ਆਮ ਆਦਮੀ ਕਲੀਨਿਕ ਸੰਬਧੀ ਹੁਸ਼ਿਆਰਪੁਰ ਵਿਖੇ ਨੋਡਲ ਅਫ਼ਸਰਾਂ ਦੀ ਹੋਈ ਵਿਸ਼ੇਸ਼ ਬੈਠਕ

08/12/2022 5:30:02 PM

ਹੁਸ਼ਿਆਰਪੁਰ (ਘੁੰਮਣ)- ਆਜ਼ਾਦੀ ਦਿਵਸ ਮੌਕੇ ਸਿਹਤ ਮਹਿਕਮਾ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਬਣਾਈਆਂ ਗਈਆਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੀਆਂ ਜਾ ਰਹੀਆਂ ਹਨ। ਇਸੇ ਸਬੰਧੀ ਅੱਜ ਸਿਵਲ ਸਰਜਨ ਹੁਸ਼ਿਆਰਪੁਰ ਡਾ.ਅਮਰਜੀਤ ਸਿੰਘ ਨੇ ਆਮ ਆਦਮੀ ਕਲੀਨਿਕ ਦੇ ਨੋਡਲ ਅਫ਼ਸਰਾਂ ਨਾਲ ਵਿਸ਼ੇਸ਼ ਬੈਠਕ ਕੀਤੀ, ਜਿਸ ਵਿੱਚ ਤਿਆਰੀਆਂ ਅਤੇ ਸਟਾਫ਼ ਸਬੰਧੀ ਗੱਲਬਾਤ ਕੀਤੀ ਗਈ।

ਡਾ. ਅਮਰਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ 08 ਆਮ ਆਦਮੀ ਕਲੀਨਿਕ (ਹੁਸ਼ਿਆਰਪੁਰ 04 ਰੇਲਵੇ ਰੋਡ ਦਫਤਰ ਫਾਇਰ ਬ੍ਰਿਗੇਡ, ਹਰਿਆਣਾ ਰੋਡ ਨਲੋਈਆਂ ਚੌਕ, ਦਫ਼ਤਰ ਡਰੇਨਜ਼ ਵਿਭਾਗ, ਐਲੀਮੈਂਟਰੀ ਸਕੂਲ ਬਹਾਦਰਪੁਰ ਦੇ ਸਾਹਮਣੇ ਦਫ਼ਤਰ ਨਗਰ ਨਿਗਮ, ਟਾਂਡਾਂ 01 ਅਹੀਆਪੁਰ), ਮੁਕੇਰੀਆਂ 02 (ਸ਼ਰਕੋਵਾਲ ਅਤੇ ਕਲੋਤਾ) ਅਤੇ ਗੜਸ਼ੰਕਰ 01 ਬਸਿਆਲਾ) ਬਣਾਏ ਗਏ ਹਨ ਜੋ ਕਿ ਪੂਰੀ ਤਰ੍ਹਾਂ ਨਾਲ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਤਿਆਰ ਹਨ।

ਇਹ ਵੀ ਪੜ੍ਹੋ:CM ਮਾਨ ਦਾ ਰੱਖੜ ਪੁੰਨਿਆ ਮੌਕੇ ਔਰਤਾਂ ਨੂੰ ਵੱਡਾ ਤੋਹਫ਼ਾ, ਆਂਗਨਵਾੜੀ ’ਚ 6 ਹਜ਼ਾਰ ਭਰਤੀਆਂ ਦਾ ਕੀਤਾ ਐਲਾਨ

ਇਨਾਂ ਲਈ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਦੀ ਨਿਯੁਕਤੀ ਕੀਤੀ ਜਾ ਚੁੱਕੀ ਹੈ ਅਤੇ ਸਾਰਾ ਸਾਜੋ ਅਤੇ ਦਵਾਈਆਂ ਵੀ ਪਹੁੰਚ ਚੁੱਕੀਆਂ ਹਨ। ਆਮ ਆਦਮੀ ਕਲੀਨਿਕ ਵਿਖੇ ਓ. ਪੀ. ਡੀ. ਸੇਵਾਵਾਂ,ਟੀਕਾਕਰਨ ਸੇਵਾਵਾਂ, ਲੈਬ ਟੈਸਟ, ਜੱਚਾ-ਬੱਚਾ ਸੇਵਾਵਾਂ, ਪਰਿਵਾਰ ਨਿਯੋਜਨ ਸੇਵਾਵਾਂ ਅਤੇ ਮੁਫ਼ਤ ਦਵਾਈਆਂ ਵੀ ਉਪਲੱਬਧ ਹੋਣਗੀਆਂ। ਇਨ੍ਹਾਂ ਕਲੀਨਿਕਾਂ ਦਾ ਸਮਾਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 8:00 ਵਜੇ ਤੋਂ ਦੁਪਹਿਰ 2:00 ਵਜੇ ਤੱਕ (ਗਰਮੀਆਂ) ਅਤੇ ਸਰਦੀਆਂ ਵਿੱਚ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਹੋਵੇਗਾ। ਉਨ੍ਹਾਂ ਕਿਹਾ ਕਿ ਸਿਹਤ ਮਹਿਕਮਾ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਸਿਹਤ ਪ੍ਰਤੀ ਚੁੱਕਿਆ ਇਹ ਕਦਮ ਬਹੁਤ ਹੀ ਅਹਿਮ ਹੈ, ਜਿਸ ਨਾਲ ਮੁੱਢਲੀਆਂ ਸਿਹਤ ਸਹੂਲਤਾਂ ਆਮ ਲੋਕਾਂ ਤੱਕ ਆਸਾਨੀ ਨਾਲ ਉਪਲੱਬਧ ਹੋ ਜਾਣਗੀਆਂ।

ਇਹ ਵੀ ਪੜ੍ਹੋ: ਜਲੰਧਰ: ਰੱਖੜੀ ਦੇ ਤਿਉਹਾਰ ਮੌਕੇ ਉਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ 8 ਸਾਲਾ ਬੱਚੇ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News