ਆਰਮੀ ਨੇ ਨਵਾਂਸ਼ਹਿਰ ਨੇੜੇ ਰੈਸਕਿਊ ਆਪ੍ਰੇਸ਼ਨ ਰਾਹੀਂ ਇਸ ਤਰ੍ਹਾਂ ਸਤਲੁਜ 'ਚੋਂ ਕੱਢੇ ਚਰਵਾਹੇ ਤੇ ਬਕਰੀਆਂ

08/19/2019 12:46:23 AM

ਨਵਾਂਸ਼ਹਿਰ (ਤ੍ਰਿਪਾਠੀ)-ਸਤਲੁਜ ਦਰਿਆ 'ਚ ਵਧੇ ਪਾਣੀ ਦੇ ਪੱਧਰ ਕਾਰਨ ਜਿੱਥੇ ਦਰਿਆ ਨਾਲ ਲੱਗਦੇ ਪਿੰਡਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਜਾਣ ਲਈ ਕਿਹਾ ਗਿਆ ਉੱਥੇ ਸ਼ਾਮ ਨੂੰ ਮੱਤੇਵਾੜਾ ਪੁੱਲ ਨੇੜੇ ਜ਼ਿਲ੍ਹੇ 'ਚ ਪੁੱਜੀ ਆਰਮੀ ਵੱਲੋਂ ਬੇਗੋਵਾਲ 'ਚ ਚਲਾਏ ਬਚਾਅ ਅਪਰੇਸ਼ਨ 'ਚ ਇਕ ਚਰਵਾਹੇ ਦੀਪਕ, ਉਸ ਦੇ ਸਾਥੀ ਅਤੇ ਉਸ ਦੇ ਪਸ਼ੂਆਂ ਨੂੰ ਸਤਲੁਜ ਦਰਿਆ 'ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। 

ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਨਵਾਂਸ਼ਹਿਰ ਡਾ. ਵਿਨੀਤ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਨੂੰ ਮੱਤੇਵਾੜਾ ਪੁੱਲ ਹੇਠਾਂ ਦਰਿਆ 'ਚ ਅਚਾਨਕ ਪਾਣੀ ਆ ਜਾਣ ਕਾਰਨ ਇਕ ਕਿਸਾਨ ਦੀ ਜ਼ਮੀਨ 'ਚ ਕਮਰਾ ਪਾ ਕੇ ਰਹਿੰਦੇ ਇਕ ਚਰਵਾਹੇ, ਉਸ ਦੇ ਪਸ਼ੂਆਂ ਅਤੇ ਉਸ ਨੂੰ ਬਚਾਉਣ ਗਏ ਇਕ ਵਿਅਕਤੀ ਪਾਣੀ 'ਚ ਘਿਰ ਜਾਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਵੱਲੋਂ ਇਸ ਸੂਚਨਾ ਦੇ ਆਧਾਰ 'ਤੇ ਜ਼ਿਲ੍ਹਾ ਪੁਲਸ ਅਤੇ ਐੱਸ.ਡੀ.ਐੱਮ. ਡਾ. ਵਿਨੀਤ ਕੁਮਾਰ ਨੂੰ ਬਚਾਅ ਕਾਰਜ ਕਰਵਾਉਣ ਲਈ ਆਖਿਆ ਗਿਆ ਸੀ। ਬਚਾਅ ਕਾਰਜਾਂ 'ਚ ਜ਼ਿਲ੍ਹਾ ਪੁਲਸ ਵੱਲੋਂ ਡੀ.ਐਸ.ਪੀ. ਨਵਾਂਸ਼ਹਿਰ ਕੈਲਾਸ਼ ਚੰਦਰ ਅਤੇ ਐੱਸ.ਐੱਚ.ਓ. ਔੜ ਹਰਪ੍ਰੀਤ ਸਿੰਘ ਅਤੇ ਐੱਸ.ਐਚ.ਓ. ਰਾਹੋਂ ਗੌਰਵ ਧੀਰ ਅਤੇ ਆਰਮੀ ਦੇ ਸਹਿਯੋਗ ਨਾਲ ਬਚਾਅ ਅਪਰੇਸ਼ਨ ਆਰੰਭਿਆ ਗਿਆ। 

