ਏ.ਡੀ.ਸੀ. ਨੇ ਫੂਡ ਸੇਫ਼ਟੀ ਐਕਟ ਦੀ ਉਲੰਘਣਾ ਕਰਨ ਵਾਲਿਆਂ ਨੂੰ 4.76 ਲੱਖ ਰੁ. ਕੀਤਾ ਜੁਰਮਾਨਾ

07/12/2019 1:33:01 AM

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)— ਫ਼ੂਡ ਸੇਫ਼ਟੀ ਐਕਟ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖਤੀ ਅਪਣਾਉਂਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਕਮ ਐਡਜੂਕੇਟਿੰਗ ਅਫ਼ਸਰ (ਫੂਡ ਸੇਫ਼ਟੀ) ਸ਼ਹੀਦ ਭਗਤ ਸਿੰਘ ਨਗਰ ਸ਼੍ਰੀਮਤੀ ਅਨੁਪਮ ਕਲੇਰ ਦੀ ਅਦਾਲਤ ਵੱਲੋਂ ਗੈਰ-ਮਿਆਰੀ, ਮਿਸ-ਬ੍ਰਾਂਡਿਡ, ਪਾਬੰਦੀਸ਼ੁਦਾ ਅਤੇ ਗੁੰਮਰਾਹਕੁੰਨ ਖਾਣ-ਪੀਣ ਦੀਆਂ ਵਸਤਾਂ ਵੇਚਣ ਦੇ ਦੋਸ਼ ਅਧੀਨ 20 ਕੇਸਾਂ ਵਿਚ 4,76,000 ਰੁਪਏ ਦੇ ਜੁਰਮਾਨੇ ਕੀਤੇ ਗਏ ਹਨ। ਸ਼੍ਰੀ ਮਨੋਜ ਖੋਸਲਾ ਸਹਾਇਕ ਕਮਿਸ਼ਨਰ ਫੂਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਜੁਰਮਾਨਿਆਂ ’ਚ ਇਕ ਪਾਬੰਦੀਸ਼ੁਦਾ ਤੰਬਾਕੂ ਦਾ ਨਿਰਮਾਣ ਕਰਨ ਵਾਲੀ ਕੰਪਨੀ ਨੂੰ 1 ਲੱਖ ਰੁਪਏ ਅਤੇ ਉਸ ਨੂੰ ਵੇਚਣ ਵਾਲੇ ਨੂੰ 60 ਹਜ਼ਾਰ ਦਾ ਜੁਰਮਾਨਾ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਫੂਡ ਸੇਫ਼ਟੀ ਟੀਮਾਂ ਜਿਨ੍ਹਾਂ ਵਿਚ ਸ਼੍ਰੀਮਤੀ ਰਾਖੀ ਵਿਨਾਇਕ ਅਤੇ ਸ਼੍ਰੀਮਤੀ ਸੰਗੀਤਾ ਸਹਿਦੇਵ, ਫੂਡ ਸੇਫਟੀ ਅਫ਼ਸਰ ਸ਼ਾਮਲ ਸਨ, ਵੱਲੋਂ ਵੱਖ-ਵੱਖ ਫਰਮਾਂ ਤੋਂ ਸੈਂਪਲ ਭਰਨ ਉਪਰੰਤ ਸੈਂਪਲ ਗੈਰ-ਮਿਆਰੀ, ਮਿਸ-ਬ੍ਰਾਂਡਿਡ, ਪਾਬੰਦੀਸ਼ੁਦਾ ਅਤੇ ਗੁੰਮਰਾਹਕੁੰਨ ਪਾਏ ਸਨ। ਉਨ੍ਹਾਂ ਕੇਸਾਂ ਦਾ ਫੈਸਲਾ ਸੁਣਾਉਂਦੇ ਹੋਏ ਅਦਾਲਤ ਵੱਲੋਂ ਉਲੰਘਣਾ ਕਰਨ ਵਾਲਿਆਂ ਨੂੰ ਉਕਤ ਜੁਰਮਾਨੇ ਕੀਤੇ ਗਏ ਹਨ। ਸਹਾਇਕ ਕਮਿਸ਼ਨਰ ਅਨੁਸਾਰ ਇਨ੍ਹਾਂ ’ਚ ਪ੍ਰਮੋਦ ਕੁਮਾਰ ਵਾਸੀ ਜਾਡਲਾ ਨੂੰ ਪਾਬੰਦੀਸ਼ੁਦਾ ਐੱਸ.ਐੱਸ.-1 ਤੰਬਾਕੂ, ਪਾਬੰਦੀਸ਼ੁਦਾ ਐੱਮ-1 ਚਿੰਗਮ ਤੰਬਾਕੂ ਅਤੇ ਪਾਬੰਦੀਸ਼ੁਦਾ ਜ਼ਰਦਾ ਵੇਚਣ ਦੇ ਦੋਸ਼ ਅਧੀਨ 60,000/- ਰੁਪਏ ਅਤੇ ਪਾਬੰਦੀਸ਼ੁਦਾ ਐੱਸ.ਐੱਸ.-1 ਤੰਬਾਕੂ ਦੀ ਨਿਰਮਾਤਾ ਕੰਪਨੀ ਮੈਸਰਜ਼ ਤ੍ਰਿਮੂਰਤੀ ਫਰੈਗਰੈਂਸਸ ਨਵੀਂ ਦਿੱਲੀ ਨੂੰ 1,00,000/- ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਸੇ ਤਰ੍ਹਾਂ ਸਤਰੰਗਾ ਪਿਕਲ ਪ੍ਰੋਡਕਟਸ ਰਾਜਪੁਰਾ ਨੂੰ ਮਿਸ-ਬ੍ਰਾਂਡਿਡ ਅਤੇ ਗੈਰ-ਮਿਆਰੀ ਸਿਰਕਾ ਤਿਆਰ ਕਰਨ ਦੇ ਦੋਸ਼ ਅਧੀਨ 25,000/-ਰੁਪਏ ਅਤੇ ਇਹ ਸਿਰਕਾ ਵਰਤਣ ਦੇ ਦੋਸ਼ ਅਧੀਨ ਸਿਧਾਰਥ ਢਾਬਾ ਮਾਛੀਵਾਡ਼ਾ ਰੋਡ ਰਾਹੋਂ ਨੂੰ 5,000/- ਰੁਪਏ, ਕਪੂਰ ਇੰਡਸਟ੍ਰੀਜ਼ ਫਤਿਹਗਡ਼੍ਹ ਸਾਹਿਬ ਨੂੰ ਗੈਰ-ਮਿਆਰੀ, ਮਿਸ-ਬ੍ਰਾਂਡਿਡ ਅਤੇ ਗੁੰਮਰਾਹਕੁੰਨ ਸਰ੍ਹੋਂ ਦਾ ਤੇਲ ਤਿਆਰ ਕਰਨ ਦੇ ਦੋਸ਼ ਅਧੀਨ 25,000/-ਰੁਪਏ ਅਤੇ ਇਹ ਤੇਲ ਵੇਚਣ ਵਾਲੇ ਦੁਕਾਨਦਾਰ ਇੰਦਰਾਵਤੀ ਸਟੋਰ ਆਸਰੋਂ ਨੂੰ 5000/-ਰੁਪਏ, ਮੈਸਰਜ਼ ਕਾਸ਼ੀ ਰਾਮ ਅਸ਼ੋਕ ਕੁਮਾਰ ਬਲਾਚੌਰ ਨੂੰ ਗੈਰ-ਮਿਆਰੀ ਆਟਾ ਸਪਲਾਈ ਕਰਨ ਦੇ ਦੋਸ਼ ਅਧੀਨ 25,000/-ਰੁਪਏ ਅਤੇ ਇਹ ਆਟਾ ਵਰਤਣ ਵਾਲੀ ਜਨਤਾ ਬੇਕਰੀ ਬਲਾਚੌਰ ਨੂੰ 15,000/- ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।

