ਭੋਗਪੁਰ ਵਿਖੇ ਮੋਬਇਲ ਟਾਵਰ ਲਗਾਉਣ ਦਾ ਲੋਕਾਂ ਵੱਲੋਂ ਸਖ਼ਤ ਵਿਰੋਧ

07/01/2022 4:43:01 PM

ਭੋਗਪੁਰ (ਸੂਰੀ)-ਭੋਗਪੁਰ ਸ਼ਹਿਰ ਦੇ ਵਾਰਡ ਨੰਬਰ-8 ਹੇਠ ਪੈਂਦੇ ਮੁਹੱਲਾ ਆਦਰਸ਼ ਨਗਰ ਵਿਚ ਇਕ ਪ੍ਰਾਈਵੇਟ ਮੋਬਾਇਲ ਕੰਪਨੀ ਵੱਲੋਂ ਟਾਵਰ ਲਗਾਏ ਜਾਣ ਲਈ ਟਾਵਰ ਦਾ ਸਾਮਾਨ ਗੱਡੀ ਵਿਚੋਂ ਉਤਾਰੇ ਜਾਣ ਸਮੇਂ ਮੁਹੱਲਾ ਵਾਸੀਆਂ ਨੇ ਭਾਰੀ ਗਿਣਤੀ ਵਿਚ ਇਕੱਠੇ ਹੋ ਕੇ ਇਸ ਟਾਵਰ ਦਾ ਵਿਰੋਧ ਸ਼ੁਰੂ ਕਰ ਦਿੱਤਾ। ਵਾਰਡ ਨੰਬਰ-8 ਦੇ ਕੌਂਸਲਰ ਮੁਨੀਸ਼ ਕੁਮਾਰ ਸੁਖੀਜਾ ਦੀ ਅਗਵਾਈ ਹੇਠ ਇਕੱਤਰ ਹੋਏ ਮੁਹੱਲਾ ਵਾਸੀਆਂ ਨੇ ਵਿਰੋਧ ਕਰਦਿਆਂ ਕਿਹਾ ਕਿ ਉਹ ਇਸ ਰਿਹਾਇਸ਼ੀ ਇਲਾਕੇ ਵਿੱਚ ਕਿਸੇ ਵੀ ਕੀਮਤ ਅਤੇ ਮੋਬਾਇਲ ਟਾਵਰ ਨਹੀਂ ਲੱਗਣ ਦੇਣਗੇ।

ਕੰਪਨੀ ਦੇ ਨੁਮਾਇੰਦੇ ਇਕ ਟਰੱਕ ਵਿੱਚ ਟਾਵਰ ਦਾ ਸਾਮਾਨ ਲੈ ਕੇ ਜਦੋਂ ਮੁਹੱਲੇ ਵਿੱਚ ਪੁੱਜੇ ਤਾਂ ਇਸ ਦੀ ਖ਼ਬਰ ਮੁਹੱਲਾ ਵਾਸੀ ਵਾਸੀਆਂ ਨੂੰ ਮਿਲੀ ਤਾਂ ਉਨ੍ਹਾਂ ਨੇ ਆਪਣੇ ਵਾਰਡ ਦੇ ਕੌਂਸਲਰ ਮਨੀਸ਼ ਕੁਮਾਰ ਸੁਖੀਜਾ ਨੂੰ ਫੋਨ ਕਰਕੇ ਉਸ ਪਲਾਟ ਵਿੱਚ ਬੁਲਾ ਲਿਆ ਜਿੱਥੇ ਕਿ ਮੋਬਾਇਲ ਟਾਵਰ ਲਗਾਇਆ ਜਾਣਾ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੌਂਸਲਰ ਮੁਨੀਸ਼ ਕੁਮਾਰ ਸੁਖੀਜਾ ਨੇ ਦੱਸਿਆ ਹੈ ਕਿ ਕੰਪਨੀ ਵੱਲੋਂ 6 ਮਹੀਨੇ ਪਹਿਲਾਂ ਇਸ ਜਗ੍ਹਾ ਵਿੱਚ ਟਾਵਰ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਸਮੇਂ ਵੀ ਮੁਹੱਲਾ ਵਾਸੀਆਂ ਨੇ ਇਸ ਦਾ ਵਿਰੋਧ ਕੀਤਾ ਸੀ ਪਰ ਕੰਪਨੀ ਨੇ ਰਾਤ ਸਮੇਂ ਟਾਵਰ ਦੇ ਫੰਡੀਸ਼ਨ ਦੀ ਉਸਾਰੀ ਕਰ ਲਈ ਸੀ ਪਰ ਅੱਜ ਛੇ ਮਹੀਨੇ ਬਾਅਦ ਕੰਪਨੀ ਦੇ ਨੁਮਾਇੰਦੇ ਇਕ ਟਰੱਕ ਅਤੇ ਜੇ. ਸੀ. ਬੀ. ਮਸ਼ੀਨ ਲੈ ਕੇ ਟਾਵਰ ਲਗਾਉਣ ਲਈ ਪੁੱਜੇ ਹਨ। 