ਡੀ.ਅੱੈਸ.ਪੀ. ਕੈਲਾਸ਼ ਚੰਦਰ ਅਨੁਸਾਰ ਭਾਵੇਂ ਕਿ ਉਕਤ ਚਰਵਾਹੇ ਨੂੰ ਸਮੇਂ ਸਿਰ ਬਾਹਰ ਆਉਣ ਲਈ ਸੁਨੇਹਾ ਦੇ ਦਿੱਤਾ ਗਿਆ ਸੀ ਪਰ ਉਸ ਵੱਲੋਂ ਸਮਾਨ ਅਤੇ ਪਸ਼ੂਆਂ ਨੂੰ ਕੱਢਣ 'ਚ ਕੀਤੀ ਦੇਰੀ ਕਾਰਨ ਉਹ ਖੁਦ, ਉਸ ਦੀਆਂ ਦੋ ਗਾਂਵਾਂ, ਦੋ ਵੱਛੀਆਂ ਅਤੇ 5 ਬੱਕਰੀਆਂ ਦਰਿਆ ਦੇ ਵਧੇ ਪਾਣੀ 'ਚ ਘਿਰ ਗਈਆਂ। ਜਦੋਂ ਉਸ ਨੂੰ ਇਕ ਹੋਰ ਵਿਅਕਤੀ ਬਚਾਉਣ ਗਿਆ ਤਾਂ ਉਹ ਵੀ ਪਾਣੀ ਜ਼ਿਆਦਾ ਹੋਣ ਕਾਰਨ ਉੱਥੇ ਹੀ ਫ਼ਸ ਗਿਆ। ਇਸ ਅਪਰੇਸ਼ਨ ਦੀ ਅਗਵਾਈ ਆਰਮੀ ਦੇ ਜਲੰਧਰ ਤੋਂ ਆਏ ਮੇਜਰ ਵੱਲੋਂ ਕੀਤੀ ਗਈ।

ਐੱਸ.ਐੱਸ.ਪੀ. ਅਲਕਾ ਮੀਨਾ ਨੇ ਜ਼ਿਲ੍ਹਾ ਪੁਲਸ ਅਤੇ ਆਰਮੀ ਵੱਲੋਂ ਬਚਾਅ ਕਾਰਜਾਂ ਦੌਰਾਨ ਦੋ ਵਿਅਕਤੀਆਂ ਅਤੇ 9 ਬੇਜ਼ੁਬਾਨਾਂ ਦੀਆਂ ਕੀਮਤੀ ਜਾਨਾਂ ਬਚਾਉਣ ਦੇ ਅਪਰੇਸ਼ਨ ਦੀ ਸ਼ਲਾਘਾ ਕੀਤੀ ਹੈ। ਐੱਸ.ਡੀ.ਐੱਮ. ਡਾ. ਵਿਨੀਤ ਕੁਮਾਰ ਅਨੁਸਾਰ ਜ਼ਿਲ੍ਹੇ 'ਚ ਆਰਮੀ ਪੁੱਜ ਗਈ ਹੈ ਅਤੇ ਉਨ੍ਹਾਂ ਵੱਲੋਂ ਆਰਮੀ ਨਾਲ ਸਤਲੁਜ ਬੰਨ੍ਹ ਦਾ ਦੌਰਾ ਕਰਕੇ ਉਨ੍ਹਾਂ ਨੂੰ ਪਾਣੀ ਅਤੇ ਬੰਨ੍ਹ ਦੀ ਸਥਿਤੀ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਆਰਮੀ ਦੀ ਅਗਵਾਈ ਕਰਨਲ ਥਾਪਾ ਕਰ ਰਹੇ ਹਨ।  ਇਸੇ ਦੌਰਾਨ ਦੁਪਹਿਰ ਤੋਂ ਬਾਅਦ ਰੋਪੜ ਹੈਡਵਰਕਸ ਤੋਂ ਸਤਲੁਜ 'ਚ ਛੱਡੇ ਜਾ ਰਹੇ ਪਾਣੀ ਦੇ ਪੱਧਰ 'ਚ ਲਗਾਤਾਰ ਗਿਰਾਵਟ ਆਉਣ ਨਾਲ ਕੁੱਝ ਕੁ ਰਾਹਤ ਜ਼ਰੂਰ ਮਿਲੀ ਹੈ। ਇਹ ਪਾਣੀ ਪਹਿਲਾਂ ਦੁਪਹਿਰ 12 ਵਜੇ 2.23 ਲੱਖ ਕਿਊਸਿਕ ਸੀ, ਜੋ ਬਾਅਦ 'ਚ 2 ਵਜੇ 1.92 ਲੱਖ 'ਤੇ ਪੁੱਜ ਗਿਆ ਤੇ ਸ਼ਾਮ 6 ਵਜੇ 1.63 ਲੱਖ 'ਤੇ ਆ ਗਿਆ ਸੀ।

ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ 'ਚ 30 ਰਾਹਤ ਕੇਂਦਰ ਕਾਇਮ ਕੀਤੇ ਗਏ ਹਨ। ਇਨ੍ਹਾਂ ਵਿਚ ਬੀ.ਡੀ.ਪੀ.ਓ. ਦਫ਼ਤਰ ਔੜ, ਪ੍ਰਾਇਮਰੀ ਹੈਲਥ ਸੈਂਟਰ ਔੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਔੜ, ਗੁਰਦੁਆਰ ਸਿੰਘ ਸਭਾ ਔੜ, ਧਰਮਸ਼ਾਲਾ ਔੜ, ਦੁਸਹਿਰਾ ਗਰਾਊਂਡ ਔੜ, ਸਰਕਾਰੀ ਹਾਈ ਸਕੂਲ ਬਜੀਦਪੁਰ, ਗੁਰਦੁਆਰਾ ਸਿੰਘ ਸਭਾ ਬਜੀਦਪੁਰ, ਨਾਮਧਾਰੀ ਗੁਰਦੁਆਰਾ ਬਜੀਦਪੁਰ, ਰਾਧਾ ਸੁਆਮੀ ਸਤਸੰਗ ਘਰ ਬਜੀਦਪੁਰ, ਸਰਕਾਰੀ ਪ੍ਰਾਇਮਰੀ ਸਕੂਲ ਬਜੀਦਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਰਟਾ ਕਲਾਂ, ਗੁਰਦੁਆਰਾ ਅਮਰ ਚਰਨ ਸਿੰਘ ਸਭਾ ਭਾਰਟਾ ਕਲਾਂ, ਗੁਰਦੁਆਰਾ ਸਿੰਘ ਸਭਾ ਭਾਰਟਾ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਰਾਹੋਂ, ਹੈਪੀ ਮਾਡਲ ਹਾਈ ਸਕੂਲ ਰਾਹੋਂ, ਦੁਸਹਿਰਾ ਗਰਾਊਂਡ ਰਾਹੋਂ, ਦਾਣਾ ਮੰਡੀ ਰਾਹੋਂ, ਸਰਕਾਰੀ ਐਲੀਮੈਂਟਰੀ ਸਕੂਲ ਮੁੱਹਲਾ ਪਹਾੜ ਸਿੰਘ, ਮਾਤਾ ਦਲੀਪ ਕੌਰ ਮਿਡਲ ਸਕੂਲ ਲੜਕੀਆਂ ਰਾਹੋਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਰਾਹੋਂ, ਧਰਮਸ਼ਾਲਾ ਤਰਸੇਮ ਭਗਤ ਮੁੱਹਲਾ ਸਰਾਫ਼ਾਂ, ਧਰਮਸ਼ਾਲਾ ਮਾਤਾ ਭਬਨੇਸ਼ਵਰੀ ਮੰਦਰ ਨੇੜੇ ਦਿੱਲੀ ਗੇਟ, ਸਰਕਾਰੀ ਪ੍ਰਾਇਮਰੀ ਸਕੂਲ ਜਲਵਾਹਾ, ਗੁਰਦੁਆਰਾ ਜਲਵਾਹਾ, ਪ੍ਰਾਇਮਰੀ  ਹੈਲਥ ਸੈਂਟਰ ਮੁਜੱਫਰਪੁਰ, ਸਰਕਾਰੀ ਮਿਡਲ ਸਕੂਲ ਮੁੱਜਫਰਪੁਰ, ਰਕਾਸਣ (ਪਸ਼ੂਆਂ ਵਾਸਤੇ), ਰੋਜਾ ਸਾਹਿਬ ਮੀਆਂ ਗੁਲਾਮ ਚਿਸ਼ਤੀਅ ਆਦਿ ਸ਼ਨਾਖਤ ਕੀਤੇ ਗਏ ਹਨ।


Karan Kumar

Content Editor

Related News