        ਇਨ੍ਹਾਂ ਤੋਂ ਇਲਾਵਾ ਖਟਾਣਾ ਮਿਲਕ ਪਲਾਂਟ ਸ੍ਰੀ ਫਤਿਹਗਡ਼੍ਹ ਸਾਹਿਬ ਨੂੰ ਗੈਰ-ਮਿਆਰੀ ਪਨੀਰ ਤਿਆਰ ਕਰਨ ਦੇ ਦੋਸ਼ ਅਧੀਨ 15,000/-ਰੁਪਏ ਅਤੇ ਸਪਲਾਈ ਕਰਨ ਵਾਲੇ ਕਮਲੇਸ਼ ਕੁਮਾਰ ਨੂੰ 10,000/- ਰੁਪਏ, ਐੱਸ.ਆਰ. ਫਰੂਟ ਪ੍ਰੋਡਕਟਸ ਰਾਜਪੁਰਾ ਨੂੰ ਗੈਰ-ਮਿਆਰੀ ਅਤੇ ਮਿਸ-ਬ੍ਰਾਂਡਿਡ ਸ਼ਰਬਤ ਤਿਆਰ ਕਰਨ ਦੇ ਦੋਸ਼ ਅਧੀਨ 25,000/-ਰੁਪਏ ਅਤੇ ਦੁਕਾਨਦਾਰ ਹਰਮੇਸ਼ ਲਾਲ ਨੰਗਲ ਸ਼ਾਂਗਾ ਨੂੰ 10,000/-ਰੁਪਏ, ਜਸਵਿੰਦਰ ਪਾਲ ਨੰਗਲ ਸ਼ਾਂਗਾ ਨੂੰ ਗੈਰ-ਮਿਆਰੀ ਅਤੇ ਮਿਸ-ਬ੍ਰਾਂਡਿਡ ਸਰ੍ਹੋਂ ਦਾ ਤੇਲ ਵੇਚਣ ਦੇ ਦੋਸ਼ ਅਧੀਨ 20,000/-ਰੁਪਏ, ਕਮਲ ਮਿਲਕ ਫੂਡ ਪ੍ਰੋਡਕਟਸ ਇੰਡਸਟਰੀਅਲ ਏਰੀਆ ਚੰਡੀਗਡ਼੍ਹ ਨੂੰ ਮਿਸ-ਬ੍ਰਾਂਡਿਡ ਆਈਸਕ੍ਰੀਮ ਤਿਆਰ/ਵੇਚਣ ਦੇ ਦੋਸ਼ ਅਧੀਨ 10,000/-ਰੁਪਏ, ਰਜਤ ਇੰਟਰਪ੍ਰਾਈਜ਼ਿਜ਼ ਹਿਸਾਰ ਨੂੰ ਗੈਰ-ਮਿਆਰੀ ਪ੍ਰਿੰਸ ਲਾਈਟ ਬ੍ਰਾਂਡ ਦੇਸੀ ਘਿਉ ਤਿਆਰ ਕਰਨ ਦੇ ਦੋਸ਼ ਅਧੀਨ 50,000/-ਰੁਪਏ ਅਤੇ ਦੁਕਾਨਦਾਰ ਮੈਸਰਜ਼ ਦੌਲਤ ਕੁਮਾਰ ਕਿਸ਼ੋਰ ਕੁਮਾਰ ਰਾਹੋਂ ਨੂੰ 10,000/-ਰੁਪਏ, ਸ਼ਿਵਾਨੀ ਸਵੀਟ ਹਾਊਸ ਦਸੂਹਾ ਨੂੰ ਮਿਸ-ਬ੍ਰਾਂਡਿਡ ਬ੍ਰੈੱਡ ਟੋਸਟ ਤਿਆਰ ਕਰਨ/ਵੇਚਣ ਦੇ ਦੋਸ਼ ਅਧੀਨ 15,000/-ਰੁਪਏ ਦਾ ਜੁਰਮਾਨਾ ਕੀਤਾ ਗਿਆ।

