ਰੇਲਵੇ ਸਟੇਸ਼ਨ ਵਲ ਜਾਂਦੀ ਸੜਕ 'ਤੇ ਇਕ ਨਾਬਾਲਗ ਲੜਕੇ ਨੂੰ ਕੁਝ ਨੌਜਵਾਨਾਂ ਨੇ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟ ਦਿੱਤਾ। ਲੋਕਾਂ ਦੇ ਇਕੱਠੇ ਹੋਣ 'ਤੇ ਲੜਕੇ ਨੂੰ ਅਧਮਰਿਆ ਛੱਡ ਮੁਲਜ਼ਮ ਉਥੋਂ ਫਰਾਰ ਹੋ ਗਏ। ਲੋਕਾਂ ਨੇ 108 ਐਂਬੂਲੈਂਸ ਨੂੰ ਸੂਚਿਤ ਕੀਤਾ। ਐਂਬੂਲੈਂਸ ਦੀ ਉਡੀਕ 'ਚ ਕਾਫੀ ਦੇਰ ਤੱਕ ਲੜਕਾ ਸੜਕ 'ਤੇ ਪਿਆ ਤੜਫਦਾ ਰਿਹਾ।
ਲੜਕੇ ਦੀ ਪਛਾਣ ਸੰਤ ਨਗਰ ਕੋਲ ਰਹਿਣ ਵਾਲੇ ਸਾਵਨ (14) ਪੁੱਤਰ ਅਨਿਲ ਕੁਮਾਰ ਦੇ ਤੌਰ 'ਤੇ ਹੋਈ ਹੈ। ਬੱਚੇ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪਤੰਗ ਲੁੱਟਣ ਦੀ ਮਾਮੂਲੀ ਜਿਹੀ ਗੱਲ 'ਤੇ ਉਕਤ ਨੌਜਵਾਨਾਂ ਨੇ ਉਸ 'ਤੇ ਹਮਲਾ ਕੀਤਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬਾਰਾਂਦਰੀ ਦੇ ਮੁਲਾਜ਼ਮ ਸਿਵਲ ਹਸਪਤਾਲ ਪਹੁੰਚੇ ਅਤੇ ਲੜਕੇ ਦੇ ਬਿਆਨ ਲਏ। ਥਾਣਾ ਬਾਰਾਂਦਰੀ ਦੇ ਐੱਸ. ਐੱਚ. ਓ. ਜੀਵਨ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।