ATM ’ਚ 2 ਨੌਜਵਾਨਾਂ ਨੇ ਵਿਅਕਤੀ ਨਾਲ ਕੀਤੀ ਜਾਲਸਾਜ਼ੀ, ਧੋਖੇ ਨਾਲ ਬਦਲਿਆ ਕਾਰਡ

Wednesday, Dec 28, 2022 - 05:02 PM (IST)

ATM  ’ਚ 2 ਨੌਜਵਾਨਾਂ ਨੇ ਵਿਅਕਤੀ ਨਾਲ ਕੀਤੀ ਜਾਲਸਾਜ਼ੀ, ਧੋਖੇ ਨਾਲ ਬਦਲਿਆ ਕਾਰਡ

ਜਲੰਧਰ (ਗੁਲਸ਼ਨ)–ਚਲਾਕ ਠੱਗਾਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਬੇਵਕੂਫ ਬਣਾ ਕੇ ਲੁੱਟਣ ਦੇ ਨਵੇਂ-ਨਵੇਂ ਢੰਗ ਅਪਣਾਏ ਜਾਂਦੇ ਹਨ। ਅਜਿਹਾ ਹੀ ਇਕ ਵਾਕਿਆ ਮੰਗਲਵਾਰ ਸ਼ਾਮੀਂ ਲਗਭਗ ਸਵਾ 6 ਵਜੇ ਲਾਡੋਵਾਲੀ ਰੋਡ ’ਤੇ ਮਦਨ ਫਲੋਰ ਮਿੱਲ ਚੌਕ ਨੇੜੇ ਸਥਿਤ ਐੱਸ. ਬੀ. ਆਈ. ਦੇ ਏ. ਟੀ. ਐੱਮ. ਵਿਚ ਹੋਇਆ, ਜਿੱਥੇ ਪੈਸੇ ਕਢਵਾ ਰਹੇ ਪਵਨ ਨੰਦਾ ਨਾਂ ਦੇ ਵਿਅਕਤੀ ਨਾਲ 2 ਨੌਜਵਾਨਾਂ ਨੇ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ। ਉਕਤ ਨੌਜਵਾਨਾਂ ਨੇ ਉਨ੍ਹਾਂ ਦਾ ਏ. ਟੀ. ਐੱਮ. ਬਦਲ ਕੇ ਉਨ੍ਹਾਂ ਨੂੰ ਦੂਜਾ ਏ. ਟੀ. ਐੱਮ. ਫੜਾ ਦਿੱਤਾ।
ਇਹ ਵੀ ਪੜ੍ਹੋ : ਜਾਂਦਾ-ਜਾਂਦਾ ਸਾਲ ਦੇ ਗਿਆ ਕਦੇ ਨਾ ਭੁੱਲਣ ਵਾਲਾ ਦੁੱਖ਼, ਕੈਨੇਡਾ ਵਿਖੇ ਸੁਲਤਾਨਪੁਰ ਲੋਧੀ ਦੇ 25 ਸਾਲਾ ਨੌਜਵਾਨ ਦੀ ਮੌਤ

ਆਪਬੀਤੀ ਸੁਣਾਉਂਦਿਆਂ ਪਵਨ ਨੰਦਾ ਨੇ ਦੱਸਿਆ ਕਿ ਉਹ ਏ. ਟੀ. ਐੱਮ. ਵਿਚੋਂ ਪੈਸੇ ਕਢਵਾ ਰਹੇ ਸਨ। ਜਦੋਂ ਉਹ ਪੈਸੇ ਲੈ ਕੇ ਬਾਹਰ ਨਿਕਲਣ ਲੱਗੇ ਤਾਂ ਪਿੱਛੇ ਖੜ੍ਹੇ 2 ਨੌਜਵਾਨ ਕਹਿਣ ਲੱਗੇ ਕਿ ਅੰਕਲ ਦੋਬਾਰਾ ਕਾਰਡ ਪਾ ਕੇ ਟਰਾਂਜੈਕਸ਼ਨ ਕੈਂਸਲ ਕਰੋ, ਨਹੀਂ ਤਾਂ ਸਾਡੇ ਪੈਸੇ ਨਹੀਂ ਨਿਕਲਣਗੇ। ਉਨ੍ਹਾਂ ਦੇ ਕਹਿਣ ’ਤੇ ਪਵਨ ਨੰਦਾ ਨੇ ਏ. ਟੀ. ਐੱਮ. ਕਾਰਡ ਦੁਬਾਰਾ ਮਸ਼ੀਨ ਵਿਚ ਲਾਇਆ। ਪਿਨ ਨੰਬਰ ਲਾਉਣ ਸਮੇਂ ਉਹ ਸਕ੍ਰੀਨ ’ਤੇ ਦਿਸਣ ਲੱਗਾ। ਉਨ੍ਹਾਂ ਨੂੰ ਨੌਜਵਾਨਾਂ ’ਤੇ ਸ਼ੱਕ ਹੋਇਆ, ਇਸ ਲਈ ਉਨ੍ਹਾਂ ਗਲਤ ਪਿਨ ਨੰਬਰ ਪਾ ਦਿੱਤਾ।

ਇਸ ਤੋਂ ਬਾਅਦ ਨੌਜਵਾਨਾਂ ਨੇ ਉਨ੍ਹਾਂ ਨੂੰ ਗੱਲਾਂ ਵਿਚ ਉਲਝਾ ਕੇ ਦੂਜਾ ਏ. ਟੀ. ਐੱਮ. ਫੜਾ ਦਿੱਤਾ। ਪੈਦਲ ਜਾਂਦਿਆਂ ਥੋੜ੍ਹੀ ਦੂਰੀ ’ਤੇ ਉਨ੍ਹਾਂ ਵੇਖਿਆ ਕਿ ਏ. ਟੀ. ਐੱਮ. ਕਾਰਡ ’ਤੇ ਕੋਈ ਦੂਜਾ ਨਾਂ ਅੰਕਿਤ ਹੈ। ਅਜਿਹੇ ਵਿਚ ਉਨ੍ਹਾਂ ਨੂੰ ਠੱਗੀ ਹੋਣ ਦਾ ਪਤਾ ਲੱਗਾ। ਉਨ੍ਹਾਂ ਤੁਰੰਤ ਆਪਣੇ ਕਾਰਡ ਨੂੰ ਕਸਟਮਰ ਕੇਅਰ ’ਤੇ ਕਾਲ ਕਰ ਕੇ ਬਲਾਕ ਕਰਵਾ ਦਿੱਤਾ। ਇਲਾਕੇ ਦੇ ਸਾਬਕਾ ਕੌਂਸਲਰ ਅਰਜੁਨ ਸਿੰਘ ਪੱਪੀ ਨੇ ਕਿਹਾ ਕਿ ਪਵਨ ਨੰਦਾ ਦੀ ਚੌਕਸੀ ਨਾਲ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ। ਉਨ੍ਹਾਂ ਲੋਕਾਂ ਨੂੰ ਅਜਿਹੇ ਠੱਗਾਂ ਤੋਂ ਬਚਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਅਲਵਿਦਾ 2022: ਦੇਸ਼-ਵਿਦੇਸ਼ ’ਚ ਮਸ਼ਹੂਰ ਹੋਇਆ ਜਲੰਧਰ ਦਾ 'ਲਤੀਫ਼ਪੁਰਾ', ਕਈਆਂ ਨੇ ਵੰਡਾਇਆ ਬੇਘਰ ਲੋਕਾਂ ਨਾਲ ਦੁੱਖ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Anuradha

Content Editor

Related News