        ਉਪਰੋਕਤ ਤੋਂ ਇਲਾਵਾ ਅੰਬੇ ਰੋਲਰ ਫਲੋਰ ਮਿੱਲ ਸਮਰਾਲਾ ਰੋਡ ਖੰਨਾ ਨੂੰ ਮਿਸ-ਬ੍ਰਾਂਡਿਡ ਆਟਾ ਤਿਆਰ ਕਰਨ/ਵੇਚਣ ਦੇ ਦੋਸ਼ ਅਧੀਨ 20,000/-ਰੁਪਏ, ਸੁਪਰ ਮਾਰਕੀਟ ਸਲੋਹ ਰੋਡ ਨਵਾਂਸ਼ਹਿਰ ਨੂੰ ਮਿਸ-ਬ੍ਰਾਂਡਿਡ ਰਿਓਡ਼ੀ ਵੇਚਣ ਦੇ ਦੋਸ਼ ਅਧੀਨ 5000/-ਰੁਪਏ, ਹਰਦੀਪ ਸਿੰਘ ਪਾਬਲਾ ਗਡ਼੍ਹਸ਼ੰਕਰ ਰੋਡ ਨਵਾਂਸ਼ਹਿਰ ਨੂੰ ਗੈਰ-ਮਿਆਰੀ ਸੌਸ ਵਰਤਣ ਦੇ ਦੋਸ਼ ਅਧੀਨ 5,000/- ਰੁਪਏ, ਸ਼੍ਰੀ ਬਜਰੰਗ ਫੂਡਜ਼ ਖੰਨਾ ਨੂੰ ਮਿਸ-ਬ੍ਰਾਂਡਿਡ ਬਿਸਕੁਟ ਤਿਆਰ ਕਰਨ/ਵੇਚਣ ਦੇ ਦੋਸ਼ ਅਧੀਨ 5000/-ਰੁਪਏ, ਰੇਸ਼ਮ ਸਵੀਟ ਸ਼ਾਪ ਸਾਹਲੋਂ ਨੂੰ ਗੈਰ-ਮਿਆਰੀ ਦੱੁਧ ਵੇਚਣ ਦੇ ਦੋਸ਼ ਅਧੀਨ 10,000/-ਰੁਪਏ, ਬਣਵੈਤ ਸਵੀਟ ਨੌਰਾ ਨੂੰ ਗੈਰ-ਮਿਆਰੀ ਖੋਇਆ ਬਰਫੀ ਵੇਚਣ ਦੇ ਦੋਸ਼ ਅਧੀਨ 2000/-ਰੁਪਏ, ਹਰਨੇਕ ਸਿੰਘ ਬੂਥਗਡ਼੍ਹ ਨੂੰ ਮਿਸ-ਬ੍ਰਾਂਡਿਡ ਆਚਾਰ ਲਈ 2000/-ਰੁਪਏ ਅਤੇ ਬਿੱਟੂ ਦੀ ਹੱਟੀ ਸਡ਼ੋਆ ਨੂੰ ਮਿਸ-ਬ੍ਰਾਂਡਿਡ ਬਿਸਕੁਟ ਵੇਚਣ ਦੇ ਦੋਸ਼ ਅਧੀਨ 2,000/-ਰੁਪਏ ਜੁਰਮਾਨਾ ਕੀਤਾ ਗਿਆ।


Bharat Thapa

Content Editor

Related News