ਇਹ ਵੀ ਪੜ੍ਹੋ:  ਹੁਣ ਗੋਰਾਇਆ ਦੇ ਹੋਟਲ ਕਾਰੋਬਾਰੀ ਨੂੰ ਆਇਆ ਗੋਲਡੀ ਬਰਾੜ ਦੇ ਨਾਂ ’ਤੇ ਫੋਨ, ਮੰਗੀ 5 ਲੱਖ ਦੀ ਫਿਰੌਤੀ

ਉਨ੍ਹਾਂ ਇਸ ਸਬੰਧੀ ਥਾਣਾ ਮੁਖੀ ਭੋਗਪੁਰ ਨੂੰ ਵੀ ਜਾਣਕਾਰੀ ਦਿੱਤੀ ਹੈ ਅਤੇ ਥਾਣਾ ਮੁਖੀ ਵੱਲੋਂ ਮੋਬਾਇਲ ਟਾਵਰ ਲਗਾਉਣ ਵਾਲੀ ਕੰਪਨੀ ਦੇ ਨੁਮਾਇੰਦੇ ਨਾਲ ਗੱਲ ਕੀਤੀ ਹੈ, ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਇਸ ਸਬੰਧੀ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਦਿੱਤੀ ਗਈ ਮਨਜ਼ੂਰੀ ਹੀ ਹੈ ਪਰ ਨਗਰ ਕੌਂਸਲ ਭੋਗਪੁਰ ਦੀ ਕੋਈ ਵੀ ਮਨਜ਼ੂਰੀ ਦਿਖਾਉਣ ਵਿੱਚ ਉਹ ਅਸਫ਼ਲ ਰਹੇ। ਮੁਹੱਲਾ ਵਾਸੀਆਂ ਨੇ ਕਿਹਾ ਕਿ ਉਹ ਇਸ ਸਬੰਧੀ ਕੱਲ੍ਹ ਡਿਪਟੀ ਕਮਿਸ਼ਨਰ ਜਲੰਧਰ ਨੂੰ ਮਿਲਣਗੇ ਪਰ ਕਿਸੇ ਵੀ ਕੀਮਤ 'ਤੇ ਆਪਣੇ ਮੁਹੱਲੇ ਵਿਚ ਮੋਬਾਇਲ ਟਾਵਰ ਨਹੀਂ ਲੱਗਣ ਦੇਣਗੇ ਜੇ ਕੰਪਨੀ ਮੋਬਾਇਲ ਟਾਵਰ ਲਗਾਉਣਾ ਚਾਹੁੰਦੀ ਹੈ ਤਾਂ ਰਿਹਾਇਸ਼ੀ ਖੇਤਰ ਤੋਂ ਬਾਹਰ ਮੋਬਾਇਲ ਟਾਵਰ ਲਗਾਇਆ ਜਾਵੇ ਕਿਉਂਕਿ ਮੋਬਾਇਲ ਟਾਵਰ ਲੱਗਣ ਦੇ ਨਾਲ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ। 

ਪੁਲਸ ਵੱਲੋਂ ਫਿਲਹਾਲ ਮੋਬਾਇਲ ਲਗਾਏ ਜਾਣ ਦੇ ਕੰਮ ਰੋਕ ਦਿੱਤਾ ਗਿਆ ਹੈ ਅਤੇ ਡਿਪਟੀ ਕਮਿਸ਼ਨਰ ਵੱਲੋਂ ਜੋ ਵੀ ਹੁਕਮ ਕੀਤੇ ਜਾਣਗੇ ਉਸ ਅਨੁਸਾਰ ਅੱਗੇ ਕਾਰਵਾਈ ਹੋਵੇਗੀ। ਇਸ ਮੌਕੇ ਅਨੀਤਾ  ਰੂਪਾ ਰਾਣੀ, ਅਕਵਿੰਦਰ ਕੌਰ, ਨਰਿੰਦਰ ਕੌਰ ਗੁਰਪ੍ਰੀਤ ਕੌਰ ਰੂਬੀ ਗੈਦਰ, ਗੁਰਬਖਸ਼ ਕੌਰ ਹਰਦੇਵ ਕੁਮਾਰ, ਸਰਬਜੀਤ ਸਿੰਘ, ਰਘੁਵੀਰ ਸਿੰਘ ਨਿਉਜ਼ੀਲੈਡ, ਰਾਜ ਕੁਮਾਰ ਪਰਮਜੀਤ ਸਿੰਘ ਰਘਵੀਰ ਸਿੰਘ, ਪ੍ਰਵੇਸ਼ ਰਾਜ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ:  ਜਲੰਧਰ: ਪਠਾਨਕੋਟ ਚੌਂਕ ਨੇੜੇ ਵਾਪਰਿਆ ਭਿਆਨਕ ਹਾਦਸਾ, ਮੋਟਰਸਾਈਕਲ ਸਵਾਰ ਦੀ ਮੌਤ, ਉੱਡੇ ਚਿੱਥੜੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News